ਚੰਡੀਗੜ੍ਹ: 3 ਅਪ੍ਰੈਲ, ਸੁਖਵਿੰਦਰਜੀਤ ਸਿੰਘ ਮਨੌਲੀ
ਬੋਰਡੋਲੋਈ ਫੁਟਬਾਲ ਕੱਪ ’ਚ ਮਿਨਰਵਾ ਡੀਐਫਸੀ ਦੀ ਟੀਮ ਨੇ ਗਰੁੱਪ-ਬੀ ਦੀਆਂ ਤਿੰਨ ਧੜੱਲੇਦਾਰ ਜਿੱਤਾਂ ਦੇ ਸਿਲਸਿਲਾ ਤੋਂ ਬਾਅਦ ਸੈਮੀਫਾਈਨਲ ’ਚ ਚਿਰਾਂਗ ਦੁਆਰ ਐਫਸੀ ਦੀ ਟੀਮ ’ਤੇ ਇਕਪਾਸੜ ਗੇਮ ’ਚ 4-0 ਗੋਲ ਅੰਤਰ ਹਿੱਕ ਥਾਪੜਵੀਂ ਜਿੱਤ ਨਾਲ ਫਾਈਨਲ ਖੇਡਣ ਦੀ ਟਿਕਟ ਕਟਾ ਲਈ ਹੈ। ਪਹਿਲੇ ਹਾਫ ’ਚ ਮਿਨਰਵਾ ਡੀਐਫਸੀ ਦੀ ਟੀਮ ਪੂਲ-ਏ ਦੀ ਸੈਮੀਫਾਈਨਲ ’ਚ ਪਹੁੰਚੀ ਚਿਰਾਂਗ ਦੁਆਰ ਐਫਸੀ ਤੋਂ 1-0 ਗੋਲ ਨਾਲ ਅੱਗੇ ਸੀ ਜਦਕਿ ਜੇਤੂ ਟੀਮ ਵਲੋਂ ਸੈਕਿੰਡ ਹਾਫ ’ਚ 3 ਗੋਲ ਹੋਰ ਦਾਗ ਮੁਕਾਬਲੇ ਨੂੰ ਇਕਪਾਸੜ ਹੀ ਕਰ ਦਿੱਤਾ ਗਿਆ। ਹੁਣ ਖਿਤਾਬੀ ਜਿੱਤ ਤੋਂ ਇਕ ਕਦਮ ਦੂਰ ਮਿਨਰਵਾ ਡੀਐਫਸੀ ਟੂਰਨਾਮੈਂਟ ਦੀ ਦੂਜੀ ਸੈਮੀਫਾਈਨਲ ਜੇਤੂ ਟੀਮ ਨਾਲ ਫਾਈਨਲ ’ਚ ਭਿੜੇਗੀ। ਚਿਰਾਂਗ ਦੁਆਰ ਦੀ ਫੁਟਬਾਲ ਟੀਮ ਦੀ ਲਾਈਨਅੱਪ ’ਚ ਦੋ ਵਿਦੇਸ਼ੀ ਫੁਟਬਾਲਰ ਵੀ ਸ਼ਾਮਲ ਸਨ। ਸਟੇਟ ਫੁਟਸਲ ਚੈਂਪੀਅਨਸ਼ਿਪ ’ਚ ਚੈਂਪੀਅਨ ਰਹੀ ਚਿਰਾਂਗ ਦੁਆਰ ਦੀ ਟੀਮ ਨੇ ਗਰੁਪ-ਏ ’ਚ ਸ਼ਿਲਾਂਗ ਲਾਜੋਂਗ ਤੇ ਆਈਐਸਐਲ ਨਾਰਥ-ਈਸਟ ਯੂਨਾਈਟਿਡ ਐਫਸੀ ਨੂੰ ਹਰਾ ਕੇ ਸੈਮੀਫਾਈਨਲ ਖੇਡਣ ਦੇ ਦਰ ’ਤੇ ਦਸਤਕ ਦਿੱਤੀ ਸੀ।
ਮਿਨਰਵਾ ਡੀਐਫਸੀ ਦੀ ਟੀਮ ਵਲੋਂ ਚਿਰਾਂਗ ਦੁਆਰ ਐਫਸੀ ਨਾਲ ਖੇਡੇ ਗਏ ਇਕਪਾਸੜ ਸੈਮੀਫਾਈਨਲ ਮੁਕਾਬਲੇ ’ਚ ਜੇਤੂ ਟੀਮ ਦੇ ਹਿੱਸੇ ਪਹਿਲਾ ਗੋਲ 39ਵੇਂ ਮਿੰਟ ’ਚ ਆਇਆ। ਇਸ ਗੋਲ ’ਚ ਮਿਨਰਵਾ ਦੇ ਜਪਾਨੀ ਪਲੇਅਰ ਕੋਸੁਕਾ ਯਾਮਾਜੁਕੀ ਵਲੋਂ ਖੱਬੇ ਪਾਸਿਓਂ ਆਪਣੇ ਸਟਰਾਈਕਰ �ਿਸ਼ਨ ਪੰਡਿਤ ਨੂੰ ਕਰਾਸ ਪਾਸ ਦਿੱਤਾ ਗਿਆ। ਇਸ ਪਾਸ ਨੂੰ ਫੁੱਟ ’ਤੇ ਲੈਂਦੇ ਹੋਏ �ਿਸ਼ਨ ਪੰਡਿਤ ਵਲੋਂ ਦੋ ਵਿਰੋਧੀ ਡਿਫੈਂਡਰਾਂ ਅਤੇ ਗੋਲਚੀ ਨੂੰ ਝਕਾਨੀ ਦੇਂਦੇ ਹੋਏ ਇਕ ਤੰਗ ਐਂਗਲ ਤੋਂ ਬਾਲ ਨੂੰ ਨੈਟ ’ਚ ਕਿੱਕ ਕਰਕੇ ਟੀਮ ਲਈ ਪਹਿਲਾ ਗੋਲ ਸਕੋਰ ਗਿਆ। ਇਕ ਗੋਲ ਤੋਂ ਪਛੜਨ ਤੋਂ ਬਾਅਦ ਚਿਰਾਂਗ ਦੁਆਰ ਵਲੋਂ ਗੋਲ ਕਰਨ ਦੇ ਕਈ ਮੂਵ ਬਣਾਏ ਗਏ ਪਰ ਮਿਨਰਵਾ ਦੇ ਡਿਫੈਂਡਰਾਂ ਤੇ ਗੋਲਕੀਪਰ ਨੇ ਵਿਰੋਧੀ ਫਾਰਵਰਡਾਂ ਗੋਲ ਕਰਨ ਦੀ ਹਰ ਚਾਲ ’ਤੇ ਪਾਣੀ ਫੇਰਨ ’ਚ ਕੋਈ ਕਸਰ ਬਾਕੀ ਨਹੀਂ ਰਹਿਣ ਦਿੱਤੀ। ਪਹਿਲੇ ਹਾਫ ਦੀ ਸਮਾਪਤੀ ਤੋਂ ਬਾਅਦ ਸਕੋਰ 1-0 ਨਾਲ ਮਿਨਰਵਾ ਦੇ ਟੀਮ ਦੇ ਪੱਖ ’ਚ ਰਿਹਾ।
ਦੂਜੇ ਹਾਫ ’ਚ ਮਿਨਰਵਾ ਡੀਐਫਸੀ ਦੇ ਖਿਡਾਰੀਆਂ ਦੀ ਖੇਡ ਦੀ ਚੜ੍ਹਤ ਦਾ ਕੋਈ ਆਰ-ਪਾਰ ਨਾ ਹੋਣ ਕਰਕੇ ਚੌਥੇ ਮਿੰਟ ’ਚ ਸਕੋਰ ਡਬਲ ਕਰ ਦਿੱਤਾ ਗਿਆ। ਦੂਜੇ ਹਾਫ ’ਚ ਦੇ ਚੌਥੇ ਮਿੰਟ ’ਚ ਰਾਧਾ ਕਾਂਤ ਟੀਮ ਲਈ ਦੂਜਾ ਗੋਲ ਸਕੋਰ ਕੀਤਾ ਗਿਆ। ਇਸ ਗੋਲ ਪਿੱਛੇ ਵੀ ਪਹਿਲੇ ਗੋਲ ਦੀ ਤਰ੍ਹਾਂ ਮਿਨਰਵਾ ਵਲੋਂ ਖੇਡ ਰਹੇ ਜਪਾਨੀ ਫੁਟਬਾਲਰ ਕਾਸੁਕੇ ਯਾਮਾਜਾਕੀ ਵਲੋਂ ਖੇਡੀ ਗਈ ਦਿਮਾਗੀ ਗੇਮ ਦਾ ਹਿੱਸਾ ਸੀ। ਜਪਾਨੀ ਖਿਡਾਰੀ ਵਲੋਂ ਬਾਕਸ ’ਚ ਸੁੱਟੀ ਗਈ ਬਾਲ ਨੂੰ ਰਾਧਾ ਕਾਂਤ ਵਲੋਂ ਗੋਲ ਦਾ ਰਸਤਾ ਦਿਖਾਉਣ ’ਚ ਕੋਈ ਉਕਾਈ ਨਹੀਂ ਕੀਤੀ ਗਈ। 2-0 ਗੋਲ ਦੀ ਲੀਡ ਤੋਂ ਬਾਅਦ ਵੀ ਮਿਨਰਵਾ ਦੇ ਸੈਂਟਰ ਸਟਰਾਈਕਰਾਂ ਅੰਦਰ ਗੋਲ ਦਾਗਣ ਦੀ ਭੁੱਖ ਅੰਗੜਾਈਆਂ ਲੈ ਰਹੀ ਸੀ। ਇਸੇ ਤੱਤੀ ਗੇਮ ਦੇ ਚਲਦਿਆਂ 67ਵੇਂ ਮਿੰਟ ’ਚ ਟੀਮ ਦੇ ਸੈਂਟਰ ਸਟਰਾਈਕਰ ਲਾਇਵਾਂਗ ਨੇ ਤੀਜਾ ਗੋਲ ਦਾਗ ਕੇ ਟੀਮ ਦੀ ਜਿੱਤ ਪੱਕੀ ਕਰ ਦਿੱਤੀ। ਮਿੱਡਫੀਲਡ ਤੋਂ ਸੱਜੇ ਪਾਸਿਓਂ ਮਿਲੇ ਪਾਸ ’ਤੇ ਲਾਇਵਾਂਗ ਵਲੋਂ ਗੋਲਕੀਪਰ ਨੂੰ ਪੂਰੀ ਤਰ੍ਹਾਂ ਬੀਟ ਕਰਦਿਆਂ ਸ਼ਾਨਦਾਰ ਗੋਲ ਦਾਗਿਆ ਗਿਆ। ਤਿੰਨ ਗੋਲ ਦਾਗਣ ਤੋਂ ਬਾਅਦ ਮਿਨਰਵਾ ਦੇ ਖਿਡਾਰੀਆਂ ਦੇ ਹੌਸਲੇ ਅਸਮਾਨ ਨਾਲ ਗੱਲਾਂ ਕਰ ਰਹੇ ਸਨ। ਇਸੇ ਹੌਸਲੇ ਨੂੰ ਕੈਸ਼ ਕਰਦਿਆਂ ਟੀਮ ਵਲੋਂ ਸੈਂਟਰ ਫਾਰਵਰਡ ਖੇਡ ਰਹੇ ਕਰਨਦੀਪ ਸਿੰਘ ਨੇ ਮੈਚ ਦੇ 87ਵੇਂ ਮਿੰਟ ’ਚ ਚੌਥਾ ਮੈਦਾਨ ਗੋਲ ਸਕੋਰ ਕਰਕੇ ਜਿੱਥੇ ਮਿਨਰਵਾ ਦੀ ਜਿੱਤ ਪੱਕੀ ਕਰਨ ’ਚ ਸਫਲਤਾ ਹਾਸਲ ਕੀਤੀ ਉੱਥੇ ਆਈ-ਲੀਗ ਕੁਆਲੀਫਾਈ ’ਚ ਚਿਰਾਂਗ ਦੁਆਰ ਐਫਸੀ ਵਲੋਂ ਮਿਨਰਵਾ ਡੀਐਫਸੀ ਨੂੰ ਦਿੱਤੀ ਗਈ ਹਾਰ ਦੀ ਭਾਜੀ ਵੀ ਤਾਰ ਹੈ। ਮਿਨਰਵਾ ਦੇ ਸਟਰਾਈਕਰਾਂ ਤੇ ਡਿਫੈਂਡਰਾਂ ਵਲੋਂ ਫਾਈਨਲ ’ਚ ਪਹੁੰਚਣ ਤੋਂ ਪਹਿਲਾਂ ਖੇਡੀ ਗਈ ਲਾਸਾਨੀ ਖੇਡ ਦਾ ਅੰਦਾਜ਼ਾ ਇਸ ਪੱਖ ਤੋਂ ਲਾਇਆ ਜਾ ਸਕਦਾ ਹੈ ਕਿ ਟੀਮ ਵਲੋਂ ਸੈਮੀਫਾਈਨਲ ਤੱਕ ਖੇਡੇ 4 ਮੈਚਾਂ ’ਚ ਵਿਰੋਧੀ ਟੀਮਾਂ ’ਤੇ 9 ਗੋਲ ਸਕੋਰ ਕੀਤੇ ਹਨ ਜਦਕਿ ਟੀਮ ਵਿਰੁੱਧ ਸਿਰਫ ਇਕ ਹੀ ਹੋਇਆ। ਬੋਰਡੋਲੋਈ ਫੁਟਬਾਲ ਕੱਪ ਦਾ ਖਿਤਾਬੀ ਮੈਚ ਮਿਨਰਵਾ ਡੀਐਫਸੀ ਤੇ ਦੂਜੇ ਸੈਮੀਫਾਈਨਲ ਦੀ ਜੇਤੂ ਟੀਮ ਵਿਚਕਾਰ ਖੇਡਿਆ ਜਾਵੇਗਾ।