ਮੋਗਾ, 16 ਫਰਵਰੀ, (ਮੋਹਿਤ ਕੋਛੜ) :
ਇਸ ਵਾਰ ਵਿਧਾਨ ਸਭਾ ਚੋਣਾਂ ਸਮੇਂ ਵੋਟਰ ਪਿਛਲੀਆਂ ਚੋਣਾਂ ਨਾਲੋਂ ਕਿਤੇ ਜ਼ਿਆਦਾ ਸਮਝਦਾਰ, ਸੂਝਵਾਨ, ਅਤੇ ਮਸਤੀ ਨਾਲ ਆਪਣੇ ਕੀਮਤੀ ਵੋਟ ਦੀ ਵਰਤੋਂ ਕਰਨ ਲਈ ਚੁੱਪੀ ਧਾਰੀ ਬੈਠਾ ਵਿਖਾਈ ਦੇ ਰਿਹਾ ਹੈ? ਭਾਵੇਂ 2017 ਦੀ ਵਿਧਾਨ ਸਭਾ ਚੋਣ ਸਮੇਂ ਨੌਜਵਾਨ ਵਰਗ, ਪ੍ਰਵਾਸੀ ਵੋਟਰਾਂ ਦਾ ਝੁਕਾਅ ਇਕ ਪਾਰਟੀ ਵੱਲ ਹੋ ਗਿਆ ਸੀ ਸਗੋਂ ਨੌਜਵਾਨਾਂ ਨੇ ਆਪਣੇ ਮਾਪਿਆਂ ਅਤੇ ਰਿਸ਼ਤੇਦਾਰਾਂ ਨੂੰ ਵੀ ਉਨ੍ਹਾਂ ਦੀਆਂ ਰਵਾਇਤੀ ਪਾਰਟੀਆਂ ਨਾਲੋਂ ਤੋੜਦਿਆਂ ਹੋਰਨਾਂ ਪਾਰਟੀਆਂ ਦਾ ਨਿਸ਼ਾਨ ਚੁਣਨ ਲਈ ਮਜ਼ਬੂਰ ਕਰ ਦਿੱਤਾ ਸੀ। ਇਸ ਵਾਰ ਭਾਵੇਂ ਅਜਿਹਾ ਕੁਝ ਵਿਖਾਈ ਨਹੀਂ ਦੇ ਰਿਹਾ ਪਰ ਹਰ ਵੋਟਰ ਵਲੋਂ ਆਪਣੀ ਵੋਟ ਦੀ ਖੁਦ ਮਰਜ਼ੀ ਨਾਲ ਵਰਤੋਂ ਕਰਨ ਦੇ ਰੁਝਾਨ ਸਾਫ਼ ਵਿਖਾਈ ਦੇ ਰਿਹਾ ਹੈ। ਵੋਟਰਾਂ ਦੀ ਅਜਿਹੀ ਕਾਰਗੁਜਾਰੀ ਕਾਰਨ ਜਿੱਥੇ ਰਾਜਨੀਤਿਕ ਪਾਰਟੀਆਂ ਚਿੰਤਤ ਹਨ ਉੱਥੇ ਰਾਜਸੀ ਧਿਰਾਂ ਦੇ ‘ਮੁਖੀ` ਬੁਰੀ ਤਰ੍ਹਾਂ ਪ੍ਰੇਸ਼ਾਨ ਹੀ ਨਹੀਂ ਹੋ ਰਹੇ ਸਗੋਂ ਲੋਕਾਂ ਦਾ ਧਿਆਨ ਆਪਣੀ ਪਾਰਟੀ ਅਤੇ ਉਮੀਦਵਾਰ ਵੱਲ ਖਿੱਚਣ ਲਈ ਦਿਨ ਰਾਤ ਇੱਕ ਕਰ ਰਹੇ ਹਨ। ਮੌਜੂਦਾ ਸਮੇਂ ਜੋ ਹਾਲਾਤ ਵਿਖਾਈ ਦੇ ਰਹੇ ਹਨ ਪਰਿਵਾਰ ਦੇ ਮੈਂਬਰ ਤਾਂ ਇਕ ਛੱਤ 'ਚ ਇਕੱਠੇ ਰਹਿੰਦੇ ਹਨ ਪਰ ਵੋਟਾਂ ਪਾਉਣ ਲਈ ਸਾਰੇ ਮੈਂਬਰਾਂ ਦੀ ਸੋਚ ਵੱਖੋ-ਵੱਖਰੀ ਜਾਪਦੀ ਹੈ, ਜਿਸ ਦਾ ਅੰਦਾਜ਼ਾ ਉਨ੍ਹਾਂ ਦੇ ਘਰਾਂ ਦੀਆਂ ਛੱਤਾਂ/ਬਨੇਰਿਆਂ 'ਤੇ ਅਲੱਗ-ਅਲੱਗ ਪਾਰਟੀਆਂ ਦੇ ਲਗਾਏ ‘ਚੋਣ ਨਿਸ਼ਾਨ' ਅਤੇ ਉਮੀਦਵਾਰਾਂ ਦੀਆਂ ਤਸਵੀਰਾਂ ਅਤੇ ਚੋਣ ਨਿਸ਼ਾਨ ਵਾਲੀਆਂ ਝੰਡਿਆਂ ਤੋਂ ਹੁੰਦੀ ਹੈ। ਇੰਨਾ ਹੀ ਨਹੀਂ ਇਹ ਵੀ ਆਮ ਧਾਰਨਾ ਹੁੰਦੀ ਸੀ ਕਿ ਚੋਣਾਂ ਦੌਰਾਨ ਹੋਣ ਵਾਲੇ ਚੋਣ ਜਲਸਿਆਂ/ਨੁੱਕੜ ਮੀਟਿੰਗਾਂ `ਚ ਸ਼ਮੂਲੀਅਤ ਕਰਨ ਵਾਲੇ ਜਾਂ ਆਸੇ-ਪਾਸੇ ਖੜ੍ਹਕੇ ਆਗੂਆਂ ਦੇ ਵਿਚਾਰ ਸੁਣਨ ਵਾਲੇ ਲੋਕਾਂ ਨੂੰ ਉਸੇ ਪਾਰਟੀ ਦੇ ਹਮਾਇਤੀ ਸਮਝ ਲਿਆ ਜਾਂਦਾ ਸੀ ਸਗੋਂ ਅਜਿਹੇ ਵੋਟਰਾਂ ’ਤੇ ਆਪਣਾ ਪ੍ਰਭਾਵ ਰੱਖਣ ਵਾਲੇ ਆਗੂ ਘੇਰਾਬੰਦੀ ਵੀ ਕਰਦੇ ਸਨ। ਕਈ ਵਾਰ ਇਸ ਤਰ੍ਹਾਂ ਦੀ ਪੁੱਛ ਪੜਤਾਲ 'ਚ ਮਾਹੌਲ ਤਣਾਅ ਪੂਰਨ ਹੋ ਕੇ ਕਈ ਥਾਈਂ ਲੜਾਈ ਦਾ ਮਾਹੌਲ ਹੋ ਜਾਂਦਾ ਸੀ। ਜੇਕਰ ਮੌਜੂਦਾ ਹਾਲਾਤ ਦੀ ਗੱਲ ਕੀਤੀ ਜਾਵੇ ਤਾਂ ਹੁਣ ਵੋਟਰ ਬਿਨਾਂ ਕਿਸੇ ਡਰ ਖੌਫ਼ ਤੋਂ ਸਾਰੀਆਂ ਪਾਰਟੀ ਦੇ ਉਮੀਦਵਾਰ ਦਾ ਮੂੰਹ ਮੁਲਾਹਜ਼ਾ ਰੱਖਣ ਲਈ ਚੋਣ ਜਲਸਿਆਂ ਦੀ ਹਾਜ਼ਰੀ ਭਰਦੇ ਹੋਏ ਲੱਡੂ, ਸਮੋਸੇ, ਪਕੌੜੇ ਮੁੱਲ ਖਾਂਦੇ ਹੋਏ ਵੋਟਾਂ ਪਾਉਣ ਦੀ ਸਚੀ-ਝੂਠੀ ਤਸੱਲੀ ਦੇ ਰਹੇ ਹਨ। ਹੁਣ ਦੇਖਣਾ ਹੋਵੇਗਾ ਇਸ ਵਾਰ ਵਿਧਾਨ ਸਭਾ ਚੋਣਾਂ 'ਚ ਵੋਟਰ ਆਪਣਾ ਫਤਵਾ ਕਿਸ ਉਮੀਦਵਾਰ ਅਤੇ ਪਾਰਟੀ ਦੇ ਹੱਕ 'ਚ ਦਿੰਦੇ ਹਨ .. ?