ਨਵੀਂ ਦਿੱਲੀ/20 ਫ਼ਰਵਰੀ/ਦੇਸ਼ ਕਲਿਕ ਬਿਊਰੋ:
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੰਜਾਬ ਵਿਧਾਨ ਸਭਾ ਚੋਣਾਂ ਲਈ ਲੋਕਾਂ ਨੂੰ ਉਤਸ਼ਾਹ ਨਾਲ ਵੋਟਾਂ ਪਾਉਣ ਦੀ ਅਪੀਲ ਕੀਤੀ ਹੈ। ਪੀਐਮ ਮੋਦੀ ਨੇ ਸ਼ੋਸ਼ਲ ਮੀਡੀਆ 'ਤੇ ਲਿਖਿਆ ਕਿ ਪੰਜਾਬ ਚੋਣਾਂ ਅਤੇ ਯੂਪੀ ਚੋਣਾਂ ਦਾ ਤੀਜਾ ਪੜਾਅ ਅੱਜ ਹੋ ਰਿਹਾ ਹੈ। ਮੈਂ ਵੋਟਰਾਂ ਨੂੰ ਲੋਕਤੰਤਰ ਦੇ ਇਸ ਤਿਉਹਾਰ ਵਿੱਚ ਹਿੱਸਾ ਲੈਣ ਦਾ ਸੱਦਾ ਦਿੰਦਾ ਹਾਂ, ਖਾਸ ਕਰਕੇ ਉਨ੍ਹਾਂ ਨੌਜਵਾਨਾਂ ਨੂੰ ਜੋ ਪਹਿਲੀ ਵਾਰ ਵੋਟ ਪਾਉਣ ਜਾ ਰਹੇ ਹਨ।ਜ਼ਿਕਰਯੋਗ ਹੈ ਕਿ ਪੰਜਾਬ ਦੀਆਂ ਸਾਰੀਆਂ 117 ਵਿਧਾਨ ਸਭਾ ਸੀਟਾਂ 'ਤੇ ਅੱਜ ਐਤਵਾਰ ਸਵੇਰੇ 8 ਵਜੇ ਤੋਂ ਸ਼ਾਮ 6 ਵਜੇ ਤੱਕ ਵੋਟਾਂ ਪੈ ਰਹੀਆਂ ਹਨ।
ਪੰਜ ਰਾਜਾਂ ਦੀਆਂ ਵਿਧਾਨ ਸਭਾ ਚੋਣਾਂ ਵਿੱਚੋਂ ਉੱਤਰ ਪ੍ਰਦੇਸ਼ ਦੀ ਸਭ ਤੋਂ ਵੱਧ ਚਰਚਾ ਹੋ ਰਹੀ ਹੈ ਪਰ ਪੰਜਾਬ ਦੀ ਚੋਣ ਵੀ ਕਾਫੀ ਦਿਲਚਸਪ ਹੋ ਗਈ ਹੈ। ਇੱਥੇ ਮੁੱਖ ਮੰਤਰੀ ਚੰਨੀ ਵੱਲੋਂ ਯੂਪੀ-ਬਿਹਾਰ ਤੇ ਦਿੱਲੀ ਦੇ ਭਈਆਂ ਬਾਰੇ ਦਿੱਤਾ ਬਿਆਨ ਸਿਆਸੀ ਵਿਰੋਧੀਆਂ ਦਾ ਮੁੱਦਾ ਬਣ ਗਿਆ ਹੈ। ਦੂਜੇ ਪਾਸੇ ਜੇਕਰ ਕਾਂਗਰਸ ਨੇ ਆਪਣੀ ਸੱਤਾ ਬਚਾਉਣੀ ਹੈ ਤਾਂ ਪਿਛਲੀਆਂ ਚੋਣਾਂ ਵਿੱਚ ਉਭਰੀ ਆਮ ਆਦਮੀ ਪਾਰਟੀ (ਆਪ) ਦਿੱਲੀ ਤੋਂ ਬਾਅਦ ਇਸ ਸੂਬੇ ਵਿੱਚ ਵੀ ਆਪਣੇ ਪੈਰ ਜਮਾਉਣਾ ਚਾਹੁੰਦੀ ਹੈ।ਭਾਜਪਾ ਅਮਰਿੰਦਰ ਸਿੰਘ ਦੀ ਪਾਰਟੀ ਪੰਜਾਬ ਲੋਕ ਕਾਂਗਰਸ ਅਤੇ ਅਕਾਲੀ ਦਲ ਸੰਯੁਕਤ ਨਾਲ ਗਠਬੰਧਨ ਕਰਕੇ ਚੋਣ ਮੈਦਾਨ ਵਿੱਚ ਹੈ। ਇਸ ਦੇ ਨਾਲ ਹੀ ਬਸਪਾ ਨਾਲ ਗਠਜੋੜ ਕਰਕੇ ਚੋਣ ਲੜ ਰਿਹਾ ਅਕਾਲੀ ਦਲ ਵੀ ਵੱਡੀ ਪੱਧਰ 'ਤੇ ਮੱਲਾਂ ਮਾਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਇਸ ਕਾਰਨ ਸੂਬੇ ਦੀਆਂ ਕਈ ਸੀਟਾਂ 'ਤੇ ਮੁਕਾਬਲਾ ਤਿਕੋਣਾ ਹੈ ਤਾਂ ਕਿਤੇ ਚਾਰ ਪਾਰਟੀਆਂ ਵਿਚਾਲੇ ਸਿੱਧੀ ਟੱਕਰ ਹੈ।