ਬੂਥਗੜ੍ਹ , 9 ਮਾਰਚ : ਦੇਸ਼ ਕਲਿੱਕ ਬਿਓਰੋ
ਪ੍ਰਾਇਮਰੀ ਹੈਲਥ ਸੈਂਟਰ (ਪੀ.ਐਚ.ਸੀ.) ਬੂਥਗੜ੍ਹ ਵਿਖੇ ਨਿੱਕੇ ਬੱਚਿਆਂ ਦੀ ਘਰੇਲੂ ਦੇਖਭਾਲ ਪ੍ਰੋਗਰਾਮ ਅਧੀਨ ਆਸ਼ਾ ਵਰਕਰਾਂ ਵੱਲੋਂ ਘਰਾਂ ਦੇ 5 ਵਾਧੂ ਦੌਰੇ ਕਰਨ ਸਬੰਧੀ ਪਹਿਲੇ ਬੈਚ ਦੀ ਪੰਜ ਦਿਨਾ ਟ੍ਰੇਨਿੰਗ ਸਫ਼ਲਤਾ ਨਾਲ ਮੁਕੰਮਲ ਹੋ ਗਈ। ਟਰੇਨਿੰਗ ਵਿਚ ਪਹਿਲੇ ਤਿੰਨ ਦਿਨ ਬਲਾਕ ਦੀਆਂ ਆਸ਼ਾ ਫੈਸੀਲੀਟੇਟਰਜ਼ ਅਤੇ ਆਸ਼ਾ ਵਰਕਰਾਂ ਅਤੇ ਆਖ਼ਰੀ ਦੋ ਦਿਨ ਏ.ਐਨ.ਐਮਜ਼ ਨੇ ਭਾਗ ਲਿਆ। ਟਰੇਨਿੰਗ ਦੇ ਆਖ਼ਰੀ ਦਿਨ ਜ਼ਿਲ੍ਹਾ ਪ੍ਰੋਗਰਾਮ ਮੈਨੇਜਰ ਰਾਜੀਵ ਚੌਧਰੀ ਨੇ ਏ.ਐਨ.ਐਮਜ਼, ਆਸ਼ਾ ਵਰਕਰਾਂ ਤੇ ਆਸ਼ਾ ਫੈਸੀਲੀਟੇਟਰਜ਼ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਇਹ ਟ੍ਰੇਨਿੰਗ ਆਸ਼ਾ ਵਰਕਰਾਂ ਦੇ ਮੌਜੂਦਾ ਗਿਆਨ ਵਿਚ ਵਾਧਾ ਕਰੇਗੀ ਅਤੇ ਬੱਚਿਆਂ ਦੇ ਮੁੱਢਲੇ ਵਿਕਾਸ ਲਈ ਨਵੀਆਂ ਕੁਸ਼ਲਤਾਵਾਂ ਵਿਕਸਤ ਕਰਨ ਵਿਚ ਸਹਾਇਤਾ ਕਰੇਗੀ। ਉਨ੍ਹਾਂ ਕਿਹਾ ਕਿ ਬੱਚਿਆਂ ਦੀ ਘਰੇਲੂ ਦੇਖਭਾਲ (ਐਚ.ਬੀ.ਵਾਈ.ਸੀ.) ਦੀ ਪਹਿਲਕਦਮੀ ਦੇ ਹਿੱਸੇ ਵਜੋਂ ਆਸ਼ਾ ਵਰਕਰਾਂ ਵੱਲੋਂ ਪਹਿਲਾਂ ਹੀ 42ਵੇਂ ਦਿਨ ਤੱਕ ਨਵਜੰਮੇ ਬੱਚੇ ਦੀ ਘਰੇਲੂ ਦੇਖਭਾਲ ਦੀਆਂ 6 ਜਾਂ 7 ਘਰ ਫੇਰੀਆਂ ਕੀਤੀਆਂ ਜਾ ਰਹੀਆਂ ਹਨ। ਹੁਣ ਆਸ਼ਾ ਵਰਕਰਾਂ ਘਰ ਦੇ ਪੰਜ ਵਾਧੂ ਦੌਰੇ ਕਰਨਗੀਆਂ। ਆਸ਼ਾ ਵਰਕਰਾਂ ਬੱਚਿਆਂ ਦੀ ਦੇਖਭਾਲ ਲਈ ਘਰ 3 ਮਹੀਨੇ, 6 ਮਹੀਨੇ, 9 ਮਹੀਨੇ, 12 ਮਹੀਨੇ ਅਤੇ 15 ਮਹੀਨੇ ਉੱਤੇ ਘਰਾਂ ਦਾ ਦੌਰਾ ਕਰਨਗੀਆਂ। ਉਨ੍ਹਾਂ ਦੱਸਿਆ ਕਿ ਇਸ ਪ੍ਰੋਗਰਾਮ ਦਾ ਮੁੱਖ ਉਦੇਸ਼ ਬੱਚਿਆਂ ਦੀਆਂ ਮੌਤਾਂ ਅਤੇ ਬਿਮਾਰੀਆਂ ਨੂੰ ਘਟਾਉਣਾ, ਨਿੱਕੇ ਬੱਚਿਆਂ ਦੀ ਪੋਸ਼ਣ ਸਥਿਤੀ ਨੂੰ ਸੁਧਾਰਨਾ ਅਤੇ ਨਿੱਕੇ ਬੱਚਿਆਂ ਵਿਚ ਵਾਜਬ ਵਾਧੇ ਨੂੰ ਅਤੇ ਆਰੰਭਕ ਬਾਲ ਵਿਕਾਸ ਨੂੰ ਯਕੀਨੀ ਬਣਾਉਣਾ ਹੈ। ਆਸ਼ਾ ਵਰਕਰਾਂ ਜਨਮ ਸਮੇਂ ਘੱਟ ਭਾਰ ਵਾਲੇ ਬੱਚਿਆਂ, ਬਿਮਾਰ ਬੱਚਿਆਂ, ਕੁਪੋਸ਼ਣ ਦਾ ਸ਼ਿਕਾਰ ਬੱਚਿਆਂ, ਨਵਜੰਮੇ ਬੱਚਿਆਂ ਦੀ ਦੇਖਭਾਲ ਉੱਤੇ ਵਿਸ਼ੇਸ਼ ਧਿਆਨ ਕੇਂਦਰਿਤ ਕਰਨਗੀਆਂ।ਇਸ ਮੌਕੇ ਬਲਾਕ ਐਕਸਟੈਂਸ਼ਨ ਐਜੂਕੇਟਰ ਬਲਜਿੰਦਰ ਸੈਣੀ, ਮੌਨਿਟਰਿੰਗ ਐਂਡ ਵੈਲੂਏਸ਼ਨ ਅਫ਼ਸਰ ਧਰਮਦਾਸ, ਬੀ.ਐਸ.ਏ. ਗੁਰਪ੍ਰੀਤ ਸਿੰਘ, ਕੰਪਿਊਟਰ ਆਪਰੇਟਰ ਰਮਨ ਕੁਮਾਰ ਤੇ ਹੋਰ ਕਰਮਚਾਰੀ ਹਾਜ਼ਰ ਸਨ।