ਜਲੰਧਰ, 21 ਜਨਵਰੀ :
ਹਾਕੀ ਇੰਡੀਆ ਵੱਲੋਂ ਸੁਰਜੀਤ ਹਾਕੀ ਸੁਸਾਇਟੀ ਜਲੰਧਰ ਦੀ ਸੁਰਜੀਤ ਹਾਕੀ ਅਕੈਡਮੀ ਨੂੰ ਮਾਨਤਾ ਦੇ ਦਿੱਤੀ ਗਈ ਹੈ । ਸੁਰਜੀਤ ਹਾਕੀ ਸੁਸਾਇਟੀ ਦੇ ਸਕੱਤਰ ਇਕਬਾਲ ਸਿੰਘ ਸੰਧੂ ਅਨੁਸਾਰ ਹਾਕੀ ਇੰਡੀਆ ਵੱਲੋਂ ਸੁਰਜੀਤ ਹਾਕੀ ਸੁਸਾਇਟੀ ਜਲੰਧਰ ਵੱਲੋਂ ਪਿਛਲੇ 110 ਦਿਨਾਂ ਤੋਂ ਲਗਾਤਰ ਸਫ਼ਲਤਾ ਪੂਰਵਕ ਜਾਰੀ ਸੁਰਜੀਤ ਹਾਕੀ ਕੋਚਿੰਗ ਕੈਂਪ ਅਤੇ ਸੁਸਾਇਟੀ ਦੇ 37 ਸਾਲਾਂ ਦੀ ਸ਼ਾਨਦਾਰ ਕਾਰਗੁਜਾਰੀ ਨੂੰ ਦੇਖਦੇ ਹੋਏ ਸੁਸਾਇਟੀ ਦੀ ਸੁਰਜੀਤ ਹਾਕੀ ਅਕੈਡਮੀ ਨੂੰ ਸਿੱਧੀ ਮਾਨਤਾ ਦਿੱਤੀ ਗਈ ਹੈ । ਹਾਕੀ ਇੰਡੀਆ ਵਲੋਂ ਇਹ ਮਾਨਤਾ ਅਪਣੇ ਕਾਰਜਕਾਰੀ ਬੋਰਡ ਦੀ ਮਿਤੀਂ 19 ਜਨਵਰੀ 2021 ਨੂੰ ਹੋਈ ਮੀਟਿੰਗ ਵਿੱਚ ਦਿੱਤੀ ਗਈ ਹੈ ।
ਸੰਧੂ ਅਨੁਸਾਰ ਹਾਕੀ ਇੰਡੀਆ ਦੀ ਇਸ ਮਾਨਤਾ ਨਾਲ ਹੁਣ ਸੁਸਾਇਟੀ ਦੀ ਸੁਰਜੀਤ ਹਾਕੀ ਅਕੈਡਮੀ ਸਿੱਧੀ ਨੈਸ਼ਨਲ ਚੈਂਪੀਅਨਸ਼ਿਪ ਵਿਚ ਭਾਗ ਲੈ ਸਕੇਗੀ । ਉਹਨਾਂ ਦੱਸਿਆ ਕਿ ਇਸ ਮੰਤਵ ਲਈ ਜਲਦੀ ਹੀ ਟਰਾਇਲ ਕਰਕੇ ਸਬ ਜੂਨੀਅਰ ਅਤੇ ਜੂਨੀਅਰ ਵਰਗ (ਲੜਕੇ ਤੇ ਲੜਕੀਆਂ) ਵਿੱਚ ਸੁਰਜੀਤ ਹਾਕੀ ਅਕੈਡਮੀ ਦੀਆਂ ਟੀਮਾਂ ਤਿਆਰ ਕਰਕੇ ਭਵਿੱਖ ਵਿਚ ਹੋਣ ਵਾਲੀਆਂ ਨੈਸ਼ਨਲ ਚੈਂਪੀਅਨਸ਼ਿਪ ਵਿਚ ਭੇਜੀਆਂ ਜਾਣਗੀਆਂ । ਇਸ ਮੰਤਵ ਲਈ ਜਲਦੀ ਹੀ ਖਿਡਾਰੀਆਂ ਦੀ ਰਜਿਸਟਰੇਸ਼ਨ ਕਰਨ ਦਾ ਕੰਮ ਸ਼ੁਰੂ ਕੀਤਾ ਜਾ ਰਹੀ ਹੈ ।
ਸੁਰਜੀਤ ਹਾਕੀ ਸੁਸਾਇਟੀ ਦੇ ਚੀਫ ਪੀ. ਆਰ. ਓ. ਸੁਰਿੰਦਰ ਸਿੰਘ ਭਾਪਾ ਨੇ ਕਿਹਾ ਕਿ ਹਾਕੀ ਇੰਡੀਆ ਵੱਲੋਂ ਦਿੱਤੀ ਮਾਨਤਾ ਨਾਲ ਹੁਣ ਪੰਜਾਬ ਦੇ ਖਿਡਾਰੀ ਵਧੇਰੇ ਮਾਤਰਾ ਵਿਚ ਕੌਮੀ ਹਾਕੀ ਚੈਂਪੀਅਨਸ਼ਿਪ ਵਿੱਚ ਭਾਗ ਲੈ ਸਕਣਗੇ ਜਿਸ ਨਾਲ ਜਿੱਥੇ ਉਹਨਾਂ ਨੂੰ ਭਵਿੱਖ ਵਿੱਚ ਗ੍ਰੇਡੇਸ਼ਨ, ਵਿਦਿਅਕ ਅਦਾਰੇਆਂ ਵਿਚ ਦਾਖਿਲਾ ਅਤੇ ਨੌਕਰੀ ਵਗੈਰਾ ਵਿਚ ਸਹੂਲਤ ਹਾਸਿਲ ਹੋ ਸਕਦੀ ਹੈ ।
ਵਰਨਣਯੋਗ ਹੈ ਕਿ ਸੁਰਜੀਤ ਹਾਕੀ ਸੁਸਾਇਟੀ ਵੱਲੋਂ ਪਿਛਲੇ 113 ਦਿਨਾਂ ਤੋਂ ਲਗਾਤਾਰ ਓਲੰਪੀਅਨ ਰਾਜਿੰਦਰ ਸਿੰਘ, ਦਰੋਣਾਚਾਰੀਆ ਐਵਾਰਡ ਜੇਤੂ ਅਤੇ ਦਵਿੰਦਰ ਸਿੰਘ ਵਗ਼ੈਰਾ ਤਜਰਬੇਕਾਰ ਕੋਚਾਂ ਦੀ ਦੇਖ ਰੇਖ ਵਿਚ ਕੋਚਿੰਗ ਕੈਂਪ ਸਥਾਨਕ ਸੁਰਜੀਤ ਹਾਕੀ ਸਟੇਡੀਅਮ ਵਿੱਚ ਮੁਫ਼ਤ ਚਲਾਇਆ ਜਾ ਰਿਹਾ ਹੈ ।
ਅੱਜ ਸੁਰਜੀਤ ਹਾਕੀ ਸੁਸਾਇਟੀ ਦੇ ਐਲ.ਆਰ. ਨਈਅਰ, ਲਖਵਿੰਦਰਪਾਲ ਸਿੰਘ ਖੈਰਾ, ਅਮਰੀਕ ਸਿੰਘ ਪਵਾਰ, ਰਾਮ ਪਰਤਾਪ, ਗੁਰਵਿੰਦਰ ਸਿੰਘ ਗੁੱਲੂ, ਤਰਸੇਮ ਸਿੰਘ ਪਵਾਰ, ਨਰਿੰਦਰ ਪਾਲ ਸਿੰਘ ਜੱਜ, ਗੁਰਇਕਬਾਲ ਸਿੰਘ ਢਿੱਲੋਂ, ਰਣਦੀਪ ਗੁਪਤਾ ਅਤੇ ਬੰਟੀ ਨੀਲਕੰਠ ਵੱਲੋ ਸੁਰਜੀਤ ਹਾਕੀ ਸੁਸਾਇਟੀ ਦੇ ਪ੍ਰਧਾਨ ਤੇ ਡਿਪਟੀ ਕਮਿਸ਼ਨਰ, ਜਲੰਧਰ ਘਣਸ਼ਿਆਮ ਥੋਰੀ ਨੂੰ ਉਹਨਾਂ ਦੇ ਹਾਕੀ ਦੀ ਤਰੱਕੀ ਅਤੇ ਖਾਸ ਕਰਕੇ ਸੁਰਜੀਤ ਹਾਕੀ ਸੁਸਾਇਟੀ ਜਲੰਧਰ ਦੀ ਸੁਰਜੀਤ ਹਾਕੀ ਅਕੈਡਮੀ ਨੂੰ ਹਾਕੀ ਇੰਡੀਆ ਵੱਲੋ’ ਦਿੱਤੀ ਮਾਨਤਾ ਲਈ ਕੀਤੇ ਵਿਸ਼ੇਸ਼ ਉਪਰਾਲਿਆ ਲਈ ਧੰਨਵਾਦ ਕੀਤਾ ।