ਵੈਕਟਰ ਬੌਰਨ ਬਿਮਾਰੀਆਂ ਦੀ ਰੋਕਥਾਮ ਲਈ ਜਾਗਰੂਕਤਾ ਅਹਿਮ ਉਪਾਅ : ਸਿਵਲ ਸਰਜਨ ਡਾ. ਆਦਰਸ਼ਪਾਲ ਕੌਰ
ਮੋਹਾਲੀ, 12 ਮਾਰਚ (ਦੇਸ਼ ਕਲਿੱਕ ਬਿਓਰੋ) : ਸਿਵਲ ਸਰਜਨ ਡਾ. ਆਦਰਸ਼ਪਾਲ ਕੌਰ ਦੀ ਅਗਵਾਈ ਹੇਠ ਸਿਵਲ ਸਰਜਨ ਦਫ਼ਤਰ ਵਿਖੇ ਮਲਟੀਪਰਪਜ਼ ਸਿਹਤ ਵਰਕਰਾਂ ਨੂੰ ਮੱਛਰ, ਮੱਖੀ ਆਦਿ ਦੇ ਕੱਟਣ ਨਾਲ ਹੋਣ ਵਾਲੀਆਂ ਬੀਮਾਰੀਆਂ ਅਤੇ ਮਨੁੱਖੀ ਸਿਹਤ ’ਤੇ ਵਾਤਾਵਰਣ ਤਬਦੀਲੀ ਦੇ ਅਸਰ ਤੋਂ ਬਚਾਅ ਲਈ (ਐਨਵੀਬੀਡੀਸੀਪੀ) ਤੇ (ਐਨਪੀਸੀਸੀਐਚਐਚ) ਰਾਸ਼ਟਰੀ ਪ੍ਰੋਗਰਾਮਾਂ ਤਹਿਤ ਟ੍ਰੇਨਿੰਗ ਦਿੱਤੀ ਗਈ।
ਡਾ. ਆਦਰਸ਼ਪਾਲ ਕੌਰ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਇਸ ਟ੍ਰੇਨਿੰਗ ਦਾ ਮੁੱਖ ਉਦੇਸ਼ ਵੈਕਟਰ ਬੌਰਨ ਬਿਮਾਰੀਆਂ ਜਿਵੇਂ ਮਲੇਰੀਆ, ਡੇਂਗੂ, ਚਿਕਨਗੁਨੀਆ, ਕਾਲਾ ਅਜਾਰ ਆਦਿ ਨੂੰ ਕੰਟਰੋਲ ਕਰਨਾ ਅਤੇ ਜਾਗਰੂਕ ਕਰਨਾ ਹੈ। ਉਨ੍ਹਾਂ ਕਿਹਾ ਕਿ ਇਹ ਸਿਖਲਾਈ ਪ੍ਰਾਪਤ ਕਰਨ ਤੋਂ ਬਾਅਦ ਆਮ ਲੋਕਾਂ ਨੂੰ ਹੋਰ ਜ਼ਿਆਦਾ ਜਾਗਰੂਕ ਕਰਨ ਦੇ ਨਾਲ-ਨਾਲ ਮਰੀਜ਼ਾਂ ਦੀ ਹੋਰ ਪ੍ਰਭਾਵਸ਼ਾਲੀ ਢੰਗ ਨਾਲ ਸਹੀ ਪਛਾਣ ਅਤੇ ਇਲਾਜ ਨੂੰ ਯਕੀਨੀ ਬਣਾਇਆ ਜਾਵੇ। ਉਨ੍ਹਾਂ ਬਿਮਾਰੀਆਂ ਦੀ ਪਛਾਣ, ਜਾਂਚ, ਇਲਾਜ ਅਤੇ ਐਮਰਜੈਂਸੀ ਸਥਿਤੀ ਨਾਲ ਨਜਿੱਠਣ ਦੀ ਸਿੱਖਿਆ ਵੀ ਦਿੱਤੀ।
ਜ਼ਿਲ੍ਹਾ ਐਪੀਡੀਮੋਲੋਜਿਸਟ ਡਾ. ਵਿਕਰਾਂਤ ਨਾਗਰਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਐਕਟਿਵ ਸਰਵੀਲੈਂਸ ਅਤੇ ਪੈਸਿਵ ਸਰਵੀਲੈਂਸ ਅਧੀਨ ਹਰ ਬੁਖਾਰ ਦੇ ਕੇਸ ਦੀ ਮਲੇਰੀਆ ਸਲਾਈਡ ਬਣਾਈ ਜਾਵੇ। ਮਲੇਰੀਆ ਦਾ ਟੈਸਟ ਸਾਰੀਆਂ ਸਰਕਾਰੀ ਸਿਹਤ ਸੰਸਥਾਵਾਂ ਵਿੱਚ ਮੁਫਤ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਵਾਤਾਵਰਣ ਤਬਦੀਲੀ ਦਾ ਮਨੁੱਖੀ ਸਿਹਤ ’ਤੇ ਡਾਢਾ ਅਸਰ ਪੈ ਰਿਹਾ ਹੈ ਜਿਸ ਕਾਰਨ ਇਸ ਪ੍ਰੋਗਰਾਮ ਦੀ ਅਹਿਮੀਅਤ ਹੋਰ ਜ਼ਿਆਦਾ ਵਧ ਗਈ ਹੈ। ਜਿਥੇ ਵੀ ਡੇਂਗੂ ਆਦਿ ਦੇ ਕੇਸ ਸਾਹਮਣੇ ਆਉਂਦੇ ਹਨ, ਉਥੇ ਚਲਾਨ ਕਰਨ ਦੀ ਕਾਰਵਾਈ ਦੇ ਨਾਲ-ਨਾਲ ਲੋਕਾਂ ਨੂੰ ਜਾਗਰੂਕ ਕੀਤਾ ਜਾਵੇ। ਉਨ੍ਹਾਂ ਦੱਸਿਆ ਕਿ ਮਲੇਰੀਆ ਦੇ ਮਰੀਜ਼ ਸਾਹਮਣੇ ਆਉਣ ਉੱਤੇ ਪ੍ਰਭਾਵਿਤ ਇਲਾਕਿਆਂ ਵਿਚ ਸਾਰੀ ਆਬਾਦੀ ਦਾ ਫੀਵਰ ਸਰਵੇ ਕਰਵਾਇਆ ਜਾਵੇ ਅਤੇ ਮਲੇਰੀਆ ਦੀਆਂ ਬਲੱਡ ਸਲਾਈਡਾਂ ਬਣਾਈਆਂ ਜਾਣ। ਉਨ੍ਹਾਂ ਨੇ ਦੱਸਿਆ ਕਿ ਇਹ ਜ਼ਰੂਰੀ ਹੈ ਕਿ ਛੱਪੜਾਂ, ਨਹਿਰਾਂ, ਸੂਏ ਆਦਿ ਦੇ ਕੰਢੇ ਸਾਫ ਰੱਖੇ ਜਾਣ ਅਤੇ ਕਿਤੇ ਵੀ ਪਾਣੀ ਖੜ੍ਹਾ ਨਾ ਹੋਣ ਦਿੱਤਾ ਜਾਵੇ। ਆਪਣੇ-ਆਪ ਨੂੰ ਮੱਛਰਾਂ ਦੇ ਕੱਟਣ ਤੋਂ ਬਚਾਉਣ ਵਾਸਤੇ ਕੱਪੜੇ ਅਜਿਹੇ ਪਾਉਣੇ ਚਾਹੀਦੇ ਹਨ, ਜਿਨ੍ਹਾਂ ਨਾਲ ਸਰੀਰ ਪੂਰੀ ਤਰ੍ਹਾਂ ਢੱਕਿਆ ਰਹੇ ਅਤੇ ਮੱਛਰ ਨਾ ਕੱਟ ਸਕੇ। ਮੱਛਰਦਾਨੀ ਅਤੇ ਮੱਛਰ ਭਜਾਊ ਕਰੀਮਾਂ ਦੀ ਵਰਤੋਂ ਕੀਤੀ ਜਾਵੇ ਤਾਂ ਜੋ ਮਲੇਰੀਆ, ਡੇਂਗੂ ਤੋਂ ਬਚਾਅ ਕੀਤਾ ਜਾ ਸਕੇ। ਉਨ੍ਹਾਂ ਪਾਣੀ ਨਾਲ ਹੋਣ ਵਾਲੀਆਂ ਬਿਮਾਰੀਆਂ ਸਬੰਧੀ ਜਾਗਰੂਕ ਕੀਤਾ ਅਤੇ ਦੱਸਿਆ ਕਿ ਦੂਸ਼ਿਤ ਪਾਣੀ ਪੀਣ ਨਾਲ ਡਾਈਰੀਆ, ਹੈਜ਼ਾ, ਟਾਈਫਾਈਡ, ਪੀਲੀਆ ਆਦਿ ਬਿਮਾਰੀਆਂ ਹੁੰਦੀਆਂ ਹਨ, ਜਿਨ੍ਹਾਂ ਵਿੱਚੋਂ ਹੈਜਾ ਬਹੁਤ ਹੀ ਖਤਰਨਾਕ ਹੈ। ਉਨ੍ਹਾਂ ਨੂੰ ਸਾਫ ਸੋਮਿਆਂ ਤੋਂ ਪਾਣੀ ਵਰਤਣ ਲਈ ਕਿਹਾ ਗਿਆ। ਜੇਕਰ ਟੱਟੀਆਂ-ਉਲਟੀਆਂ ਦੀ ਸ਼ਿਕਾਇਤ ਹੁੰਦੀ ਹੈ ਤਾਂ ਤੁਰੰਤ ਕਿਸੇ ਨਿੱਜੀ ਸਿਹਤ ਕੇਂਦਰ ਤੇ ਡਾਕਟਰੀ ਜਾਂਚ ਕਰਵਾਈ ਜਾਵੇ। ਉਨ੍ਹਾਂ ਨੇ ਸਾਰੇ ਹੈਲਥ ਵਰਕਰਾਂ ਨੂੰ ਹਦਾਇਤ ਕੀਤੀ ਕਿ ਆਪੋ-ਆਪਣੇ ਬਲਾਕ ਵਿੱਚ ਦਿੱਤੀ ਜਾਣਕਾਰੀ ਨੂੰ ਲੋਕਾਂ ਤੱਕ ਪਹੁੰਚਾਇਆ ਜਾਵੇ ਅਤੇ ਇਸ ਸਬੰਧੀ ਜਾਗਰੂਕਤਾ ਕੈਂਪ ਲਗਾਏ ਜਾਣ। ਜੇ ਕਿਸੇ ਨੂੰ ਬੁਖਾਰ ਦੀ ਸ਼ਿਕਾਇਤ ਹੁੰਦੀ ਹੈ ਤਾਂ ਨੇੜੇ ਦੀ ਸਿਹਤ ਸੰਸਥਾ ਵਿੱਚ ਖੂਨ ਦੀ ਜਾਂਚ ਕਰਵਾਈ ਜਾਵੇ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਮੈਡੀਸਨ ਮਾਹਰ ਡਾ. ਰਾਜਵੀਰ ਸਿੰਘ, ਡਾ. ਵਿਕਰਮ ਜੱਸਲ, ਡਾ. ਹਰਮਨਦੀਪ ਕੌਰ, ਹੈਲਥ ਇੰਸਪੈਕਟਰ ਗੁਰਪ੍ਰੀਤ ਸਿੰਘ, ਸਿਹਤ ਵਰਕਰ ਬਲਜੀਤ ਸਿੰਘ, ਹਰਪ੍ਰੀਤ ਸਿੰਘ ਆਦਿ ਮੌਜੂਦ ਸਨ।