ਚੰਡੀਗੜ੍ਹ/18 ਫ਼ਰਵਰੀ/ਦੇਸ਼ ਕਲਿਕ ਬਿਊਰੋ:
ਪੰਜਾਬ ਵਿੱਚ ਚੋਣ ਪ੍ਰਚਾਰ ਦਾ ਅੱਜ ਆਖਰੀ ਦਿਨ ਹੈ। ਸ਼ਾਮ 6 ਵਜੇ ਚੋਣਾਂ ਦਾ ਸ਼ੋਰ ਰੁਕ ਜਾਵੇਗਾ। ਇਸ ਤੋਂ ਬਾਅਦ ਬਾਹਰੋਂ ਚੋਣ ਪ੍ਰਚਾਰ ਲਈ ਆਏ ਲੋਕਾਂ ਨੂੰ ਪੰਜਾਬ ਛੱਡਣਾ ਪਵੇਗਾ। ਪੰਜਾਬ ਵਿੱਚ ਸਿਰਫ਼ ਉਹੀ ਲੋਕ ਰਹਿ ਸਕਣਗੇ, ਜਿਹੜੇ ਇੱਥੋਂ ਦੇ ਵੋਟਰ ਹਨ। ਚੋਣ ਕਮਿਸ਼ਨ ਨੇ ਸਪੱਸ਼ਟ ਕੀਤਾ ਹੈ ਕਿ ਪੰਜਾਬ ਵਿੱਚ ਰਹਿਣ ਲਈ ਕੋਈ ਬਹਾਨਾ ਨਹੀਂ ਚੱਲੇਗਾ। ਇਸ ਦੌਰਾਨ ਚੋਣ ਕਮਿਸ਼ਨ ਦੀ ਟੀਮ ਪੰਜਾਬ ਦੇ ਹੋਟਲਾਂ, ਗੈਸਟ ਹਾਊਸਾਂ ਸਮੇਤ ਸਾਰੀਆਂ ਥਾਵਾਂ ਦੀ ਤਲਾਸ਼ੀ ਲਵੇਗੀ। ਜੇਕਰ ਕੋਈ ਬਾਹਰੀ ਵਿਅਕਤੀ ਪਾਇਆ ਗਿਆ ਤਾਂ ਉਸ ਨੂੰ ਤੁਰੰਤ ਬਾਹਰ ਕਰ ਦਿੱਤਾ ਜਾਵੇਗਾ। ਪੰਜਾਬ ਵਿੱਚ 20 ਫਰਵਰੀ ਨੂੰ ਸਵੇਰੇ 8 ਵਜੇ ਤੋਂ ਸ਼ਾਮ 6 ਵਜੇ ਤੱਕ ਵੋਟਾਂ ਪੈਣਗੀਆਂ।ਵੋਟਾਂ ਦੀ ਗਿਣਤੀ 10 ਮਾਰਚ ਨੂੰ ਹੋਵੇਗੀ।
ਇਸ ਤੋਂ ਇਲਾਵਾ ਪੰਜਾਬ ਦੇ ਸ਼ਰਾਬ ਦੇ ਠੇਕੇ ਅੱਜ ਸ਼ਾਮ 6 ਵਜੇ ਤੋਂ ਲੈ ਕੇ 20 ਫਰਵਰੀ ਨੂੰ ਵੋਟਾਂ ਪੈਣ ਤੱਕ ਬੰਦ ਰਹਿਣਗੇ। ਇਸ ਦੌਰਾਨ ਕਿਸੇ ਵੀ ਹੋਟਲ, ਕਲੱਬ ਜਾਂ ਹੋਰ ਥਾਵਾਂ 'ਤੇ ਸ਼ਰਾਬ ਪਰੋਸਣ 'ਤੇ ਵੀ ਪਾਬੰਦੀ ਰਹੇਗੀ। ਪੰਜਾਬ ਤੋਂ ਇਲਾਵਾ ਗੁਆਂਢੀ ਰਾਜਾਂ ਦੇ ਜ਼ਿਲ੍ਹਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ ਚੰਡੀਗੜ੍ਹ ਵਿੱਚ ਵੀ ਸ਼ਰਾਬ ਦੀ ਵਿਕਰੀ ’ਤੇ ਪਾਬੰਦੀ ਹੋਵੇਗੀ। ਪੰਜਾਬ ਵਿੱਚ 10 ਮਾਰਚ ਨੂੰ ਵੋਟਾਂ ਦੀ ਗਿਣਤੀ ਵਾਲਾ ਦਿਨ ਵੀ ਡਰਾਈ ਡੇ ਹੀ ਰਹੇਗਾ।