ਲਖਨਊ/ 7 ਮਾਰਚ/ ਦੇਸ਼ ਕਲਿਕ ਬਿਊਰੋ :
ਯੂਪੀ ਵਿਧਾਨ ਸਭਾ ਚੋਣਾਂ ਦੇ ਆਖਰੀ ਪੜਾਅ 'ਚ ਅੱਜ 9 ਜ਼ਿਲਿਆਂ ਦੀਆਂ 54 ਸੀਟਾਂ 'ਤੇ ਵੋਟਿੰਗ ਸ਼ੁਰੂ ਹੋ ਗਈ ਹੈ। ਪੂਰਵਾਂਚਲ ਵਿੱਚ ਕਰੀਬ ਦੋ ਕਰੋੜ ਵੋਟਰ 613 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਕਰਨਗੇ। ਇਸ ਪੜਾਅ 'ਚ ਪੀਐੱਮ ਮੋਦੀ ਦੇ ਸੰਸਦੀ ਖੇਤਰ ਵਾਰਾਣਸੀ ਦੇ ਨਾਲ-ਨਾਲ ਸਮਾਜਵਾਦੀ ਪਾਰਟੀ ਦੇ ਪ੍ਰਧਾਨ ਅਖਿਲੇਸ਼ ਯਾਦਵ ਦੇ ਸੰਸਦੀ ਖੇਤਰ ਆਜ਼ਮਗੜ੍ਹ 'ਚ ਵੀ ਵੋਟਿੰਗ ਹੋ ਰਹੀ ਹੈ, ਜਿਸ 'ਤੇ ਸਭ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਹਨ।ਆਜ਼ਮਗੜ੍ਹ, ਮਊ, ਜੌਨਪੁਰ, ਗਾਜ਼ੀਪੁਰ, ਚੰਦੌਲੀ, ਵਾਰਾਣਸੀ, ਭਦੋਹੀ, ਮਿਰਜ਼ਾਪੁਰ ਅਤੇ ਸੋਨਭੱਦਰਾ ਯੂਪੀ ਦੇ ਉਨ੍ਹਾਂ 9 ਜ਼ਿਲ੍ਹਿਆਂ ਵਿੱਚ ਸ਼ਾਮਲ ਹਨ ਜਿੱਥੇ ਅੱਜ ਵੋਟਿੰਗ ਹੋ ਰਹੀ ਹੈ। ਇਸ ਦੌਰ 'ਚ ਦਾਰਾ ਸਿੰਘ ਚੌਹਾਨ, ਸੁਹੇਲਦੇਵ, ਭਾਰਤੀ ਸਮਾਜ ਪਾਰਟੀ ਦੇ ਪ੍ਰਧਾਨ ਓਮਪ੍ਰਕਾਸ਼ ਰਾਜਭਰ, ਮੁਖਤਾਰ ਅੰਸਾਰੀ ਦੇ ਬੇਟੇ ਅੱਬਾਸ ਅੰਸਾਰੀ, ਧਨੰਜੈ ਸਿੰਘ ਵਰਗੇ ਵੱਡੇ ਚਿਹਰਿਆਂ ਦੀ ਕਿਸਮਤ ਦਾਅ 'ਤੇ ਲੱਗੀ ਹੋਈ ਹੈ। ਚੋਣਾਂ ਦੇ ਨਤੀਜੇ 10 ਮਾਰਚ ਨੂੰ ਆਉਣਗੇ।