ਪੋਸ਼ਣ ਪੰਦਰਵਾੜੇ ਤਹਿਤ ਸਕੂਲੀ ਕੁੜੀਆਂ ਦੇ ਐਚ.ਬੀ. ਟੈਸਟ ਕੀਤੇ
ਬੂਥਗੜ੍ਹ, 29 ਮਾਰਚ: ਦੇਸ਼ ਕਲਿੱਕ ਬਿਓਰੋ
ਸਿਹਤ ਵਿਭਾਗ ਵੱਲੋਂ ਲੋਕਾਂ ਨੂੰ ਬਿਹਤਰ ਸਿਹਤ ਪ੍ਰਤੀ ਜਾਗਰੂਕ ਕਰਨ ਲਈ "ਪੋਸ਼ਣ ਪੰਦਰਵਾੜਾ " 21 ਮਾਰਚ ਤੋਂ 4 ਅਪ੍ਰੈਲ ਤਕ ਮਨਾਇਆ ਜਾ ਰਿਹਾ ਹੈ। ਸੀਨੀਅਰ ਮੈਡੀਕਲ ਅਫ਼ਸਰ ਡਾ. ਅਲਕਜੋਤ ਕੌਰ ਨੇ ਇਸ ਸਬੰਧ ’ਚ ਜਾਣਕਾਰੀ ਦਿੰਦਿਆਂ ਦਸਿਆ ਕਿ ਇਸ ਵਾਰ ਇਹ ਪੰਦਰਵਾੜਾ ਕਿਸ਼ੋਰ ਉਮਰ ਦੀਆਂ ਕੁੜੀਆਂ ’ਚ ਖ਼ੂਨ ਦੀ ਕਮੀ ਦੀ ਰੋਕਥਾਮ ਅਤੇ ਇਲਾਜ ਉਤੇ ਕੇਂਦਰਤ ਹੈ। ਉਨ੍ਹ੍ਹਾਂ ਕਿਹਾ ਕਿ ਪੰਦਰਵਾੜੇ ਦਾ ਮੁੱਖ ਉਦੇਸ਼ ਸਿਹਤਮੰਦ ਸਮਾਜ ਦੀ ਸਿਰਜਣਾ ਕਰਨਾ ਹੈ ਅਤੇ ਲੋਕਾਂ ਨੂੰ ਚੰਗੀ ਤੇ ਨਰੋਈ ਸਿਹਤ ਪ੍ਰਤੀ ਜਾਗਰੂਕ ਕਰਕੇ ਅਸੀਂ ਇਸ ਵਿਚ ਆਪਣਾ ਯੋਗਦਾਨ ਪਾ ਸਕਦੇ ਹਾਂ।ਉਨ੍ਹਾਂ ਦਸਿਆ ਕਿ ਸਕੂਲੀ ਕੁੜੀਆਂ ’ਚ ਖ਼ੂਨ ਦੇ ਪੱਧਰ ਦਾ ਪਤਾ ਲਾਉਣ ਲਈ ਸਿਹਤ ਵਿਭਾਗ ਦੀਆਂ ਟੀਮਾਂ ਵਲੋਂ ਐਚ.ਬੀ. ਟੈਸਟ ਕੀਤੇ ਜਾ ਰਹੇ ਹਨ। ਇਸ ਲੜੀ ਤਹਿਤ ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹੁਸ਼ਿਆਰਪੁਰ ਵਿਖੇ ਸਿਹਤ ਵਿਭਾਗ ਦੀ ਟੀਮ ਨੇ ਕਿਸ਼ੋਰ ਉਮਰ ਦੀਆਂ ਕੁੜੀਆਂ ਦੇ ਐਚ.ਬੀ. ਟੈਸਟ ਕੀਤੇ। ਉਨ੍ਹਾਂ ਕਿਹਾ ਕਿ ਕੁਪੋਸ਼ਣ ਅਤੇ ਅਨੀਮੀਆ ਵਿਰੁਧ ਲੜਾਈ ਸਾਰਿਆਂ ਨੂੰ ਮਿਲ-ਜੁਲ ਕੇ ਲੜਨ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਅਨੀਮੀਆ ਦੀ ਬੀਮਾਰੀ ਤੋਂ ਬਚਾਅ ਲਈ ਸੰਤੁਲਿਕ ਖ਼ੁਰਾਕ ਜ਼ਰੂਰੀ ਹੈ। ਸਰੀਰ ਅੰਦਰ ਪਾਣੀ ਦੀ ਘਾਟ ਰੋਕਣ ਲਈ ਕਾਫ਼ੀ ਮਾਤਰਾ ਵਿਚ ਪਾਣੀ ਪੀਣਾ ਚਾਹੀਦਾ ਹੈ। ਇਸ ਤੋਂ ਇਲਾਵਾ ਰੋਜ਼ਾਨਾ ਕਸਰਤ ਵੀ ਬਹੁਤ ਜ਼ਰੂਰੀ ਹੈ। ਇਨਫ਼ੈਕਸ਼ਨ ਆਦਿ ਤੋਂ ਬਚਾਅ ਲਈ ਹੱਥਾਂ ਨੂੰ ਵਾਰ-ਵਾਰ ਧੋਣਾ ਯਕੀਨੀ ਬਣਾਇਆ ਜਾਵੇ।
ਐਸ.ਐਮ.ਓ. ਨੇ ਦੱਸਿਆ ਕਿ ਪੋਸ਼ਣ ਪੰਦਰਵਾੜੇ ਦਾ ਮੁੱਖ ਮੰਤਵ ਸਿਹਤ ਲਈ ਪੋਸ਼ਣ ਦੇ ਮਹੱਤਵ ਬਾਰੇ ਜਾਗਰੂਕਤਾ ਪੈਦਾ ਕਰਨਾ ਹੈ । ਭੋਜਨ ਵਿੱਚ ਤਲੇ ਹੋਏ ਪਦਾਰਥਾਂ ਅਤੇ ਫਾਸਟ ਫੂਡ ਤੋਂ ਪ੍ਰਹੇਜ਼ ਕਰੋ, ਨਮਕ ਅਤੇ ਚੀਨੀ ਦੀ ਵਰਤੋਂ ਘੱਟ ਕਰੋ ਅਤੇ ਸਿਗਰਟ ਤੇ ਸ਼ਰਾਬ ਦਾ ਵਰਤੋਂ ਨਾ ਕੀਤੀ ਜਾਵੇ। ਉਨ੍ਹਾਂ ਦੱਸਿਆ ਕਿ ਵਿਸ਼ਵ ਸਿਹਤ ਸੰਗਠਨ ਅਨੁਸਾਰ ਅੰਸਤੁਲਿਤ ਖੁਰਾਕ ਅਤੇ ਸਰੀਰਕ ਗਤੀਵਿਧੀਆਂ ਦੀ ਘਾਟ ਨਾਲ ਗੈਰ ਸੰਚਾਰੀ ਬਿਮਾਰੀਆਂ ਜਿਵੇਂ ਬਲੱਡ ਪ੍ਰੈਸ਼ਰ, ਸ਼ੂਗਰ ਅਤੇ ਮੋਟਾਪਾ ਹੋਣ ਦਾ ਖਤਰਾ ਰਹਿੰਦਾ ਹੈ।ਇਸ ਲਈ ਹਮੇਸ਼ਾ "ਸੰਤੁਲਿਤ ਖੁਰਾਕ" ਵੱਲ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ। ਜਾਂਚ ਟੀਮ ਵਿਚ ਡਾ. ਵਿਕਾਸ ਰਣਦੇਵ, ਡਾ. ਸੁਬਿਨ, ਲੈਬ ਤਕਨੀਸ਼ੀਅਨ ਬਰਜਿੰਦਰਪਾਲ ਸਿੰਘ ਆਦਿ ਸ਼ਾਮਲ ਸਨ।