ਡੇਰਾ ਪ੍ਰਬੰਧਕੀ ਕਮੇਟੀ ਨੇ ਕਿਹਾ ਫੈਲਾਈਆਂ ਜਾ ਰਹੀਆਂ ਅਫਵਾਹਾਂ
ਮੋਹਾਲੀ/ 18 ਫ਼ਰਵਰੀ/ ਦੇਸ਼ ਕਲਿਕ ਬਿਊਰੋ:
ਪੰਜਾਬ ਵਿੱਚ ਡੇਰਾ ਸਿਰਸਾ ਦੇ ਪੈਰੋਕਾਰਾਂ ਦਾ ਇੱਕ ਧੜਾ NOTA ਮੁਹਿੰਮ ਦੇ ਤਹਿਤ ਅੱਜ ਸ਼ੁੱਕਰਵਾਰ ਨੂੰ ਮੋਹਾਲੀ ਵਿੱਚ YPS ਚੌਕ ਨੇੜੇ ਇਕੱਠਾ ਹੋਇਆ। ਡੇਰਾ ਪ੍ਰੇਮੀਆਂ ਨੇ ਇਸ ਵਾਰ ਚੋਣਾਂ ਵਿੱਚ NOTA ਦਾ ਬਟਨ ਦਬਾਉਣ ਲਈ ਪ੍ਰਚਾਰ ਕੀਤਾ। ਡੇਰਾ ਪ੍ਰੇਮੀ ਵਿਜੇਂਦਰ ਬੱਗਾ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਗੁਰੂ ਕਹਿੰਦੇ ਹਨ ਕਿ ਲੋਕਤੰਤਰ 'ਚ ਹਰ ਕਿਸੇ ਨੂੰ ਵੋਟ ਪਾਉਣ ਦਾ ਅਧਿਕਾਰ ਹੈ। ਜੇਕਰ ਉਮੀਦਵਾਰ ਪਸੰਦ ਨਹੀਂ ਹਨ ਤਾਂ NOTA ਬਟਨ ਦਬਾ ਸਕਦੇ ਹਾਂ। ਵਿਜੇਂਦਰ ਬੱਗਾ ਨੇ ਦੋਸ਼ ਲਾਇਆ ਕਿ ਡੇਰੇ ਦਾ ਸਿਆਸੀ ਵਿੰਗ ਪ੍ਰੇਮੀਆਂ ਦੀਆਂ ਵੋਟਾਂ ਦੀ ਸੌਦੇਬਾਜ਼ੀ ਕਰ ਰਿਹਾ ਹੈ ਇਹ ਖੁਲਾਸਾ ਹੋ ਗਿਆ ਹੈ।ਇਸ ਲਈ ਹੁਣ ਪ੍ਰੇਮੀ NOTA ਬਟਨ ਦੱਬਣਗੇ। ਵਿਜੇਂਦਰ ਬੱਗਾ ਦਾ ਕਹਿਣਾ ਹੈ ਕਿ ਉਹ ਡੇਰੇ ਦਾ ਪੈਰੋਕਾਰ ਹੈ ਅਤੇ ਡੇਰਾ ਮੁਖੀ 'ਤੇ ਵਿਸ਼ਵਾਸ ਰੱਖਦਾ ਹੈ। ਪ੍ਰੇਮੀਆਂ ਨੇ YPS ਚੌਕ ਵਿਖੇ NOTA ਬਟਨ ਦਬਾਉਣ ਬਾਰੇ ਆਮ ਲੋਕਾਂ ਨੂੰ ਜਾਗਰੂਕ ਵੀ ਕੀਤਾ। ਉਧਰ ਡੇਰੇ ਦੇ ਸਿਆਸੀ ਵਿੰਗ ਦੇ ਇੰਚਾਰਜ ਰਾਮ ਸਿੰਘ ਨੇ ਡੇਰਾ ਪ੍ਰਬੰਧਕਾਂ ਵੱਲੋਂ ਅਜਿਹੀ ਕਿਸੇ ਵੀ ਮੁਹਿੰਮ ਤੋਂ ਇਨਕਾਰ ਕਰਦਿਆਂ NOTA ਨੂੰ ਦਬਾਉਣ ਵਾਲਿਆਂ ਨੂੰ ਸ਼ਰਾਰਤੀ ਅਨਸਰ ਦੱਸਿਆ ਹੈ। ਦੱਸ ਦੇਈਏ ਕਿ ਇਨ੍ਹੀਂ ਦਿਨੀਂ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਗੁਰੂਗ੍ਰਾਮ ਨਾਮ ਚਰਚਾ ਘਰ 'ਚ ਫਰਲੋ 'ਤੇ ਆਏ ਹਨ।
ਦੂਜੇ ਪਾਸੇ ਪ੍ਰਬੰਧਕੀ ਕਮੇਟੀ ਡੇਰਾ ਸੱਚਾ ਸੌਦਾ ਸਿਰਸਾ ਵੱਲੋਂ ਕਿਹਾ ਗਿਆ ਹੈ ਕਿ ਆਪਣੇ ਸਵਾਰਥਾਂ ਲਈ ਚੋਣਾਂ ਦੇ ਐਨ ਨੇੜੇ ਕੁਝ ਲੋਕ ਸਾਧ ਸੰਗਤਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ। ਕੁਝ ਲੋਕ ਸ਼ਾਹ ਸਤਿਨਾਮ ਜੀ ਗਰੀਨ ਐਲ ਵੈਲਫੇਅਰ ਫੋਰਸ ਵਿੰਗ ਦੀ ਵਰਦੀ ਪਹਿਨ ਕੇ ਡਾ. ਗੁਰਮੀਤ ਰਾਮ ਰਹੀਮ ਸਿੰਘ ਦੇ ਹਵਾਲੇ ਨਾਲ ਨੋਟਾ ਦਾ ਬਟਨ ਦਬਾਉਣ ਦੀ ਗੱਲ ਸੋਸ਼ਲ ਮੀਡੀਆ ਉਤੇ ਫੈਲਾਅ ਰਹੇ ਹਨ, ਜੋ ਕਿ ਬਿਲਕੁਲ ਗਲਤ ਹੈ।