ਜੈਕਸਨ ਸਿੰਘ ਨੇ ਫੀਫਾ ਕੱਪ ’ਚ ਸਕੋਰ ਕੀਤਾ ਪਲੇਠਾ ਗੋਲ
ਚੰਡੀਗੜ੍ਹ: 26 ਮਾਰਚ, ਸੁਖਵਿੰਦਰਜੀਤ ਸਿੰਘ ਮਨੌਲੀ,
ਆਲ ਇੰਡੀਆ ਫੁਟਬਾਲ ਫੈਡਰੇਸ਼ਨ ਦੀ ਦੇਖ-ਰੇਖ ’ਚ ਚਲ ਰਹੀ ਮਿਨਰਵਾ ਅਕਾਡਮੀ ਫੁਟਬਾਲ ਕਲੱਬ, ਪਿੰਡ ਦਾਊਂ ਦੇ 6 ਫੁਟਬਾਲਰ ਕੌਮੀ ਫੁਟਬਾਲ ਟੀਮ ’ਚ ਕੌਮਾਂਤਰੀ ਪੱਧਰ ’ਤੇ ਦੇਸ਼ ਦੀ ਨੁਮਾਇੰਦਗੀ ਕਰਨਗੇ। ਚੋਣ ਕਮੇਟੀ ਵਲੋਂ ਸਿਲੈਕਟ ਕੀਤੇ ਮਿਨਰਵਾ ਅਕਾਡਮੀ ਦੇ 6 ਖਿਡਾਰੀ ਮਨਵੀਰ ਸਿੰਘ, ਜੈਕਸਨ ਸਿੰਘ, ਅਨਿਰੁਧ ਥਾਪਾ, ਸੁਦੇਸ਼ ਝਿੰਗਨ, ਰੁਈਆ ਹਾਰਮੀਪਮ ਤੇ ਅਨਵਰ ਅਲੀ ਨੂੰ ਬਹਿਰੀਨ ਤੇ ਬੇਲਾਰੂਸ ਦੀਆਂ ਫੁਟਬਾਲ ਟੀਮਾਂ ਵਿਰੁੱਧ ਖੇਡਣ ਲਈ ਮੈਦਾਨ ’ਚ ਨਿੱਤਰਨਗੇ। ਮਿਨਰਵਾ ਅਕਾਡਮੀ ਐੱਫਸੀ ਦਾ ਨਿਰਮਾਣ ਕੌਮੀ ਫੁਟਬਾਲ ਨੂੰ ਕੌਮਾਂਤਰੀ ਪੱਧਰ ’ਤੇ ਲਿਸ਼ਕਾਉਣ ਵਾਲੇ ਰਣਜੀਤ ਸਿੰਘ ਬਜਾਜ ਵਲੋਂ ਮਿੱਥੇ ਨਿਸ਼ਾਨੇ ਹਾਸਲ ਕਰਨ ਲਈ ਕੀਤਾ ਗਿਆ ਹੈ। ਮਿਨਰਵਾ ਫੁਟਬਾਲ ਅਕਾਡਮੀ ਦੇ ਫਾਊਂਡਰ ਡਾਇਰੈਕਟਰ ਰਣਜੀਤ ਸਿੰਘ ਬਜਾਜ ਹਨ ਜਦਕਿ ਹਿਨਾ ਸਿੰਘ ਬਜਾਜ ਕੋ-ਆਨਰ ਤੇ ਡਾਇਰੈਕਟਰ ਹਨ। ਮਿਨਰਵਾ ਅਕਾਡਮੀ ਫੁਟਬਾਲ ਕਲੱਬ ਦੇ ਸੀਓ ਸ਼ਾਹ ਨਿਵਾਜ਼ ਹਨ ਜਦਕਿ ਸੁਰਿੰਦਰ ਸਿੰਘ ਅਕਾਡਮੀ ਦੇ ਖਿਡਾਰੀਆਂ ਨੂੰ ਟਰੇਂਡ ਕਰਨ ਦੀ ਜ਼ਿੰਮੇਵਾਰੀ ਸੰਭਾਲ ਰਹੇ ਹਨ।
ਮਿਨਰਵਾ ਅਕਾਡਮੀ ਐੱਫਸੀ ’ਚ ਗਰਾਸ ਰੂਟ ’ਤੇ ਖਿਡਾਰੀ ਤਿਆਰ ਕਰਨ ਦਾ ਅੰਦਾਜ਼ਾ ਇਸ ਤੋਂ ਲਗਾਇਆ ਜਾ ਸਕਦਾ ਹੈ ਕਿ ਭਾਰਤ ’ਚ ਖੇਡੇ ਗਏ ਫੀਫਾ ਵਰਲਡ ਕੱਪ ਅੰਡਰ-17 ’ਚ ਮੇਜ਼ਬਾਨ ਸੌਕਰ ਟੀਮ ਦੇ 21 ਮੈਂਬਰੀ ਦਸਤੇ ’ਚ 4 ਖਿਡਾਰੀ ਅਨਵਰ ਅਲੀ, ਜੈਕਸਨ ਸਿੰਘ, ਨੋਂਗਦੰਬਾ ਸਿੰਘ ਨੌਰਮ ਅਤੇ ਅਤੇ ਮੁਹੰਮਦ ਸ਼ਾਹਜਹਾਨ ਸ਼ਾਮਲ ਸਨ।
ਅਟੈਕਿੰਗ ਮਿੱਡਫੀਲਡਰ ਜੈਕਸਨ ਸਿੰਘ: ਕੌਮੀ ਟੀਮ ਦੇ 21 ਮੈਂਬਰੀ ਦਸਤੇ ’ਚ ਮੈਦਾਨ ’ਚ ਮੱਧ ਪੰਕਤੀ ’ਚ ਖੇਡਣ ਵਾਲੇ ਜੈਕਸਨ ਸਿੰਘ ਨੂੰ ਸ਼ਾਮਲ ਕੀਤਾ ਗਿਆ ਹੈ। ਜੈਕਸਨ ਸਿੰਘ ਨੇ ਯੂਥ ਕਰੀਅਰ ਦਾ ਆਗਾਜ਼ ਸਾਲ-2016 ’ਚ ਮਿਨਰਵਾ ਫੁਟਬਾਲ ਸੈਂਟਰ ਵਲੋਂ ਖੇਡਣ ਸਦਕਾ ਕੀਤਾ। ਜੈਕਸਨ ਸਿੰਘ ਦੇਸ਼ ਦਾ ਪਹਿਲਾ ਫੁਟਬਾਲਰ ਹੈ, ਜਿਸ ਨੂੰ ਫੀਫਾ ਵਿਸ਼ਵ ਕੱਪ ’ਚ ਪਹਿਲਾ ਗੋਲ ਕੋਲੰਬੀਆ ਵਿਰੁੱਧ ਕਰਨ ਦਾ ਹੱਕ ਹਾਸਲ ਹੋਇਆ ਹੈ। ਅੰਡਰ-20 ਕੌਮੀ ਟੀਮ ਦੀ ਪ੍ਰਤੀਨਿੱਧਤਾ ਕਰਨ ਵਾਲਾ ਜੈਕਸਨ ਸਿੰਘ ਇੰਡੀਅਨ ਸੁਪਰ ਲੀਗ ’ਚ ਕੇਰਲਾ ਬਲਾਸਟਰ ਐੱਫਸੀ ਦੀ ਨੁਮਾਇੰਦਗੀ ਕਰਦਾ ਹੈ। 21 ਸਾਲਾ ਜੈਕਸਨ ਸਿੰਘ ਅੰਡਰ-17 ਫੀਫਾ ਵਰਲਡ ਕੱਪ ਖੇਡਣ ਵਾਲੀ ਟੀਮ ਦੇ ਕਪਤਾਨ ਅਮਰਜੀਤ ਸਿੰਘ ਕਿਆਮ ਦਾ ਚਚੇਰਾ ਭਰਾ ਹੈ।
ਫੁਟਬਾਲਰ ਸੁਦੇਸ਼ ਝਿੰਗਨ: ਚੰਡੀਗੜ੍ਹ ਦਾ 28 ਸਾਲਾ ਸੁਦੇਸ਼ ਝਿੰਗਨ ਦੇਸ਼ ਦਾ 27ਵਾਂ ਫੁਟਬਾਲਰ ਹੈ, ਜਿਸ ਨੂੰ ‘ਅਰਜੁਨਾ ਅਵਾਰਡ’ ਸਨਮਾਨ ਦਿੱਤਾ ਗਿਆ ਹੈ। ਮਿਨਰਵਾ ਫੁਟਬਾਲ ਅਕਾਡਮੀ ਤੋਂ ਟਰੇਂਡ ਸੁਦੇਸ਼ ਝਿੰਗਨ ਮੈਦਾਨ ’ਚ ਡਿਫੈਂਡਰ ਦੀ ਪੁਜ਼ੀਸ਼ਨ ’ਤੇ ਖੇਡਦਾ ਹੈ। ਆਲ ਇੰਡੀਆ ਫੁਟਬਾਲ ਫੈਡਰੇਸ਼ਨ ਵਲੋਂ 2014 ’ਚ ‘ਏਆਈਐਫਐਫ’ ਐਮਰਜਿੰਗ ਪਲੇਅਰ ਆਫ ਦਿ ਯੀਅਰ’ ਨਾਮਜ਼ਦ ਹੋਏ ਸੁਦੇਸ਼ ਝਿੰਗਨ ਸੀਨੀਅਰ ਟੀਮ ਵਲੋਂ ਖੇਡੇ 36 ਕੌਮਾਂਤਰੀ ਮੈਚਾਂ ’ਚ 4 ਗੋਲ ਕਰਨ ਦਾ ਕਰਿਸ਼ਮਾ ਕਰ ਚੁੱਕਾ ਹੈ। ਇੰਡੀਅਨ ਸੁਪਰ ਲੀਗ ’ਚ ਕੇਰਲਾ ਬਲਾਸਟਰਜ਼ ਐਫਸੀ ਦੀ ਨੁਮਾਇੰਦਗੀ ਕਰਨ ਵਾਲਾ ਸੁਦੇਸ਼ ਝਿੰਗਨ ਨੂੰ 2017 ’ਚ ਕੇਰਲਾ ਬਲਾਸਟਰਜ਼ ਦੀ ਟੀਮ ਦੀ ਕਪਤਾਨ ਥਾਪਿਆ ਗਿਆ। ਸੁਦੇਸ਼ ਝਿੰਗਨ ’ਤੇ ਦੇਸ਼ ਤੋਂ ਇਲਾਵਾ ਕਈ ਵਿਦੇਸ਼ੀ ਫੁਟਬਾਲ ਕਲੱਬ ਵੀ ਆਪਣੀਆਂ ਟੀਮਾਂ ’ਚ ਖਿਡਾਉਣ ਲਈ ਦਿਲਚਸਪੀ ਲੈ ਰਹੇ ਹਨ।
ਸੈਂਟਰ ਮਿੱਡਫੀਲਡਰ ਅਨਿਰੁਧ ਥਾਪਾ: ਚੇਨਈਅਨ ਐਫਸੀ ਵਲੋਂ 55 ਮੈਚਾਂ ’ਚ ਦੋ ਗੋਲ ਦਾਗਣ ਵਾਲੇ ਅਨਿਰੁਧ ਥਾਪਾ ਨੂੰ 2017 ’ਚ ਜ਼ਿਲ੍ਹਾ ਮੋਹਾਲੀ ਦੇ ਪਿੰਡ ਦਾਊਂ ’ਚ ਸਥਿਤ ਮਿਨਰਵਾ ਪੰਜਾਬ ਫੁਟਬਾਲ ਕਲੱਬ ਵਲੋਂ ਖੇਡਣ ਦਾ ਹੱਕ ਹਾਸਲ ਹੋਇਆ। ਅਨਿਰੁਧ ਥਾਪਾ ਨੇ 2016 ’ਚ 18 ਸਾਲਾ ਉਮਰ ’ਚ ਚੇਨਈਅਨ ਐਫਸੀ ਦੀ ਟੀਮ ’ਚ ਖੇਡਣ ਲਈ ਕੰਟਰੈਕਟ ਸਾਈਨ ਕੀਤਾ ਸੀ। ਥਾਪਾ ਨੂੰ ਅੰਡਰ-16 ਕੌਮੀ ਫੁਟਬਾਲ ਟੀਮ ਨਾਲ ਸੈਫ ਫੁਟਬਾਲ ਤੇ ਏਐਫਸੀ (ਏਸ਼ੀਅਨ ਫੁਟਬਾਲ ਕੱਪ) ਖੇਡਣ ਦਾ ਹੱਕ ਹਾਸਲ ਹੈ। 2018 ’ਚ ਆਲ ਇੰਡੀਆ ਫੁਟਬਾਲ ਫੈਡਰੇਸ਼ਨ ਵਲੋਂ ‘ਏਆਈਐਫਐਫ ਮੈਨਜ਼ ਅਮੇਜਿੰਗ ਪਲੇਅਰ ਆਫ ਦਿ ਯੀਅਰ’ ਅਵਾਰਡ ਹਾਸਲ ਕਰਨ ਵਾਲੇ ਅਨਿਰੁਧ ਥਾਪਾ ਨੂੰ 2017 ’ਚ ਕਿੰਗ ਫੁਟਬਾਲ ਕੱਪ ਖੇਡਣ ਲਈ ਸੀਨੀਅਰ ਕੌਮੀ ਟੀਮ ’ਚ ਸ਼ਾਮਲ ਕੀਤਾ ਗਿਆ। ਕੌਮੀ ਸੌਕਰ ਟੀਮ ਦੀ 24 ਮੈਚਾਂ ’ਚ ਪ੍ਰਤੀਨਿੱਧਤਾ ਕਰ ਚੁੱਕੇ ਅਨਿਰੁਧ ਥਾਪਾ ਜੂਨੀਅਰ ਕੌਮੀ ਟੀਮਾਂ ਅੰਡਰ-14, ਅੰਡਰ-16, ਅੰਡਰ-17, ਅੰਡਰ-19 ਤੇ ਅੰਡਰ-23 ’ਚ ਕੌਮਾਂਤਰੀ ਪੱਧਰ ’ਤੇ ਨੁਮਾਇੰਦਗੀ ਕਰਨ ਦਾ ਮਾਣ ਹਾਸਲ ਹੈ।
ਸੈਂਟਰ ਬੈਕ ਅਨਵਰ ਅਲੀ: ਮਿਨਰਵਾ ਅਕਾਡਮੀ ਐਫਸੀ ਤੋਂ ਕਰੀਅਰ ਦਾ ਆਗਾਜ਼ ਕਰਨ ਵਾਲਾ ਅਨਵਰ ਅਲੀ ਨੂੰ ਦੇਸ਼ ’ਚ ਖੇਡੇ ਗਏ ਅੰਡਰ-17 ਫੀਫਾ ਵਰਲਡ ਕੱਪ ’ਚ ਕੌਮੀ ਟੀਮ ਦੀ ਪ੍ਰਤੀਨਿੱਧਤਾ ਕਰਨ ਦਾ ਮਾਣ ਹਾਸਲ ਹੈ। 10 ਅਗਸਤ, 2000 ’ਚ ਜ਼ਿਲ੍ਹਾ ਜਲੰਧਰ ’ਚ ਜਨਮੇ ਅਨਵਰ ਅਲੀ ਪ੍ਰੋਫੈਸ਼ਨਲ ਪੱਧਰ ’ਤੇ ਇੰਡੀਅਨ ਐਰੋਜ਼ ਤੇ ਮੁੰਬਈ ਸਿਟੀ ਐਫਸੀ ਦੀ ਟੀਮ ਵਲੋਂ ਖੇਡਣ ਤੋਂ ਇਸ ਸਾਲ ਬੰਗਾਲ ਦੇ ਪ੍ਰਸਿੱਧ ਮੁਹੰਮਡਨ ਸਪੋਰਟਿੰਗ ਐਫਸੀ ਦਾ ਦਾਮਨ ਫੜ੍ਹਿਆ ਸੀ। ਅਨਵਰ ਅਲੀ ਨੇ ਚੇਨਈ ਸਿਟੀ ਦੀ ਟੀਮ ਵਿਰੁੱਧ ਪੋ੍ਰਫੈਸ਼ਨਲ ਕਰੀਅਰ ਦਾ ਆਗਾਜ਼ ਕੀਤਾ। ਅਨਵਰ ਨੂੰ ਅੰਡਰ-17, ਅੰਡਰ-20 ਅਤੇ ਅੰਡਰ-23 ਕੌਮੀ ਫੁਟਬਾਲ ਟੀਮਾਂ ਦੀ ਨੁਮਾਇੰਦਗੀ ਕਰਨ ਦਾ ਹੱਕ ਹਾਸਲ ਹੈ। ਡਿਫੈਂਡਰ ਦੀ ਪੁਜ਼ੀਸ਼ਨ ’ਤੇ ਖੇਡਣ ਵਾਲੇ ਅਨਵਰ ਅਲੀ ਵਲੋਂ ਦਾਗੇ ਗੋਲ ਸਦਕਾ ਅੰਡਰ-20 ਕੌਮੀ ਟੀਮ ਨੇ ਕੋਟਿਫ ਫੁਟਬਾਲ ਕੱਪ ’ਚ ਜੇਤੂ ਗੋਲ ਦਾਗਿਆ ਸੀ।
ਹਾਫ ਬੈਕ ਰੁਈਆ ਹਾਰਮੀਪਮ: ਇੰਡੀਅਨ ਸੁਪਰ ਲੀਗ ’ਚ ਕੇਰਲਾ ਬਲਾਸਟਰਜ਼ ਦੀ ਫੁਟਬਾਲ ਟੀਮ ਦੀ ਪ੍ਰਤੀਨਿੱਧਤਾ ਕਰਨ ਵਾਲਾ ਰੁਈਆ ਹਾਰਮੀਪਮ ਨੇ 2018 ਤੋਂ ਮਿਨਰਵਾ ਅਕਾਡਮੀ ਫੁਟਬਾਲ ਕਲੱਬ ਤੋਂ ਯੂਥ ਕਰੀਅਰ ਦਾ ਆਗਾਜ਼ ਕੀਤਾ। ਸੀਨੀਅਰ ਕੌਮੀ ਟੀਮ ’ਚ ਦਾਖਲਾ ਹਾਸਲ ਕਰਨ ਵਾਲੇ 21 ਸਾਲਾ ਰੁਈਆ ਹਾਰਮੀਪਮ ਨੂੰ ਅੰਡਰ-18, ਅੰਡਰ-20 ਤੇ ਅੰਡਰ-23 ਕੌਮੀ ਫੁਟਬਾਲ ਟੀਮਾਂ ਦੀ ਨੁਮਾਇੰਦਗੀ ਕਰਨ ਦਾ ਹੱਕ ਹਾਸਲ ਹੈ।
ਸੈਂਟਰ ਸਟਰਾਈਕਰ ਮਨਵੀਰ ਸਿੰਘ: ਅੰਡਰ-18, ਯੂਥ ਲੀਗ 2017 ’ਚ ਟਾਪ ਸਕੋਰਰ ਦਾ ਹੱਕ ਹਾਸਲ ਮਨਵੀਰ ਸਿੰਘ ਨੇ ਯੂਥ ਕਰੀਅਰ ਦਾ ਆਗਾਜ਼ ਮਿਨਰਵਾ ਫੁਟਬਾਲ ਕਲੱਬ ਵਲੋਂ ਕੀਤਾ ਸੀ। ਅੰਡਰ-20 ਕੌਮੀ ਸੌਕਰ ਟੀਮ ਦੀ ਨੁਮਾਇੰਦਗੀ ਕਰ ਚੁੱਕਾ ਮਨਵੀਰ ਸਿੰਘ, ਇੰਡੀਅਨ ਸੁਪਰ ਲੀਗ ਖੇਡਣ ਲਈ ਨੌਰਥ-ਈਸਟ ਯੂਨਾਈਟਿਡ ਦੀ ਟੀਮ ਨਾਲ ਮੈਦਾਨ ’ਚ ਦੋ-ਦੋ ਹੱਥ ਕਰਦਾ ਹੈ।
ਫੋਟੋ ਕੈਪਸ਼ਨਾਂ:(੨੫੨੫੦) ਅਟੈਕਿੰਗ ਮਿੱਡਫੀਲਡਰ ਜੈਕਸਨ ਸਿੰਘ, (੨੫੨੫੧) ਸੈਂਟਰ ਸਟਰਾਈਕਰ ਮਨਵੀਰ ਸਿੰਘ (੨੫੨੫੨) ਲੈਫਟ ਫੁੱਲ ਬੈਕ ਸੁਦੇਸ਼ ਝਿੰਗਨ (੨੫੨੫੩) ਸੈਂਟਰ ਮਿੱਡਫੀਲਡਰ ਅਨਿਰੁਧ ਥਾਪਾ (੨੫੨੫੪) ਸੈਂਟਰ ਬੈਕ ਅਨਵਰ ਅਲੀ (੨੫੨੫੫) ਹਾਫ ਬੈਕ ਰੁਈਆ ਹਾਰਮੀਪਮ