ਦਰਸ਼ਕ ਪੀਸੀਏ ਸਟੇਡੀਅਮ ‘ਚ ਬੈਠ ਕੇ ਦੇਖ ਸਕਣਗੇ ਮੈਚ
ਚੰਡੀਗੜ੍ਹ/2ਮਾਰਚ/ਦੇਸ਼ ਕਲਿਕ ਬਿਊਰੋ:
ਵਿਰਾਟ ਕੋਹਲੀ ਦਾ 100ਵਾਂ ਟੈਸਟ ਮੈਚ 4 ਮਾਰਚ ਨੂੰ ਮੋਹਾਲੀ ਦੇ ਪੀਸੀਏ ਸਟੇਡੀਅਮ ਵਿੱਚ ਸ਼ੁਰੂ ਹੋ ਰਿਹਾ ਹੈ। ਕੋਰੋਨਾ ਦੇ ਮਾਮਲਿਆਂ ‘ਚ ਕਮੀ ਤੋਂ ਬਾਅਦ ਹੁਣ ਦਰਸ਼ਕਾਂ ਲਈ ਸਟੇਡੀਅਮ 'ਚ ਬੈਠ ਕੇ ਇਹ ਮੈਚ ਦੇਖਣ ਦੀ ਮਨਜ਼ੂਰੀ ਦੇ ਦਿੱਤੀ ਗਈ ਹੈ। ਇਸ ਦੌਰਾਨ ਦਰਸ਼ਕਾਂ ਨੂੰ ਕੋਵਿਡ ਨਿਯਮਾਂ ਦਾ ਵੀ ਧਿਆਨ ਰੱਖਣਾ ਹੋਵੇਗਾ। ਇਹ ਮੈਚ ਭਾਰਤ ਅਤੇ ਸ਼੍ਰੀਲੰਕਾ ਵਿਚਾਲੇ ਖੇਡਿਆ ਜਾਣਾ ਹੈ। ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ.) ਨੇ ਦਰਸ਼ਕਾਂ ਨੂੰ ਸਟੇਡੀਅਮ 'ਚ ਮੈਚ ਦੇਖਣ ਦੀ ਇਜਾਜ਼ਤ ਦੇ ਦਿੱਤੀ ਹੈ। ਇਸ ਤੋਂ ਪਹਿਲਾਂ ਬੀਸੀਸੀਆਈ ਨੇ ਇਸ ਮੈਚ ਵਿੱਚ ਦਰਸ਼ਕਾਂ ਦੀ ਐਂਟਰੀ ਬੰਦ ਕਰ ਦਿੱਤੀ ਸੀ। ਬੋਰਡ ਦੇ ਸਕੱਤਰ ਜੈ ਸ਼ਾਹ ਨੇ ਹੁਣ ਇਹ ਮਨਜ਼ੂਰੀ ਦੇ ਦਿੱਤੀ ਹੈ।ਹਾਲਾਂਕਿ ਸਟੇਡੀਅਮ 'ਚ ਦਰਸ਼ਕਾਂ ਦੀ ਕੁੱਲ ਸਮਰੱਥਾ ਦੇ ਹਿਸਾਬ ਨਾਲ ਸਿਰਫ 50 ਫੀਸਦੀ ਦਰਸ਼ਕਾਂ ਨੂੰ ਹੀ ਬੈਠਣ ਦੀ ਇਜਾਜ਼ਤ ਹੋਵੇਗੀ। ਪੀਸੀਏ ਨੇ ਹੁਣ ਉਸ ਅਨੁਸਾਰ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਕੋਹਲੀ ਦੇ 100ਵੇਂ ਟੈਸਟ ਮੈਚ ਲਈ ਪੀਸੀਏ ਵੱਲੋਂ ਕੁਝ ਖਾਸ ਤਿਆਰੀਆਂ ਵੀ ਕੀਤੀਆਂ ਗਈਆਂ ਹਨ। ਕੋਹਲੀ ਨੇ ਆਪਣੇ 99 ਟੈਸਟ ਮੈਚਾਂ 'ਚ 7962 ਦੌੜਾਂ ਬਣਾਈਆਂ ਹਨ। ਉਸ ਦੀ ਔਸਤ 50.39 ਫੀਸਦੀ ਹੈ।