ਇੰਫਾਲ/28 ਫ਼ਰਵਰੀ/ਦੇਸ਼ ਕਲਿਕ ਬਿਊਰੋ:
ਮਣੀਪੁਰ ਵਿਧਾਨ ਸਭਾ ਚੋਣਾਂ ਦੇ ਪਹਿਲੇ ਪੜਾਅ ਦੀਆਂ 38 ਸੀਟਾਂ ਲਈ ਵੋਟਿੰਗ ਸ਼ੁਰੂ ਹੋ ਗਈ ਹੈ। ਮਨੀਪੁਰ ਦੇ ਮੁੱਖ ਮੰਤਰੀ ਅਤੇ ਹਿੰਗਾਂਗ ਤੋਂ ਭਾਜਪਾ ਉਮੀਦਵਾਰ ਐਨ ਬੀਰੇਨ ਸਿੰਘ ਨੇ ਸ਼੍ਰੀਵਨ ਹਾਈ ਸਕੂਲ, ਇੰਫਾਲ ਵਿੱਚ ਆਪਣੀ ਵੋਟ ਪਾਈ। ਇੱਥੇ ਉਨ੍ਹਾਂ ਨੇ ਲੋਕਾਂ ਨੂੰ ਆਪਣੀ ਵੋਟ ਦਾ ਇਸਤੇਮਾਲ ਕਰਨ ਦੀ ਅਪੀਲ ਕੀਤੀ। ਰਾਜਪਾਲ ਲਾ ਗਣੇਸ਼ਨ ਨੇ ਵੀ ਇੰਫਾਲ ਦੇ ਇੱਕ ਬੂਥ 'ਤੇ ਆਪਣੀ ਵੋਟ ਪਾਈ।ਪਹਿਲੇ ਪੜਾਅ ਵਿੱਚ ਮਨੀਪੁਰ ਦੇ ਪੰਜ ਜ਼ਿਲ੍ਹਿਆਂ - ਇੰਫਾਲ ਪੂਰਬੀ, ਇੰਫਾਲ ਪੱਛਮੀ, ਬਿਸ਼ਨੂਪੁਰ, ਕੰਗਪੋਕਪੀ ਅਤੇ ਚੂਰਾਚੰਦਪੁਰ ਵਿੱਚ ਵੋਟਾਂ ਪੈ ਰਹੀਆਂ ਹਨ। ਪਹਿਲੇ ਪੜਾਅ ਵਿੱਚ ਕੁੱਲ 173 ਉਮੀਦਵਾਰ ਮੈਦਾਨ ਵਿੱਚ ਹਨ, ਜਿਨ੍ਹਾਂ ਵਿੱਚ 15 ਮਹਿਲਾ ਉਮੀਦਵਾਰ ਸ਼ਾਮਲ ਹਨ। ਕੋਰੋਨਾ ਦਿਸ਼ਾ-ਨਿਰਦੇਸ਼ਾਂ ਦੇ ਨਾਲ ਸਵੇਰੇ 7 ਵਜੇ ਤੋਂ ਸ਼ੁਰੂ ਹੋਈ ਵੋਟਿੰਗ ਸ਼ਾਮ 6 ਵਜੇ ਤੱਕ ਜਾਰੀ ਰਹੇਗੀ।ਮੁੱਖ ਮੰਤਰੀ ਐਨ ਬੀਰੇਨ ਸਿੰਘ, ਉਨ੍ਹਾਂ ਦੇ ਕੈਬਨਿਟ ਸਹਿਯੋਗੀ ਥੋਂਗਮ ਬਿਸ਼ਵਜੀਤ ਸਿੰਘ, ਵਿਧਾਨ ਸਭਾ ਦੇ ਸਪੀਕਰ ਵਾਈ ਖੇਮਚੰਦ ਸਿੰਘ, ਉਪ ਮੁੱਖ ਮੰਤਰੀ ਯੁਮਨਮ ਜੋਏਕੁਮਾਰ ਅਤੇ ਕਾਂਗਰਸ ਦੇ ਸੂਬਾ ਪ੍ਰਧਾਨ ਐਨ ਲੋਕੇਸ਼ ਦੀ ਕਿਸਮਤ ਦਾ ਫੈਸਲਾ ਵੀ ਇਸ ਪੜਾਅ ਵਿੱਚ ਹੋਣਾ ਹੈ। ਸੂਬੇ 'ਚ ਦੂਜੇ ਪੜਾਅ ਲਈ 5 ਮਾਰਚ ਨੂੰ ਵੋਟਾਂ ਪੈਣਗੀਆਂ।