ਸਟਰਾਈਕਰ ਗਗਮਸਰ ਗੋਆਰੀ 14 ਗੋਲ ਦਾਗਣ ਸਦਕਾ ਨਾਮਜ਼ਦ ਹੋਇਆ ‘ਟਾਪ ਸਕੋਰਰ’
ਚੰਡੀਗੜ੍ਹ: 29 ਮਾਰਚ,ਸੁਖਵਿੰਦਰਜੀਤ ਸਿੰਘ ਮਨੌਲੀ
ਮਿਨਰਵਾ ਫੁਟਬਾਲ ਅਕਾਡਮੀ ਕਲੱਬ, ਦਾਊਂ ਦੇ ਜੂਨੀਅਰ ਫੁਟਬਾਲਰਾਂ ਨੇ ਇਕ ਵਾਰ ਫਿਰ ਤੋਂ ਆਪਣੀ ਲਾਸਾਨੀ ਖੇਡ ਦਾ ਮੁਜ਼ਾਹਰਾ ਕਰਕੇ ਦਰਸਾ ਦਿੱਤਾ ਹੈ ਕਿ ਜਦੋਂ ਉਸ ਦੇ ਖਿਡਾਰੀਆਂ ਦੀ ਮੈਦਾਨੀ ਖੇਡ ਇਕ ਵਾਰ ਲੈਅ ’ਚ ਆ ਜਾਵੇ ਤਾਂ ਉਹ ਕਿਸੇ ਵੀ ਟੀਮ ਨੂੰ ਹਾਰ ਦਾ ਰਸਤਾ ਵਿਖਾਉਣ ’ਚ ਭੋਰਾ ਵੀ ਤਰਸ ਨਹੀਂ ਕਰਦੇ। ਮਿਨਰਵਾ ਫੁਟਬਾਲ ਕਲੱਬ ਦੇ ਖਿਡਾਰੀਆਂ ਨੇ ਇਸ ਵਾਰ ਤੀਜੇ ਜੇਸੀਟੀ ਪੰਜਾਬ ਯੂਥ ਫੁਟਬਾਲ ਲੀਗ ਦਾ ਖਿਤਾਬ ਆਪਣੀ ਝੋਲੀ ’ਚ ਪਾਇਆ ਹੈ। ਯੂਥ ਲੀਗ ’ਚ ਚੈਂਪੀਅਨ ਨਾਮਜ਼ਦ ਹੋਈ ਮਿਨਰਵਾ ਦੀ ਟੀਮ ਦਾ ਇਸ ਵਾਰ ਖਿਤਾਬੀ ਮੈਚ ’ਚ ਟੂਰਨਾਮੈਂਟ ’ਚ ਮਜ਼ਬੂਤ ਆਂਕੀ ਗਈ ਵਿਰੋਧੀ ਦਸਮੇਸ਼ ਅਕਾਡਮੀ ਦੀ ਟੀਮ ਨਾਲ ਹੋਇਆ। ਦਸਮੇਸ਼ ਅਕਾਡਮੀ ਦੇ ਖਿਡਾਰੀਆਂ ਦੀ ਤੂਫਾਨੀ ਖੇਡ ਦਾ ਅੰਦਾਜ਼ਾ ਇਸ ਗੱਲ ਤੋਂ ਸਹਿਜੇ ਹੀ ਲਗਾਇਆ ਜਾ ਸਕਦਾ ਹੈ ਕਿ ਉਸ ਦੇ ਫਾਰਵਰਡ ਖਿਡਾਰੀਆਂ ਨੇ ਵਿਰੋਧੀ ਟੀਮ ਸਿਰ 29 ਗੋਲ ਦਾਗਣ ਸਦਕਾ ਫਾਈਨਲ ਖੇਡਣ ਦਾ ਟਿਕਟ ਕਟਾਇਆ ਸੀ ਜਦਕਿ ਟੀਮ ’ਤੇ ਸਿਰਫ ਦੋ ਗੋਲ ਸਕੋਰ ਹੋਏ ਸਨ। ਪਰ ਫਾਈਨਲ ’ਚ ਮਿਨਰਵਾ ਫੁਟਬਾਲ ਕਲੱਬ ਦੇ ਖਿਡਾਰੀਆਂ ਅੱਗੇ ਦਸਮੇਸ਼ ਅਕਾਡਮੀ ਦੇ ਖਿਡਾਰੀ ਨਿਰੇ ਸਿੱਲੇ ਪਟਾਕੇ ਹੀ ਸਾਬਤ ਹੋਏ ਕਿਉਂਕਿ ਜੇਤੂ ਟੀਮ ਦੇ ਖਿਡਾਰੀਆਂ ਨੇ ਦਸਮੇਸ਼ ਅਕਾਡਮੀ ਨੂੰ 6-0 ਗੋਲ ਅੰਤਰ ਨਾਲ ਉਪ-ਜੇਤੂ ਰਹਿਣ ਲਈ ਮਜਬੂਰ ਕਰ ਦਿੱਤਾ।
ਫਾਈਨਲ ਮੈਚ ’ਚ ਚੈਂਪੀਅਨ ਰਹੀ ਮਿਨਰਵਾ ਦੀ ਟੀਮ ਦੇ ਖਿਡਾਰੀ ਗਗਮਸਰ ਗੋਆਰੀ ਵਲੋਂ ਸ਼ੁਰੂਆਤ ’ਚ ਹੀ ਚੰਗੀ ਖੇਡ ਮੁਜ਼ਾਹਰਾ ਕੀਤਾ ਗਿਆ। ਉਸ ਵਲੋਂ ਵਿਰੋਧੀ ਖਿਡਾਰੀ ਤੋਂ ਬਾਲ ਹਾਸਲ ਕਰਕੇ ਚੌਥੇ ਹੀ ਮਿੰਟ ’ਚ ਹੀ ਟੀਮ ਦੇ ਖਾਤੇ ’ਚ ਪਹਿਲਾ ਗੋਲ ਜਮ੍ਹਾਂ ਕਰਕੇ ਟੀਮ ਦੀ ਜਿੱਤ ਦੇ ਰਸਤੇ ’ਤੇ ਪਾਇਆ। 30ਵੇਂ ਮਿੰਟ ’ਚ ਟੀਮ ਲਈ ਦੂਜਾ ਗੋਲ ਵੀ ਗਗਮਸਰ ਗੋਆਰੀ ਵਲੋਂ ਦਾਗਿਆ ਗਿਆ। ਗਗਮਸਰ ਗੋਆਰੀ ਵਲੋਂ ਇਹ ਗੋਲ ਕਾਰਨਰ ਤੋਂ ਲਏ ਕਰਾਰੇ ਸ਼ਾਟ ਰਾਹੀਂ ਕੀਤਾ ਗਿਆ। ਇਸ ਤਰ੍ਹਾਂ ਪਹਿਲੇ ਹਾਫ ’ਚ ਜੇਤੂ ਟੀਮ ਦੋ ਗੋਲ ਨਾਲ ਲੀਡ ’ਤੇ ਸੀ।
ਸੈਕਿੰਡ ਹਾਫ ’ਚ ਗਗਮਸਰ ਗੋਆਰੀ ਵਲੋਂ ਤੀਜਾ ਗੋਲ ਕਰਕੇ ਜਿੱਥੇ ਮੈਚ ’ਚ ਆਪਣੀ ਹੈਟਰਿਕ ਪੂਰੀ ਕੀਤੀ ਗਈ ਉੱਥੇ ਮੈਚ ਦਾ ਚੌਥਾ ਗੋਲ ਵੀ 54ਵੇਂ ਮਿੰਟ ’ਚ ਅਟੈਕਿੰਗ ਸਟਰਾਈਕਰ ਗਗਮਸਰ ਗੋਆਰੀ ਦੀ ਕਿੱਕ ’ਚੋਂ ਹੀ ਨਿਕਲਿਆ। ਵਿਰੋਧੀ ਟੀਮ ਦੇ ਡਿਫੈਂਡਰ ਕੋਲ ਸਟਰਾਈਕਰ ਗਗਮਸਰ ਗੋਆਰੀ ਦੇ ਤੂਫਾਨੀ ਹਮਲਿਆਂ ਦਾ ਕੋਈ ਤੋੜ ਨਹੀਂ ਸੀ। ਇਸੇ ਦਾ ਸਿੱਟਾ ਰਿਹਾ ਕਿ ਦਸਮੇਸ਼ ਅਕਾਡਮੀ ਦੇ ਰੱਖਿਅਕ ਖਿਡਾਰੀਆਂ ਨੂੰ ਝਕਾਨੀ ਦੇਂਦਿਆਂ ਗਗਮਸਰ ਗੋਆਰੀ ਨੇ ਮੈਚ ਦੇ ਅੰਤਲੇ 86ਵੇਂ ਮਿੰਟ ’ਚ ਆਪਣਾ ਪੰਜਵਾਂ ਗੋਲ ਸਕੋਰ ਕੀਤਾ। ਸੈਂਟਰ ਸਟਰਾਈਕਰ ਗਗਮਸਰ ਗੋਆਰੀ ਦੇ ਪੰਜ ਗੋਲਾਂ ਤੋਂ ਬਾਅਦ 6ਵਾਂ ਗੋਲ ਰੇਨੇਡੀ ਦੇ ਪੈਰਾਂ ’ਚੋਂ ਨਿਕਲਿਆ। ਮੈਚ ਸਮਾਪਤੀ ਦਾ ਹੂਟਰ ਵੱਜਣ ’ਤੇ ਸਕੋਰ ਬੋਰਡ ’ਤੇ 6-0 ਦੇ ਸਕੋਰ ਨਾਲ ਮਿਨਰਵਾ ਅਕਾਡਮੀ ਫੁਟਬਾਲ ਕਲੱਬ ਦੇ ਖਿਡਾਰੀਆਂ ਨੇ ਚੈਂਪੀਅਨ ਬਣਨ ਸਦਕਾ ਜਿੱਤ ਦਾ ਸੁਆਦ ਚੱਖਿਆ।
ਖਿਤਾਬੀ ਜਿੱਤ ਹਾਸਲ ਕਰਨ ਤੋਂ ਪਹਿਲਾਂ ਮਿਨਰਵਾ ਅਕਾਡਮੀ ਦੇ ਖਿਡਾਰੀਆਂ ਨੇ ਗਰੁੱਪ ਸਟੇਜ ’ਤੇ ਪਹਿਲੇ ਮੈਚ ’ਚ ਸ਼ੇਰਗਿੱਲ ਫੁਟਬਾਲ ਅਕਾਡਮੀ 3-0 ਗੋਲ ਅੰਤਰ ਨਾਲ ਹਾਰ ਦੇ ਰਸਤੇ ’ਤੇ ਤੋਰਿਆ। ਇਸ ਤੋਂ ਬਾਅਦ ਦੂਜੇ ਮੈਚ ’ਚ ਮਿਨਰਵਾ ਦੇ ਖਿਡਾਰੀਆਂ ਨੇ ਸੰਤ ਬਾਬਾ ਭਾਗ ਸਿੰਘ ਫੁਟਬਾਲ ਕਲੱਬ ਨੂੰ ਵੀ 3-0 ਗੋਲ ਅੰਤਰ ਦਾ ਹਾਰ ਨਾਲ ਮੁਕਾਬਲੇ ਤੋਂ ਬਾਹਰ ਕੀਤਾ। ਮਿਨਰਵਾ ਦੇ ਫੁਟਬਾਲਰਾਂ ਦੀ ਖੇਡ ਦਾ ਕੋਈ ਆਰ-ਪਾਰ ਨਾ ਹੋਣ ਸਦਕਾ ਤੀਜੇ ਗਰੁੱਪ ਮੈਚ ’ਚ ਟੀਮ ਨੇ ਕਿੱਕਰਜ਼ ਫੁਟਬਾਲ ਅਕਾਡਮੀ ਨੂੰ 2-0 ਨਾਲ ਹਰਾ ਕੇ ਚੌਥੇ ਮੈਚ ’ਚ ਮਹਾਦਾਨੀ ਕੁੰਦਨ ਸਿੰਘ ਫੁਟਬਾਲ ਅਕਾਡਮੀ ’ਤੇ 1-0 ਗੋਲ ਦੀ ਜਿੱਤ ਦਰਜ ਕੀਤੀ। ਮਿਨਰਵਾ ਦੀ ਟੀਮ ਨੇ ਕੁਆਟਰਫਾਈਨਲ ’ਚ ਦਸਮੇਸ਼ ਮਾਰਸ਼ਲ ਐਫਸੀ ਦੇ ਖਿਡਾਰੀਆਂ ਨੂੰ 4-0 ਨਾਲ ਹਰਾ ਕੇ ਸੈਮੀਫਾਈਨਲ ਖੇਡਣ ਦੇ ਦਰ ’ਤੇ ਦਸਤਕ ਦਿੱਤੀ ਗਈ। ਸੈਮੀਫਾਈਨਲ ’ਚ ਮਿਨਰਵਾ ਅਕਾਡਮੀ ਦੀ ਟੀਮ ਨੇ ਜੇਤੂ ਸਫਰ ਜਾਰੀ ਰੱਖਦਿਆਂ ਟੂਰਨਾਮੈਂਟ ਦੀ ਮੇਜ਼ਬਾਨੀ ਕਰ ਰਹੀ ਘਰੇਲੂ ਜੇਸੀਟੀ ਐਫਸੀ ਦੀ ਟੀਮ ’ਤੇ 2-0 ਗੋਲ ਅੰਤਰ ਦੀ ਧੜੱਲੇਦਾਰ ਜਿੱਤ ਹਾਸਲ ਕਰਕੇ ਫਾਈਨਲ ਖੇਡਣ ਦਾ ਟਿਕਟ ਹਾਸਲ ਕੀਤਾ।
ਸੈਂਟਰ ਸਟਰਾਈਕਰ ਗਗਮਸਰ ਗੋਆਰੀ 14 ਗੋਲ ਦਾਗਣ ਸਦਕਾ ਪਲੇਅਰ ਆਫ ਦਿ ਟੂਰਨਾਮੈਂਟ ਤੇ ਟਾਪ ਸਕੋਰਰ ਦੀ ਕੁਰਸੀ ’ਤੇ ਬਿਰਾਜਮਾਨ ਹੋਇਆ। ਗੋਲਕੀਪਰ ਲਵਪ੍ਰੀਤ ਸਿੰਘ ਤੇ ਟੀਮ ਦੇ ਡਿਫੈਂਡਰਾਂ ਦੀ ਅੱਵਲ ਖੇਡ ਦਾ ਅੰਦਾਜ਼ਾ ਇਸ ਪੱਖ ਤੋਂ ਲਗਾਇਆ ਜਾ ਸਕਦਾ ਹੈ ਕਿ ਟੂਰਨਾਮੈਂਟ ’ਚ ਜਿੱਤ ਦਾ ਗਾਨਾ ਪਹਿਨਣ ਵਾਲੀ ਟੀਮ ਸਿਰ ਇਕ ਵੀ ਗੋਲ ਸਕੋਰ ਨਹੀਂ ਹੋਇਆ ਜਦਕਿ ਜੇਤੂ ਟੀਮ ਦੇ ਸਟਰਾਈਕਰਾਂ ਨੇ ਵਿਰੋਧੀ ਟੀਮਾਂ ’ਤੇ 17 ਗੋਲ ਸਕੋਰ ਕਰਨ ਸਫਲਤਾ ਹਾਸਲ ਕੀਤੀ।
ਫੋਟੋ ਕੈਪਸ਼ਨਾਂ: ਟੂਰਨਾਮੈਂਟ ’ਚ 14 ਗੋਲ ਸਕੋਰ ਕਰਨ ਵਾਲਾ ਸੈਂਟਰ ਸਟਰਾਈਕਰ ਗਗਮਸਰ ਗੋਆਰੀ ਵਿਰੋਧੀ ਟੀਮ ’ਤੇ ਅਟੈਕ ਕਰਦਾ ਹੋਇਆ।
ਮਿਨਰਵਾ ਅਕਾਡਮੀ ਫੁਟਬਾਲ ਕਲੱਬ ਦੇ ਚੈਂਪੀਅਨ ਖਿਡਾਰੀ ਕੋਚਿੰਗ ਕੈਂਪ ਤੇ ਜੇਸੀਟੀ ਦੇ ਪ੍ਰਬੰਧਕਾਂ ਨਾਲ।