ਨਵੀਂ ਦਿੱਲੀ/ 6 ਮਾਰਚ/ ਦੇਸ਼ ਕਲਿਕ ਬਿਊਰੋ :
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਭਾਜਪਾ ਸ਼ਾਸਿਤ ਚਾਰ ਸੂਬਿਆਂ ’ਚ ਪ੍ਰਚੰਡ ਜਿੱਤ ਦੇ ਨਾਲ ਪੰਜਾਬ ’ਚ ਬਿਹਤਰ ਲੋਕ ਸਮਰਥਨ ਦਾ ਦਾਅਵਾ ਕੀਤਾ। ਉਨ੍ਹਾਂ ਮੁਤਾਬਕ ਮੋਦੀ ਸਰਕਾਰ ਦੀਆਂ ਸੱਤ ਸਾਲ ਦੀਆਂ ਲੋਕ ਭਲਾਈ ਵਾਲੀਆਂ ਨੀਤੀਆਂ ਤੇ ਸੂਬੇ ’ਚ ਭਾਜਪਾ ਸਰਕਾਰਾਂ ਵੱਲੋਂ ਹੇਠਲੇ ਪੱਧਰ ’ਤੇ ਪਹੁੰਚਣ ’ਚ ਮਿਲੀ ਕਾਮਯਾਬੀ ਦਾ ਫ਼ਾਇਦਾ ਸਿੱਧੇ ਤੌਰ ’ਤੇ ਭਾਜਪਾ ਨੂੰ ਮਿਲੇਗਾ।ਇਸ ਮੌਕੇ ਭਾਜਪਾ ਦੇ ਰਾਸ਼ਟਰੀ ਪ੍ਰਧਾਨ ਜੇਪੀ ਨੱਡਾ ਨੇ ਵੀ ਜ਼ੋਰ ਦੇ ਕੇ ਕਿਹਾ ਕਿ ਭਾਜਪਾ ਦਾ ਚੋਣ ਪ੍ਰਚਾਰ ਸੰਗਠਿਤ ਤਰੀਕੇ ਨਾਲ ਚਲਾਇਆ ਗਿਆ, ਜਿਸ ਦੀ ਬਦੌਲਤ ਪਾਰਟੀ ਸਾਰੇ ਵਿਧਾਨ ਸਭਾ ਖੇਤਰਾਂ ’ਚ ਸਾਰੇ ਵਰਗਾਂ ਤਕ ਪੁੱਜਣ ’ਚ ਕਾਮਯਾਬ ਰਹੀ। ਚੋਣ ਪ੍ਰਚਾਰ ਦੌਰਾਨ ਧਾਰਮਿਕ ਧਰੁਵੀਕਰਨ ਦੇ ਵਿਰੋਧੀ ਧਿਰ ਦੇ ਦੋਸ਼ਾਂ ਨੂੰ ਖ਼ਾਰਜ ਕਰਦੇ ਹੋਏ ਅਮਿਤ ਸ਼ਾਹ ਨੇ ਕਿਹਾ ਕਿ ਭਾਜਪਾ ਦਾ ਏਜੰਡਾ ਪੂਰੀ ਤਰ੍ਹਾਂ ਨਾਲ ਵਿਕਾਸ ਤੇ ਸਮਾਜ ਦੇ ਹੇਠਲੇ ਤਬਕੇ ਤਕ ਯੋਜਨਾਵਾਂ ਦਾ ਫ਼ਾਇਦਾ ਪਹੁੰਚਾਉਣ ’ਤੇ ਕੇਂਦਰਿਤ ਰਿਹਾ। ਉਨ੍ਹਾਂ ਵਿਸਥਾਰ ਨਾਲ ਭਾਜਪਾ ਸ਼ਾਸਿਤ ਚਾਰ ਸੂਬਿਆਂ ਉੱਤਰ ਪ੍ਰਦੇਸ਼, ਉੱਤਰਾਖੰਡ, ਮਨੀਪੁਰ ਤੇ ਗੋਆ ’ਚ ਹੋਏ ਵਿਕਾਸ ਕਾਰਜਾਂ ਨੂੰ ਗਿਣਾਇਆ। ਉਨ੍ਹਾਂ ਮੁਤਾਬਕ ਖ਼ਾਸ ਤੌਰ ’ਤੇ ਉੱਤਰ ਪ੍ਰਦੇਸ਼ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ’ਚ ਜਾਤੀਵਾਦ, ਪਰਿਵਾਰਵਾਦ ਤੇ ਤੁਸ਼ਟੀਕਰਨ ਦੀ ਥਾਂ ਵਿਕਾਸ ਤੇ ਸਰਕਾਰ ਦੇ ਕੰਮਕਾਜ ਨੂੰ ਪ੍ਰਚਾਰ ’ਚ ਪਹਿਲ ਦਿੱਤੀ ਗਈ। ਇਸ ਕਾਰਨ ਪਹਿਲੀ ਵਾਰੀ ਉੱਤਰ ਪ੍ਰਦੇਸ਼ ’ਚ ਹੇਠਲੇ ਪੱਧਰ ਤੱਕ ਲੋਕਾਂ ਦਾ ਵਿਕਾਸ ਕੀਤਾ ਜਿਸ ਦਾ ਚੋਣਾਂ ਵਿੱਚ ਫ਼ਾਇਦਾ ਹੁੰਦਾ ਦਿਖ ਰਿਹਾ ਹੈ ਤੇ ਲੋਕਾਂ ਨੇ ਜਾਤੀਵਾਦ ਤੇ ਪਰਿਵਾਰਵਾਦ ਦੇ ਬੰਧਨਾਂ ਤੋਂ ਮੁਕਤ ਹੋ ਕੇ ਵਿਕਾਸ ਦੇ ਨਾਂ ’ਤੇ ਵੋਟਿੰਗ ਕੀਤੀ ਹੈ। ਕਾਨੂੰਨ ਵਿਵਸਥਾ ਨੂੰ ਸਹੀ ਕਰਨ ’ਚ ਆਦਿੱਤਿਆਨਾਥ ਸਰਕਾਰ ਦੀਆਂ ਉਪਲਬਧੀਆਂ ਦਾ ਹਵਾਲਾ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਉੱਤਰ ਪ੍ਰਦੇਸ਼ ’ਚ ਸਾਰੀਆਂ ਸ਼੍ਰੇਣੀਆਂ ਦੇ ਅਪਰਾਧਾਂ ’ਚ 30 ਤੋਂ 70 ਫ਼ੀਸਦੀ ਤਕ ਕਮੀ ਆਈ ਹੈ। ਏਨੇ ਘੱਟ ਸਮੇਂ ’ਚ ਅਪਰਾਧ ’ਚ ਏਨੀ ਵੱਡੀ ਗਿਰਾਵਟ ਇਤਿਹਾਸਕ ਹੈ। ਉਨ੍ਹਾਂ ਸਾਫ਼ ਕਰ ਦਿੱਤਾ ਕਿ ਉੱਤਰ ਪ੍ਰਦੇਸ਼ ’ਚ ਕੋਈ ਸਖ਼ਤ ਮੁਕਾਬਲਾ ਨਹੀਂ ਹੈ ਤੇ ਭਾਜਪਾ ਪ੍ਰਚੰਡ ਜਿੱਤ ਨਾਲ ਵਾਪਸ ਆ ਰਹੀ ਹੈ। ਭਾਜਪਾ ਦੀ ਜਿੱਤ ਦੇ ਪਿੱਛੇ ਮੋਦੀ ਸਰਕਾਰ ਦੀਆਂ ਲੋਕ ਭਲਾਈ ਨੀਤੀਆਂ ਨੂੰ ਵੱਡਾ ਕਾਰਨ ਦੱਸਦੇ ਹੋਏ ਅਮਿਤ ਸ਼ਾਹ ਨੇ ਕਿਹਾ ਕਿ ਦੇਸ਼ ’ਚ ਪਹਿਲੀ ਵਾਰੀ 80 ਕਰੋੜ ਲੋਕਾਂ ਨੂੰ ਇਹ ਅਹਿਸਾਸ ਹੋਇਆ ਕਿ ਇਕ ਚੁਣੀ ਹੋਈ ਸਰਕਾਰ ਉਨ੍ਹਾਂ ਦੇ ਜੀਵਨ ਨੂੰ ਬਦਲ ਸਕਦੀ ਹੈ।