ਗਰਮੀ ਦੇ ਮੌਸਮ ’ਚ ਲੋੜੀਂਦੀ ਮਾਤਰਾ ’ਚ ਪਾਣੀ ਦਾ ਸੇਵਨ ਜ਼ਰੂਰੀ : ਡਾ. ਰੋਹਿਨੀ
ਬੂਥਗੜ੍ਹ, 31 ਮਾਰਚ (ਦੇਸ਼ ਕਲਿੱਕ ਬਿਓਰੋ) :
ਪ੍ਰਾਇਮਰੀ ਹੈਲਥ ਸੈਂਟਰ ਬੂਥਗੜ੍ਹ ਦੇ ਸੀਨੀਅਰ ਮੈਡੀਕਲ ਅਫ਼ਸਰ ਡਾ. ਅਲਕਜੋਤ ਕੌਰ ਦੀ ਅਗਵਾਈ ਹੇਠ ਮਰੀਜ਼ਾਂ ਨੂੰ ਵਾਤਾਵਰਣ ਤਬਦੀਲੀ ਅਤੇ ਇਸ ਦੇ ਮਨੁੱਖੀ ਸਿਹਤ ਉਤੇ ਪੈਣ ਵਾਲੇ ਅਸਰ ਬਾਰੇ ਜਾਣਕਾਰੀ ਦਿਤੀ ਗਈ। ਡਾ. ਰੋਹਿਨੀ ਨੇ ਹਸਪਤਾਲ ਵਿਚ ਆਏ ਮਰੀਜ਼ਾਂ ਅਤੇ ਉਨ੍ਹਾਂ ਦੇ ਸਾਕ-ਸਬੰਧੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਦੁਨੀਆਂ ਭਰ ਵਿਚ ਵਾਤਾਵਰਣ ਤਬਦੀਲੀ ਦਾ ਦੌਰ ਤੇਜ਼ੀ ਨਾਲ ਚੱਲ ਰਿਹਾ ਹੈ। ਉਨ੍ਹਾਂ ਕਿਹਾ ਕਿ ਵਾਤਾਵਰਣ ਤਬਦੀਲੀ ਦਾ ਬਨਸਪਤੀ ਤੋਂ ਇਲਾਵਾ ਮਨੁੱਖੀ ਸਿਹਤ ਉਤੇ ਵੀ ਡਾਢਾ ਅਸਰ ਪੈ ਰਿਹਾ ਹੈ ਪਰ ਅਸੀਂ ਕੁਝ ਸਾਵਧਾਨੀਆਂ ਵਰਤ ਕੇ ਅਪਣੀ ਸਿਹਤ ਉਤੇ ਪੈਣ ਵਾਲੇ ਇਸ ਅਸਰ ਨੂੰ ਕਾਫ਼ੀ ਹੱਦ ਤਕ ਘਟਾ ਸਕਦੇ ਹਨ।
ਪਾਣੀ ਪੀਣ ਦੀ ਲੋੜ ’ਤੇ ਜ਼ੋਰ ਦਿੰਦਿਆਂ ਡਾ. ਰੋਹਿਨੀ ਨੇ ਕਿਹਾ ਕਿ ਸਰੀਰ ਵਿਚ ਪਾਣੀ ਦੀ ਮੌਜੂਦਗੀ ਬੇਹੱਦ ਜ਼ਰੂਰੀ ਹੈ। ਪਾਣੀ ਦੀ ਘਾਟ ਹੋਣ ’ਤੇ ਵਿਅਕਤੀ ਕਈ ਬੀਮਾਰੀਆਂ ਦੀ ਲਪੇਟ ਵਿਚ ਆ ਸਕਦਾ ਹੈ, ਇਸ ਲਈ ਰੋਜ਼ਾਨਾ 8-10 ਗਲਾਸ ਪਾਣੀ ਜ਼ਰੂਰ ਪੀਤਾ ਜਾਵੇ ਖ਼ਾਸਕਰ ਗਰਮੀ ਦੇ ਮੌਸਮ ਵਿਚ ਪਾਣੀ ਪੀਣਾ ਬਹੁਤ ਜ਼ਰੂਰੀ ਹੁੰਦਾ ਹੈ। ਉਨ੍ਹਾਂ ਕਿਹਾ ਕਿ ਹਰ ਵਿਅਕਤੀ ਨੂੰ ਹਰੀਆਂ ਪੱਤੇਦਾਰ ਸਬਜ਼ੀਆਂ ਅਤੇ ਫਲਾਂ ਦਾ ਸੇਵਨ ਜ਼ਰੂਰ ਕਰਨਾ ਚਾਹੀਦਾ ਹੈ। ਇਹ ਵੀ ਯਕੀਨੀ ਬਣਾਇਆ ਜਾਵੇ ਕਿ ਸਬਜ਼ੀਆਂ ਅਤੇ ਫਲ ਵਰਤਣ ਤੋਂ ਪਹਿਲਾਂ ਚੰਗੀ ਤਰ੍ਹਾਂ ਧੋ ਲਏ ਜਾਣ। ਉਨ੍ਹਾਂ ਕਿਹਾ ਕਿ ਰੋਜ਼ਾਨਾ ਸੈਰ ਅਤੇ ਕਸਰਤ ਵੀ ਬਹੁਤ ਜ਼ਰੂਰੀ ਹੈ, ਜਿਸ ਨਾਲ ਵਿਅਕਤੀ ਦੀ ਸਰੀਰਕ ਅਤੇ ਮਾਨਸਿਕ ਤੰਦਰੁਸਤੀ ਯਕੀਨੀ ਬਣਦੀ ਹੈ। ਉਨ੍ਹਾਂ ਕਿਹਾ ਕਿ ਸਿਹਤਮੰਦ ਜੀਵਨ ਸ਼ੈਲੀ ਲਈ ਚੰਗਾ, ਪੌਸ਼ਟਿਕ ਅਤੇ ਮਿਆਰੀ ਖਾਣ-ਪੀਣ ਲੋੜੀਂਦਾ ਹੈ। ਜਦੋਂ ਵਿਅਕਤੀ ਸਰੀਰਕ ਅਤੇ ਮਾਨਸਿਕ ਤੌਰ ’ਤੇ ਪੂਰੀ ਤਰ੍ਹਾਂ ਤੰਦਰੁਸਤ ਹੁੰਦਾ ਹੈ ਤਾਂ ਉਹ ਵਾਤਾਵਰਣ ਤਬਦੀਲੀ ਦੇ ਅਸਰ ਨੂੰ ਕਾਫ਼ੀ ਹੱਦ ਤਕ ਘਟਾ ਸਕਦਾ ਹੈ।
ਮਰੀਜ਼ਾਂ ਨੇ ਕੁਝ ਸਵਾਲ ਵੀ ਪੁੱਛੇ ਜਿਨ੍ਹਾਂ ਦਾ ਡਾ. ਰੋਹਿਨੀ ਨੇ ਤਸੱਲੀਬਖ਼ਸ਼ ਢੰਗ ਨਾਲ ਜਵਾਬ ਦਿਤਾ। ਇਸ ਮੌਕੇ ਡਾ. ਹਰਮਨ ਮਾਹਲ, ਡਾ. ਅਰੁਣ ਬਾਂਸਲ, ਬਲਾਕ ਐਕਸਟੈਂਸ਼ਨ ਐਜੂਕੇਟਰ ਬਲਜਿੰਦਰ ਸੈਣੀ, ਹੈਲਥ ਇੰਸਪੈਕਟਰ ਗੁਰਤੇਜ ਸਿੰਘ, ਪਿ੍ਰਤਪਾਲ ਸਿੰਘ ਆਦਿ ਵੀ ਮੌਜੂਦ ਸਨ।