ਮੋਹਾਲੀ/ 6 ਮਾਰਚ/ ਦੇਸ਼ ਕਲਿਕ ਬਿਊਰੋ :
ਰਵਿੰਦਰ ਜਡੇਜਾ ਦੇ ਆਲਰਾਊਂਡਰ ਪ੍ਰਦਰਸ਼ਨ ਦੀ ਮਦਦ ਨਾਲ ਭਾਰਤ ਨੇ ਮੋਹਾਲੀ 'ਚ ਪਹਿਲੇ ਟੈਸਟ ਮੈਚ 'ਚ ਸ਼੍ਰੀਲੰਕਾ ਨੂੰ ਪਾਰੀ ਅਤੇ 222 ਦੌੜਾਂ ਨਾਲ ਹਰਾਇਆ। ਇਸ ਨਾਲ ਭਾਰਤੀ ਟੀਮ ਨੇ ਦੋ ਟੈਸਟ ਮੈਚਾਂ ਦੀ ਸੀਰੀਜ਼ 'ਚ 1-0 ਦੀ ਬੜ੍ਹਤ ਬਣਾ ਲਈ ਹੈ। ਫਾਲੋਆਨ ਖੇਡਣ ਲਈ ਮਜ਼ਬੂਰ ਸ਼੍ਰੀਲੰਕਾ ਦੀ ਟੀਮ ਦੂਜੀ ਪਾਰੀ 'ਚ 178 ਦੌੜਾਂ 'ਤੇ ਹੀ ਢੇਰ ਹੋ ਗਈ। ਭਾਰਤ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 574/8 ਦਾ ਸਕੋਰ ਬਣਾਇਆ। ਜਵਾਬ 'ਚ ਸ਼੍ਰੀਲੰਕਾ ਦੀ ਪਹਿਲੀ ਪਾਰੀ 174 ਦੌੜਾਂ 'ਤੇ ਸਿਮਟ ਗਈ।ਜਡੇਜਾ ਨੇ ਇਸ ਟੈਸਟ ਮੈਚ 'ਚ 175 ਦੌੜਾਂ ਦੀ ਅਜੇਤੂ ਪਾਰੀ ਖੇਡਦੇ ਹੋਏ ਸ਼੍ਰੀਲੰਕਾ ਦੀ ਪਹਿਲੀ ਪਾਰੀ 'ਚ 5 ਅਤੇ ਦੂਜੀ ਪਾਰੀ 'ਚ 4 ਵਿਕਟਾਂ ਲਈਆਂ। ਰਵੀਚੰਦਰਨ ਅਸ਼ਵਿਨ ਨੇ ਟੈਸਟ 'ਚ 7 ਵਿਕਟਾਂ ਲਈਆਂ। ਉਹ ਹੁਣ ਕਪਿਲ ਦੇਵ ਨੂੰ ਪਛਾੜ ਕੇ ਟੈਸਟ ਕ੍ਰਿਕਟ ਵਿੱਚ ਭਾਰਤ ਲਈ ਸਭ ਤੋਂ ਵੱਧ ਵਿਕਟਾਂ ਲੈਣ ਵਾਲਾ ਦੂਜਾ ਗੇਂਦਬਾਜ਼ ਬਣ ਗਿਆ ਹੈ। ਦੂਜਾ ਟੈਸਟ ਮੈਚ 12 ਮਾਰਚ ਤੋਂ ਬੈਂਗਲੁਰੂ 'ਚ ਖੇਡਿਆ ਜਾਵੇਗਾ।ਟੈਸਟ ਕ੍ਰਿਕਟ 'ਚ ਸ਼੍ਰੀਲੰਕਾ ਖਿਲਾਫ ਟੀਮ ਇੰਡੀਆ ਦੀ ਇਹ ਦੂਜੀ ਸਭ ਤੋਂ ਵੱਡੀ ਜਿੱਤ ਹੈ। ਇਸ ਤੋਂ ਪਹਿਲਾਂ 2017 'ਚ ਭਾਰਤ ਨੇ ਨਾਗਪੁਰ ਟੈਸਟ 'ਚ ਸ਼੍ਰੀਲੰਕਾ ਨੂੰ ਪਾਰੀ ਅਤੇ 239 ਦੌੜਾਂ ਨਾਲ ਹਰਾਇਆ ਸੀ।