ਮਿਨਰਵਾ ਨੇ ਤਿੰਨ ਜਿੱਤਾਂ ਨਾਲ ਕਟਾਇਆ ਸੈਮੀਫਾਈਨਲ ਦਾ ਟਿਕਟ
ਚੰਡੀਗੜ੍ਹ: 3 ਅਪ੍ਰੈਲ, ਸੁਖਵਿੰਦਰਜੀਤ ਸਿੰਘ ਮਨੌਲੀ
ਬੋਰਡੋਲੋਈ ਫੁਟਬਾਲ ਕੱਪ ’ਚ ਮਿਨਰਵਾ ਐਫਸੀ ਦੀ ਟੀਮ ਨੇ ਜਿੱਤਾ ਦਾ ਸਿਲਸਿਲਾ ਜਾਰੀ ਰੱਖਦਿਆਂ ਜਿੱਥੇ ਡੇਮਾਲੂ ਐਫਸੀ ਦੀ ਟੀਮ ਇਕ ਫਸਵੇਂ ਤੇ ਦਿਲਚਸਪ ਮੈਚ ’ਚ 1-0 ਨਾਲ ਹਰਾਉਣ ’ਚ ਸਫਲਤਾ ਹਾਸਲ ਕੀਤੀ ਹੈ ਉੱਥੇ ਗਰੁੱਪ-ਬੀ ’ਚ ਪੰਜਾਬ ਦੀ ਟੀਮ ਵਲੋਂ ਲਗਾਤਾਰ ਤਿੰਨ ਜਿੱਤਾਂ ਨਾਲ ਸੈਮੀਫਾਈਨਲ ਖੇਡਣ ਲਈ ਉਡਾਣ ਵੀ ਭਰ ਲਈ ਗਈ ਹੈ। ਇਸ ਪੂਲ ’ਚ ਪਹਿਲਾਂ ਖੇਡੇ ਗਏ ਦੋ ਮੈਚਾਂ ’ਚ ਮਿਨਰਵਾ ਐਫਸੀ ਦੇ ਫੁਟਬਾਲਰਾਂ ਨੇ ਅਸਾਮ ਪੁਲੀਸ ਫੁਟਬਾਲ ਕਲੱਬ ਅਤੇ ਅਸਾਮ ਰਾਈਫਲਜ਼ ਐਫਸੀ ਦੀਆਂ ਫੁਟਬਾਲ ਟੀਮਾਂ ਨੂੰ ਹਾਰ ਦਾ ਰਸਤਾ ਵਿਖਾ ਚੁੱਕੇ ਹਨ। ਇਨ੍ਹਾਂ ਦੋ ਜਿੱਤਾਂ ਨਾਲ ਮਿਨਰਵਾ ਐਫਸੀ ਦੀ ਟੀਮ ਅਗਲਾ ਗੇੜ ਭਾਵ ਸੈਮੀਫਾਈਨਨ ਖੇਡਣ ਲਈ ਕੁਆਲੀਫਾਈ ਕਰ ਚੁੱਕੀ ਹੈ।
ਇਸ ਟੂਰਨਾਮੈਂਟ ਦੇ ਤੀਜੇ ਲੀਗ ਮੁਕਾਬਲੇ ’ਚ ਮਿਨਰਵਾ ਐਫਸੀ ਨੇ ਡੇਮਾਲੂ ਐਫਸੀ ’ਤੇ 1-0 ਗੋਲ ਅੰਤਰ ਦੀ ਜਿੱਤ ਹਾਸਲ ਕੀਤੀ ਹੈ। ਮਿਨਰਵਾ ਐਫਸੀ ਦੇ ਸਟਰਾਈਕਰਾਂ ਨੇ ਮੈਚ ਦੇ ਸ਼ੁਰੂਆਤ ਦੌਰ ਤੋਂ ਹੀ ਵਿਰੋਧੀ ਟੀਮ ’ਤੇ ਆਪਣਾ ਦਬਦਬਾ ਬਣਾਈ ਰੱਖਣ ਦੀ ਨੀਤੀ ’ਤੇ ਪਹਿਰਾ ਦੇਣ ਸਦਕਾ ਇਸ ਫਸਵੇਂ ਮੈਚ ’ਚ ਫਤਹਿ ਹਾਸਲ ਕੀਤੀ ਹੈ। ਟੀਮ ਦੇ ਤੂਫਾਨੀ ਫਾਰਵਰਡ ਲਾਈਵਾਂਗ ਵਲੋਂ 8ਵੇਂ ਮਿੰਟ ’ਚ ਗੋਲ ਕਰਨ ਦਾ ਮੌਕਾ ਬਣਾਇਆ ਗਿਆ। ਲਾਈਵਾਂਗ ਵਲੋਂ ਇਹ ਕਰਾਸ ਪਾਸ ਟੀਮ ਕਪਤਾਨ ਯਾਮਾਜਾਕੀ ਕਾਸੁਕੇ ਨੂੰ ਦਿੱਤਾ ਗਿਆ। ਕਪਤਾਨ ਵਲੋਂ ਬਾਲ ਨੂੰ ਗੋਲ ਬਾਕਸ ’ਚ ਕਿੱਕ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਇਸ ਦੌਰਾਨ ਵਿਰੋਧੀ ਡਿਫੈਂਡਰ ਵਲੋਂ ਬਾਲ ਨੂੰ ਬਲਾਕ ਕਰਕੇ ਹਾਫ ਲਾਈਨ ’ਤੇ ਸੁੱਟ ਦਿੱਤਾ ਗਿਆ। ਇਸ ਤੋਂ ਬਾਅਦ ਡੇਮਾਲੂ ਐਫਸੀ ਦੇ ਖਿਡਾਰੀਆਂ ਨੇ ਗੋਲ ਕਰਨ ਕਈ ਮੂਵ ਬਣਾਏ ਪਰ ਮਿਨਰਵਾ ਨੇ ਗੋਲਕੀਪਰ ਅਨੁਜ ਵਲੋਂ ਹਰ ਵਾਰ ਸ਼ਾਨਦਾਰ ਸੇਵ ਕੀਤੇ ਗਏ। ਡੇਮਾਲੂ ਐਫਸੀ ਨੂੰ 14ਵੇਂ ਮਿੰਟ ਵਿਰੋਧੀ ਜਪਾਨੀ ਖਿਡਾਰੀ ਕਾਸੁਕੇ ਯਾਮਾਜਾਕੀ ਵਲੋਂ ਧੱਕਾ ਮਾਰਨ ਸਦਕਾ ’ਚ ਫਰੀ ਕਿੱਕ ਵੀ ਮਿਲੀ ਪਰ ਟੀਮ ਗੋਲ ਨਾ ਕਰ ਸਕੀ। ਇਸ ਤਰ੍ਹਾਂ ਪਹਿਲੇ ਹਾਫ ’ਚ ਦੋਵੇਂ ਟੀਮਾਂ ਗੋਲ ਸਕੋਰ ਕਰਨ ’ਚ ਨਾਕਾਮ ਰਹੀਆਂ, ਜਿਸ ਕਰਕੇ ਇਹ ਹਾਫ 0-0 ਨਾਲ ਸਮਾਪਤ ਹੋਇਆ।
ਦੂਜੇ ਹਾਫ ’ਚ ਜੇਤੂ ਟੀਮ ਦੇ ਖਿਡਾਰੀਆਂ ਦੀ ਗੇਮ ਤੋਂ ਲੱਗ ਰਿਹਾ ਕਿ ਉਹ ਜੇਤੂ ਤੇਬਰਾਂ ਨਾਲ ਮੈਦਾਨ ’ਚ ਨਿੱਤਰੇ ਹਨ। ਵਿਰੋਧੀ ਹਾਫ ’ਚ ਚੜ੍ਹ ਕੇ ਖੇਡਣ ਨਾਲ ਮਿਨਰਵਾ ਦੇ ਖਿਡਾਰੀਆਂ ਦੇ ਹੌਸਲੇ ਪੂਰੀ ਤਰ੍ਹਾਂ ਬੁਲੰਦੀ ’ਤੇ ਪਹੁੰਚੇ ਹੋਏ ਸਨ। ਇਸ ਦੌਰਾਨ ਮਿਨਰਵਾ ਨੂੰ 78ਵੇਂ ਮਿੰਟ ’ਚ ਇਕ ਅਣਕਿਆਸੀ ਫਰੀ ਕਿੱਕ ਹਾਸਲ ਹੋਈ, ਜਿਸ ’ਤੇ ਮਿਨਰਵਾ ਵਲੋਂ ਖਾਤਾ ਖੋਲ੍ਹਿਆ ਗਿਆ। ਇਸ ਗੋਲ ਤੋਂ ਪਹਿਲਾਂ ਡੇਮਾਲੂ ਦੇ ਗੋਲਕੀਪਰ ਤੇ ਡਿਫੈਂਡਰ ਬਾਲ ਦੀ ਦਿਸ਼ਾ ਨੂੰ ਸਮਝਣ ’ਚ ਇਸ ਤਰ੍ਹਾਂ ਚੂਕ ਗਏ ਕਿ ਮਿਨਰਵਾ ਦੇ ਸਟਰਾਈਕਰ ਕ੍ਰਿਸ਼ਨ ਪੰਡਿਤ ਵਲੋਂ ਮੌਕੇ ਦਾ ਫਾਇਦਾ ਲੈਂਦਿਆਂ ਬਾਲ ਨੂੰ ਗੋਲ ਬਾਕਸ ’ਚ ਕਿੱਕ ਕਰਕੇ ਟੀਮ ਨੂੰ 1-0 ਗੋਲ ਨਾਲ ਲੀਡ ’ਤੇ ਕਰ ਦਿੱਤਾ ਗਿਆ। ਕ੍ਰਿਸ਼ਨ ਪੰਡਿਤ ਵਲੋਂ ਕੀਤਾ ਗਿਆ ਇਕੋ-ਇਕ ਗੋਲ ਨਾਲ ਮਿਨਰਵਾ ਐਫਸੀ ਦੀ ਟੀਮ ਨੇ ਜਿੱਥੇ ਸੈਮੀਫਾਈਨਲ ਖੇਡਣ ਦੇ ਦਰ ’ਤੇ ਦਸਤਕ ਦਿੱਤੀ ਗਈ ਉੱਥੇ ਟੀਮ ਨੇ ਇਸ ਟੂਰਨਾਮੈਂਟ ’ਚ ਵੱਡੇ ਮੁਕਾਬਲੇ ਖੇਡਣ ਦੇ ਬਾਵਜੂਦ ਸੌ-ਫੀਸਦੀ ਜੇਤੂ ਰਿਕਾਰਡ ਵੀ ਬਣਾਇਆ ਹੈ। ਮਿਨਰਵਾ ਐਫਸੀ ਦੀ ਟੀਮ ਵਲੋਂ ਇਸ ਮੁਕਾਬਲੇ ’ਚ ਖੇਡੇ ਗਏ ਤਿੰਨ ਮੈਚਾਂ ’ਚ ਵਿਰੋਧੀ ਟੀਮਾਂ ’ਤੇ ਪੰਜ ਗੋਲ ਸਕੋਰ ਕੀਤੇ ਜਦਕਿ ਟੀਮ ਸਿਰ ਕੇਵਲ ਇਕ ਹੀ ਗੋਲ ਸਕੋਰ ਹੋਇਆ।
ਭਾਰਤ ਰਤਨ ਸ੍ਰੀ ਗੋਪੀ ਨਾਥ ਦੇ ਨਾਮ ’ਤੇ ਖੇਡੇ ਜਾਂਦੇ ਬੋਰਡੋਲੋਈ ਫੁਟਬਾਲ ਕੱਪ ਦਾ 68ਵਾਂ ਸੀਜ਼ਨਲ ਮੁਕਾਬਲਾ ਖੇਡਿਆ ਜਾ ਰਿਹਾ ਹੈ। ਮੋਹਨ ਬਾਗਾਨ ਐਫਸੀ ਤੇ ਈਸਟ ਬੰਗਾਲ ਐਫਸੀ ਦੀਆਂ ਪ੍ਰਸਿੱਧ ਫੁਟਬਾਲ ਟੀਮਾਂ ਇਹ ਮੁਕਾਬਲੇ ਨੂੰ ਖੇਡਣ ਸਦਕਾ ਇਸ ਦੇ ਮੈਦਾਨ ਦੀਆਂ ਗਵਾਹ ਬਣ ਚੁੱਕੀਆਂ ਹਨ। ਇਸ ਤੋਂ ਇਲਾਵਾ ਇਹ ਮੁਕਾਬਲਾ ਖੇਡਣ ਵਾਲੀਆਂ ਟੀਮਾਂ ਦੀ ਇਕ ਵੱਡੀ ਲਾਈਨਅੱਪ ਹੈ, ਜਿਸ ’ਚ ਇੰਡੀਅਨ ਸੁਪਰ ਲੀਗ (ਆਈਐਸਐਲ) ਖੇਡਣ ਵਾਲੀਆਂ ਨਾਰਥ-ਈਸਟ ਯੂਨਾਈਟਿਡ, ਆਈ-ਲੀਗ ਚੈਂਪੀਅਨ ਸ਼ਿਲਾਂਗ ਲਾਜੋਂਗ ਤੇ ਡੁਰੰਡ ਕੱਪ ਚੈਂਪੀਅਨ ਅਸਾਮ ਰਾਈਫਲਜ਼ ਐਫਸੀ ਦੀਆਂ ਸੌਕਰ ਟੀਮਾਂ ਸ਼ਾਮਲ ਹਨ।