ਮੋਰਿੰਡਾ, 22 ਮਾਰਚ (ਭਟੋਆ)
ਅਮਰ ਸ਼ਹੀਦ ਬਾਬਾ ਅਜੀਤ ਸਿੰਘ ਜੁਝਾਰ ਸਿੰਘ ਮੈਮੋਰੀਅਲ ਕਾਲਜ ਬੇਲਾ ਦਾ 47ਵਾਂ ਖੇਡ ਮੇਲਾ ਸਮਾਪਤ ਹੋਇਆ। ਕਾਲਜ ਦੇ 47ਵੇਂ ਸਾਲਾਨਾ ਖੇਡ ਮੇਲੇ ਤੇ ਮੁੱਖ ਮਹਿਮਾਨ ਪ੍ਰਬੰਧਕ ਕਮੇਟੀ ਦੇ ਮੈਨੇਜਰ ਸੁਖਵਿੰਦਰ ਸਿੰਘ ਵਿਸਕੀ ਨੇ ਝੰਡਾ ਲਹਿਰਾਉਣ ਦੀ ਰਸਮ ਅਦਾ ਕਰਦਿਆਂ ਕਾਲਜ ਦੇ ਖੇਡ ਮੇਲੇ ਨੂੰ ਸ਼ੁਰੂ ਕਰਨ ਦਾ ਐਲਾਨ ਕੀਤਾ। ਵੱਖ ਵੱਖ ਵਿਭਾਗਾਂ ਵੱਲੋਂ ਐਨਸੀਸੀ ਦੇ ਕੈਡਿਟਾਂ ਦੀ ਅਗਵਾਈ ਹੇਠ ਮਾਰਚ ਪਾਸਟ ਕੀਤਾ ਗਿਆ। ਵਿਦਿਆਰਥਣ ਮਨਪ੍ਰੀਤ ਕੌਰ ਦੀ ਅਗਵਾਈ ਹੇਠ ਸਾਰੇ ਪ੍ਰਤੀਭਾਗੀਆਂ ਨੇ ਸਹੁੰ ਚੁੱਕੀ। ਸ੍ਰੀ ਵਿਸਕੀ ਨੇ ਖੇਡਾਂ ਦੀ ਮਹੱਤਤਾ ਦਾ ਜਿਕਰ ਕਰਦਿਆਂ ਕਿਹਾ ਕਿ ਐਥਲੈਟਿਕ ਗਤੀਵਿਧੀਆਂ ਬਹੁਪੱਖੀ ਵਿਕਾਸ ਲਈ ਬਹੁਤ ਜਰੂਰੀ ਹਨ। ਉਨ੍ਹਾਂ ਬੇਲਾ ਕਾਲਜ ਦੇ ਨੈਸ਼ਨਲ ਖਿਡਾਰੀ ਗੁਰਜੀਤ ਸਿੰਘ (125 ਕਿਲੋ), ਗੁਰਜੀਤ ਸਿੰਘ (96 ਕਿਲੋ) ਅਤੇ ਪਵਨਦੀਪ (70 ਕਿਲੋ) ਨੂੰ ਸਨਮਾਨਿਤ ਕੀਤਾ। ਪ੍ਰਿੰਸੀਪਲ ਡਾ. ਸਤਵੰਤ ਕੌਰ ਸ਼ਾਹੀ ਨੇ ਦੱਸਿਆ ਕਿ ਖੇਡਾਂ ਮਨੁੱਖ ਦੀ ਅਨੁਸ਼ਾਸ਼ਨ, ਲਗਨ, ਦਇਆ ਅਤੇ ਸਮਰਪਣ ਦੀਆਂ ਸੀਮਾਵਾਂ ਨੂੰ ਪਰਖਣ ਅਤੇ ਪਾਰ ਕਰਨ ਦਾ ਤਰੀਕਾ ਹੈ। ਅੰਤਰ ਵਿਭਾਗੀ ਟੱਗ ਆਫ ਦੇ ਮੁਕਾਬਲੇ ਵਿੱਚ ਕੰਪਿਊਟਰ ਵਿਭਾਗ ਦੇ ਲੜਕਿਆਂ ਨੇ ਟਰਾਫੀ ਜਿੱਤੀ ਅਤੇ ਹਿਊਮੈਨਟੀਜ਼ ਵਿਭਾਗ ਰਨਰਅੱਪ ਰਿਹਾ। ਲੜਕੀਆਂ ਦੇ ਮੁਕਾਬਲਿਆਂ ਜਿਵੇਂ ਲੰਬੀ ਛਾਲ, ਟ੍ਰਿਪਲ ਜੰਪ, ਸ਼ਾਟ-ਪੁੱਟ, ਡਿਸਕਸ ਥ੍ਰੋਅ, ਨਿੰਬੂ ਚਮਚਾ ਰੇਸ, ਥ੍ਰੀ ਲੈੱਗ ਰੇਸ ਆਦਿ ਦੇ ਜੇਤੂ ਵਿਦਿਆਰਥੀਆਂ ਨੂੰ ਕਾਲਜ ਕਮੇਟੀ ਦੇ ਪ੍ਰਧਾਨ ਸੰਗਤ ਸਿੰਘ ਲੌਂਗੀਆਂ ਨੇ ਮੈਡਲ ਪਾ ਕੇ ਸਨਮਾਨਿਤ ਕੀਤਾ। ਉਨ੍ਹਾਂ ਕਾਲਜ ਦੇ ਹੋਣਹਾਰ ਖਿਡਾਰੀ ਸੈਫ ਉਲਾ (65 ਕਿਲੋ) ਅਤੇ ਜਗਵਿੰਦਰ ਸਿੰਘ (85 ਕਿਲੋ) ਨੂੰ ਵੀ ਸਨਮਾਨਿਤ ਕੀਤਾ। ਲੜਕਿਆਂ ਵਿੱਚ ਰਸ਼ਮਪ੍ਰੀਤ ਸਿੰਘ (ਬੀਬੀਏ) ਨੂੰ ਸਰਬੋਤਮ ਅਥਲੀਟ ਚੁਣਿਆ ਗਿਆ। ਲੜਕੀਆਂ ਵਿੱਚੋਂ ਦੋ ਵਿਦਿਆਰਥਣਾ ਕੋਮਲਪ੍ਰੀਤ ਕੌਰ (ਬੀਏ) ਅਤੇ ਪ੍ਰਤਿਮਾ ਚੌਹਾਨ ( ਬੀ ਵਾਕ ਆਰਐਮਆਈਟੀ) ਨੇ ਬਰਾਬਰ ਅੰਕ ਲੈ ਕੇ ਸਰਬੋਤਮ ਖਿਡਾਰਣਾਂ ਦਾ ਖਿਤਾਬ ਜਿੱਤਿਆ। ਇਨ੍ਹਾਂ ਸਰਬੋਤਮ ਵਿਦਿਆਰਥੀਆਂ ਨੂੰ ਕਮੇਟੀ ਦੇ ਸਕੱਤਰ ਜਗਵਿੰਦਰ ਸਿੰਘ ਪੰਮੀ ਨੇ ਇਨਾਮ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਪ੍ਰੋ. ਅਮਰਜੀਤ ਸਿੰਘ, ਪ੍ਰੋ. ਪ੍ਰਿਤਪਾਲ ਸਿੰਘ, ਡਾ. ਮਮਤਾ ਅਰੋੜਾ, ਡਾ. ਬਲਜੀਤ ਸਿੰਘ, ਪ੍ਰੋ. ਸੁਨੀਤਾ ਰਾਣੀ, ਪ੍ਰੋ. ਇਸ਼ੂ ਬਾਲਾ, ਪ੍ਰੋ. ਰਾਕੇਸ਼ ਜੋਸ਼ੀ ਅਤੇ ਪ੍ਰੋ. ਗੁਰਲਾਲ ਸਿੰਘ ਆਦਿ ਹਾਜਰ ਸਨ।
ਕੈਪਸ਼ਨ: ਕਾਲਜ ਬੇਲਾ ਵਿਖੇ ਖੇਡ ਮੇਲੇ ਦੌਰਾਨ ਸਨਮਾਨਿਤ ਕੀਤੇ ਗਏ ਨੈਸ਼ਨਲ ਜੇਤੂ ਖਿਡਾਰੀ ਪ੍ਰਬੰਧਕਾ ਨਾਲ।