ਇੰਫਾਲ/5 ਮਾਰਚ/ਦੇਸ਼ ਕਲਿਕ ਬਿਊਰੋ:
ਮਣੀਪੁਰ 'ਚ ਦੂਜੇ ਅਤੇ ਆਖਰੀ ਪੜਾਅ ਦੀਆਂ 22 ਵਿਧਾਨ ਸਭਾ ਸੀਟਾਂ ਲਈ ਸਵੇਰੇ 7 ਵਜੇ ਵੋਟਿੰਗ ਸ਼ੁਰੂ ਹੋ ਗਈ ਹੈ। ਸ਼ਾਮ 4 ਵਜੇ ਤੱਕ ਵੋਟਿੰਗ ਹੋਵੇਗੀ। ਦੋ ਮਹਿਲਾ ਉਮੀਦਵਾਰਾਂ ਸਮੇਤ ਕੁੱਲ 92 ਉਮੀਦਵਾਰ ਚੋਣ ਮੈਦਾਨ ਵਿੱਚ ਹਨ। ਮੁੱਖ ਚੋਣ ਅਧਿਕਾਰੀ ਰਾਜੇਸ਼ ਅਗਰਵਾਲ ਅਨੁਸਾਰ ਕੋਵਿਡ-19 ਦੇ ਸੁਰੱਖਿਆ ਪ੍ਰੋਟੋਕੋਲ ਦੀ ਪਾਲਣਾ ਕਰਦੇ ਹੋਏ 1247 ਪੋਲਿੰਗ ਸਟੇਸ਼ਨਾਂ 'ਤੇ ਵੋਟਿੰਗ ਲਈ ਸਾਰੇ ਪ੍ਰਬੰਧ ਕੀਤੇ ਗਏ ਹਨ।ਤਿੰਨ ਵਾਰ ਮੁੱਖ ਮੰਤਰੀ ਰਹੇ ਓ ਇਬੋਬੀ ਸਿੰਘ ਅਤੇ ਸਾਬਕਾ ਉਪ ਮੁੱਖ ਮੰਤਰੀ ਗੈਖੰਗਮ ਗੰਗਮੇਈ ਵੀ ਦੂਜੇ ਪੜਾਅ ਦੀਆਂ ਚੋਣਾਂ ਵਿੱਚ ਮੈਦਾਨ ਵਿੱਚ ਹਨ। ਦੋਵੇਂ ਕਾਂਗਰਸੀ ਉਮੀਦਵਾਰ ਹਨ। ਸੂਬੇ ਦੀਆਂ ਕੁੱਲ 60 ਸੀਟਾਂ ਵਿੱਚੋਂ 38 ਸੀਟਾਂ 'ਤੇ 28 ਫਰਵਰੀ ਯਾਨੀ ਸੋਮਵਾਰ ਨੂੰ ਵੋਟਿੰਗ ਹੋਈ ਸੀ। ਇਸ ਚੋਣ ਦੇ ਨਤੀਜੇ ਉੱਤਰ ਪ੍ਰਦੇਸ਼, ਉੱਤਰਾਖੰਡ, ਪੰਜਾਬ ਅਤੇ ਗੋਆ ਦੀਆਂ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਦੇ ਨਾਲ 10 ਮਾਰਚ ਨੂੰ ਐਲਾਨੇ ਜਾਣਗੇ।