ਚੰਡੀਗੜ੍ਹ/18 ਫ਼ਰਵਰੀ/ਦੇਸ਼ ਕਲਿਕ ਬਿਊਰੋ:
ਪੰਜਾਬ ਚੋਣਾਂ ਲਈ ਕਾਂਗਰਸ ਨੇ 13 ਨੁਕਾਤੀ ਮੈਨੀਫੈਸਟੋ ਜਾਰੀ ਕਰ ਦਿੱਤਾ ਹੈ।ਇਸ ਨੂੰ ਨਵਜੋਤ ਸਿੱਧੂ ਨੇ ਚੰਡੀਗੜ੍ਹ ਵਿੱਚ ਜਾਰੀ ਕੀਤਾ। ਜਿਸ ਵਿੱਚ ਉਸਦੇ ਪੰਜਾਬ ਮਾਡਲ ਦੀ ਛਾਪ ਵੀ ਨਜ਼ਰ ਆ ਰਹੀ ਹੈ। ਨਵਜੋਤ ਸਿੱਧੂ ਨੇ ਕਿਹਾ ਕਿ ਅਸੀਂ ਹਾਂ-ਪੱਖੀ ਮੁਹਿੰਮ ਚਲਾਈ ਹੈ। ਨਿੰਦਾ ਕਰਨ ਦੀ ਬਜਾਏ, ਅਸੀਂ ਲੋਕਾਂ ਨੂੰ ਦੱਸਿਆ ਕਿ ਅਸੀਂ ਉਨ੍ਹਾਂ ਦੇ ਜੀਵਨ ਨੂੰ ਕਿਵੇਂ ਸੁਧਾਰ ਸਕਦੇ ਹਾਂ।ਉਨ੍ਹਾਂ ਕਿਹਾ ਕਿ ਇਸ ਦਾ ਧੁਰਾ ਸਰਬੱਤ ਦਾ ਭਲਾ ਮੰਗਣ ਵਾਲਾ ਪੰਜਾਬ ਮਾਡਲ ਹੈ।ਜੋ ਰਾਹੁਲ ਗਾਂਧੀ ਦੀ ਦੂਰਅੰਦੇਸ਼ੀ ਨੂੰ ਦਰਸਾਉਂਦਾ ਹੈ। ਪੰਜਾਬ ਵਿੱਚ 170 ਸਰਕਾਰੀ ਸੇਵਾਵਾਂ ਦੀ ਆਨਲਾਈਨ ਸਹੂਲਤ ਬਾਰੇ ਦੱਸਦਿਆਂ ਸਿੱਧੂ ਨੂੰ ‘ਚੰਨੀ ਸਰਕਾਰ ਆਪਕੇ ਦੁਆਰ’ ਵੀ ਕਹਿਣਾ ਪਿਆ। ਇਸ ਦੇ ਨਾਲ ਹੀ ਸਭ ਤੋਂ ਹੈਰਾਨੀ ਵਾਲੀ ਗੱਲ ਇਹ ਰਹੀ ਕਿ ਇਸ ਮੌਕੇ ਮੈਨੀਫੈਸਟੋ ਕਮੇਟੀ ਦੇ ਚੇਅਰਮੈਨ ਪ੍ਰਤਾਪ ਸਿੰਘ ਬਾਜਵਾ ਨਜ਼ਰ ਨਹੀਂ ਆਏ।