ਲਖਨਊ/ 3 ਮਾਰਚ/ ਦੇਸ਼ ਕਲਿਕ ਬਿਊਰੋ :
ਯੂਪੀ ਦੀ ਚੋਣਾਵੀ ਜੰਗ ਹੁਣ ਆਖਰੀ ਪੜਾਅ ਵੱਲ ਵਧ ਰਹੀ ਹੈ। ਅੱਜ ਵੀਰਵਾਰ ਨੂੰ ਛੇਵੇਂ ਪੜਾਅ 'ਚ ਪੂਰਵਾਂਚਲ ਦੇ 10 ਜ਼ਿਲਿਆਂ ਦੀਆਂ 57 ਸੀਟਾਂ 'ਤੇ ਵੋਟਿੰਗ ਹੋ ਰਹੀ ਹੈ। ਮੁੱਖ ਮੰਤਰੀ ਯੋਗੀ ਆਦਿਤਿਆਨਾਥ ਗੋਰਖਨਾਥ ਮੰਦਰ ਰੋਡ 'ਤੇ ਸਥਿਤ ਸਕੂਲ 'ਚ ਜਾ ਕੇ ਆਪਣੀ ਵੋਟ ਪਾਉਣ ਤੋਂ ਪਹਿਲਾਂ ਵੋਟਰਾਂ ਵਿਚਕਾਰ ਸਨ। ਵੋਟਿੰਗ ਤੋਂ ਪਹਿਲਾਂ ਉਨ੍ਹਾਂ ਨੇ ਗੋਰਖਨਾਥ ਮੰਦਰ 'ਚ ਪੂਜਾ ਕੀਤੀ। ਇਸ ਗੇੜ ਵਿੱਚ ਮੁੱਖ ਮੰਤਰੀ ਸਮੇਤ ਉਨ੍ਹਾਂ ਦੇ 5 ਮੰਤਰੀ, ਭਾਜਪਾ ਛੱਡ ਕੇ ਸਪਾ ਵਿੱਚ ਸ਼ਾਮਲ ਹੋਏ ਸਾਬਕਾ ਮੰਤਰੀ ਸਵਾਮੀ ਪ੍ਰਸਾਦ ਮੌਰਿਆ, ਕਾਂਗਰਸ ਦੇ ਸੂਬਾ ਪ੍ਰਧਾਨ ਅਜੈ ਕੁਮਾਰ ਲੱਲੂ ਸਮੇਤ 676 ਉਮੀਦਵਾਰ ਮੈਦਾਨ ਵਿੱਚ ਹਨ।ਜਿਨ੍ਹਾਂ ਮੰਤਰੀਆਂ ਦੀ ਸਾਖ ਦਾਅ 'ਤੇ ਲੱਗੀ ਹੋਈ ਹੈ, ਉਨ੍ਹਾਂ ਵਿੱਚ ਖੇਤੀਬਾੜੀ ਮੰਤਰੀ ਸੂਰਿਆ ਪ੍ਰਤਾਪ ਸ਼ਾਹੀ, ਮੁੱਢਲੀ ਸਿੱਖਿਆ ਮੰਤਰੀ ਡਾ. ਸਤੀਸ਼ ਚੰਦਰ ਦਿਵੇਦੀ, ਸਿਹਤ ਮੰਤਰੀ ਜੈਪ੍ਰਤਾਪ ਸਿੰਘ, ਰਾਜ ਮੰਤਰੀ ਸ਼੍ਰੀ ਰਾਮ ਚੌਹਾਨ ਅਤੇ ਰਾਜ ਮੰਤਰੀ ਜੈ ਪ੍ਰਕਾਸ਼ ਨਿਸ਼ਾਦ ਸ਼ਾਮਲ ਹਨ।57 ਸੀਟਾਂ 'ਤੇ ਕਾਂਗਰਸ ਅਤੇ ਬਸਪਾ ਇਕੱਲੇ ਚੋਣ ਲੜ ਰਹੀਆਂ ਹਨ। ਬੀਜੇਪੀ ਨੇ ਅਨੁਪ੍ਰਿਯਾ ਪਟੇਲ ਦੇ ਅਪਨਾ ਦਲ (ਐਸ) ਨਾਲ ਗਠਜੋੜ ਕੀਤਾ ਹੈ, ਜਿਸਦੀ ਕਿ ਕੁਰਮੀ ਵੋਟਾਂ 'ਤੇ ਪਕੜ ਦੱਸੀ ਜਾ ਰਹੀ ਹੈ, ਅਤੇ ਨਿਸ਼ਾਦ ਭਾਈਚਾਰੇ ਦੇ ਸੰਜੇ ਨਿਸ਼ਾਦ। ਇਸ ਦੇ ਨਾਲ ਹੀ ਸਪਾ ਨੇ ਓਮਪ੍ਰਕਾਸ਼ ਰਾਜਭਰ ਦੀ ਸੁਭਾਸਪਾ, ਨੋਨੀਆ ਸਮਾਜ ਦੇ ਸੰਜੇ ਚੌਹਾਨ ਦੀ ਜਨਵਾਦੀ ਪਾਰਟੀ ਅਤੇ ਕੁਰਮੀ ਸਮਾਜ ਦੇ ਕ੍ਰਿਸ਼ਨਾ ਪਟੇਲ ਦੀ ਅਪਨਾ ਦਲ (ਕਮੇਰਾਵਾਦੀ) ਨਾਲ ਹੱਥ ਮਿਲਾਇਆ ਹੈ। ਇਸ ਤੋਂ ਪਹਿਲਾਂ ਯੂਪੀ 'ਚ ਹੁਣ ਤੱਕ 5 ਪੜਾਵਾਂ 'ਚ 292 ਸੀਟਾਂ 'ਤੇ ਵੋਟਿੰਗ ਹੋ ਚੁੱਕੀ ਹੈ।