ਕੁਲ 1,61,119 ਬੱਚਿਆਂ ਨੂੰ ਦਵਾਈ ਪਿਲਾਈ ਗਈ
ਮੋਹਾਲੀ, 1 ਮਾਰਚ : ਦੇਸ਼ ਕਲਿੱਕ ਬਿਓਰੋ
ਜ਼ਿਲ੍ਹਾ ਐਸ.ਏ.ਐਸ. ਨਗਰ ਵਿਚ ਤਿੰਨ-ਰੋਜ਼ਾ ‘ਨੈਸ਼ਨਲ ਇਮੀਉਨਾਈਜ਼ੇਸ਼ਨ ਡੇਅ (ਐਨ.ਆਈ.ਡੀ)’ ਮੁਹਿੰਮ ਦੌਰਾਨ 5 ਸਾਲ ਤੋਂ ਘੱਟ ਉਮਰ ਦੇ 1,61,119 ਬੱਚਿਆਂ ਨੂੰ ਪੋਲੀਉ ਰੋਕੂ ਬੂੰਦਾਂ ਪਿਲਾਈਆਂ ਗਈਆਂ ਹਨ। ਇਹ ਮੁਹਿੰਮ 27 ਫ਼ਰਵਰੀ ਤੋਂ ਸ਼ੁਰੂ ਹੋਈ ਸੀ। ਸਿਵਲ ਸਰਜਨ ਡਾ. ਆਦਰਸ਼ਪਾਲ ਕੌਰ ਅਤੇ ਜ਼ਿਲ੍ਹਾ ਟੀਕਾਕਰਨ ਅਧਿਕਾਰੀ ਡਾ. ਗਿਰੀਸ਼ ਡੋਗਰਾ ਨੇ ਦਸਿਆ ਕਿ ਇਸ ਮੁਹਿਮ ਤਹਿਤ ਉਚ-ਜੋਖਮ ਵਾਲੇ ਖੇਤਰ, ਭੱਠੇ, ਨਿਰਮਾਣ ਸਥਾਨ, ਬਸਤੀਆਂ, ਝੁੱਗੀਆਂ, ਡੇਰਿਆਂ ਸਮੇਤ ਸਾਰੇ ਇਲਾਕੇ ਕਵਰ ਕੀਤੇ ਗਏ। ਉਨ੍ਹਾਂ ਦਸਿਆ ਕਿ ਜ਼ਿਲ੍ਹੇ ਵਿਚ 1,59,830 ਬੱਚਿਆਂ ਨੂੰ ਪੋਲੀਉ-ਰੋਕੂ ਬੂੰਦਾਂ ਪਿਲਾਉਣ ਦਾ ਟੀਚਾ ਸੀl ਪਹਿਲੇ ਦਿਨ 55617, ਦੂਜੇ ਦਿਨ 60214 ਅਤੇ ਤੀਜੇ ਦਿਨ 45288 ਬੱਚਿਆਂ ਨੂੰ ਦਵਾਈ ਪਿਲਾਈ ਗਈl ਪਹਿਲੇ ਦਿਨ ਬੂਥਾਂ 'ਤੇ ਅਤੇ ਬਾਕੀ ਦੋ ਦਿਨ ਘਰ ਘਰ ਜਾ ਕੇ ਦਵਾਈ ਪਿਲਾਈ ਗਈl ਸਿਵਲ ਸਰਜਨ ਨੇ ਕਿਹਾ ਕਿ ਸਿਹਤ ਵਿਭਾਗ ਨੇ ਯਕੀਨੀ ਬਣਾਇਆ ਹੈ ਕਿ ਕੋਈ ਵੀ ਬੱਚਾ ਦਵਾਈ ਪੀਣ ਤੋਂ ਵਾਂਝਾ ਨਾ ਰਹੇ, ਜੇ ਫਿਰ ਵੀ ਕਿਸੇ ਕਾਰਨ ਕੋਈ ਬੱਚਾ ਦਵਾਈ ਨਹੀਂ ਪੀ ਸਕਿਆ ਤਾਂ ਉਸ ਨੂੰ ਨੇੜਲੇ ਸਿਹਤ ਕੇਂਦਰ ਵਿਚ ਲਿਜਾ ਕੇ ਦਵਾਈ ਪਿਲਾਈ ਜਾ ਸਕਦੀ ਹੈ।
ਡਾ. ਆਦਰਸ਼ਪਾਲ ਕੌਰ ਨੇ ਮੁਹਿੰਮ ਦੀ ਸਫ਼ਲਤਾ ਯਕੀਨੀ ਬਣਾਉਣ ਲਈ ਜ਼ਮੀਨੀ ਪੱਧਰ ’ਤੇ ਕੰਮ ਕਰਨ ਵਾਲੀਆਂ ਆਸ਼ਾ ਵਰਕਰਾਂ, ਏਐਨਐਮਜ਼, ਨਰਸਿੰਗ ਕਾਲਜਾਂ ਦੇ ਵਿਦਿਆਰਥੀਆਂ ਅਤੇ ਡਾਕਟਰਾਂ ਦਾ ਧਨਵਾਦ ਕੀਤਾ ਜਿਨ੍ਹਾਂ ਪੂਰੀ ਮਿਹਨਤ ਅਤੇ ਲਗਨ ਨਾਲ ਜ਼ਿਲ੍ਹੇ ਵਿਚ ਵੱਖ ਵੱਖ ਥਾਵਾਂ ’ਤੇ ਵੀ ਜਾ ਕੇ ਬੱਚਿਆਂ ਨੂੰ ਦਵਾਈ ਪਿਲਾਈ। ਉਨ੍ਹਾਂ ਬੱਚਿਆਂ ਦੇ ਮਾਪਿਆਂ ਦਾ ਵੀ ਧਨਵਾਦ ਕੀਤਾ ਜਿਨ੍ਹਾਂ ਦੇ ਸਹਿਯੋਗ ਸਦਕਾ ਜ਼ਿਲ੍ਹੇ ਵਿਚ ਪੋਲੀਓ ਰੋਕੂ ਮੁਹਿੰਮ ਸਫ਼ਲਤਾ ਨਾਲ ਨੇਪਰੇ ਚੜ੍ਹੀ।
ਜ਼ਿਕਰਯੋਗ ਹੈ ਕਿ ਜ਼ਿਲ੍ਹੇ ਵਿਚ ਵੱਖ ਵੱਖ ਥਾਈਂ 560 ਬੂਥ ਸਥਾਪਤ ਕੀਤੇ ਗਏl ਦਵਾਈ ਪਿਲਾਉਣ ਲਈ ਕੁਲ 1248 ਟੀਮਾਂ ਬਣਾਈਆਂ ਗਈਆਂ ਹਨ ਜਿਨ੍ਹਾਂ ਵਿਚ 1083 ਹਾਊਸ ਟੂ ਹਾਊਸ ਟੀਮਾਂ ਸਨ। ਕੁਲ 123 ਸੁਪਰਵਾਇਜ਼ਰ ਇਨ੍ਹਾਂ ਟੀਮਾਂ ’ਤੇ ਨਿਗਰਾਨੀ ਰੱਖ ਰਹੇ ਸਨ ਤਾਕਿ ਕੋਈ ਵੀ ਬੱਚਾ ਦਵਾਈ ਪੀਣ ਤੋਂ ਵਾਂਝਾ ਨਾ ਰਹਿ ਸਕੇ। ਦਵਾਈ ਪਿਲਾਉਣ ਵਾਲਿਆਂ ਦੀ ਗਿਣਤੀ 2496 ਸੀl
ਤਿੰਨੇ ਦਿਨ ਜ਼ਿਲ੍ਹੇ ਦੀਆਂ ਵੱਖ ਵੱਖ ਥਾਵਾਂ ’ਤੇ ਜ਼ਿਲ੍ਹਾ ਟੀਕਾਕਰਨ ਅਧਿਕਾਰੀ ਡਾ. ਗਿਰੀਸ਼ ਡੋਗਰਾ,ਡਿਪਟੀ ਮੈਡੀਕਲ ਕਮਿਸ਼ਨਰ ਡਾ. ਦਲਜੀਤ ਸਿੰਘ, ਡੀ.ਐਚ.ਓ. ਡਾ. ਸੁਭਾਸ਼ ਕੁਮਾਰ, ਡਾ. ਵਿਕਰਾਂਤ, ਐਸ.ਐਮ.ਓ. ਮੋਹਾਲੀ ਡਾ. ਵਿਜੇ ਭਗਤ, ਡਾ.ਐਚ.ਐਸ.ਚੀਮਾ, ਡਾ. ਸੰਗੀਤਾ ਜੈਨ, ਡਾ. ਅਲਕਜੋਤ ਕੌਰ, ਡਾ.ਸੁਰਿੰਦਰਪਾਲ ਕੌਰ, ਡਾ.ਰਵਲੀਨ ਕੌਰ, ਡਾ. ਨਵੀਨ ਕੌਸ਼ਿਕ, ਡਾ. ਰਾਜਿੰਦਰ ਭੂਸ਼ਣ ਆਦਿ ਅਧਿਕਾਰੀਆਂ ਨੇ ਮੁਹਿੰਮ ਦਾ ਨਿਰੀਖਣ ਕੀਤਾ ਅਤੇ ਟੀਮਾਂ ਨੂੰ ਜ਼ਰੂਰੀ ਹਦਾਇਤਾਂ ਦਿਤੀਆਂ।