ਕੋਲਕਾਤਾ/ 16 ਫ਼ਰਵਰੀ/ ਦੇਸ਼ ਕਲਿਕ ਬਿਊਰੋ :
ਭਾਰਤ ਅਤੇ ਵੈਸਟਇੰਡੀਜ ਵਿਚਾਲੇ ਪਹਿਲਾ ਟੀ-20 ਮੈਚ ਅੱਜ ਹੈ।ਵਨਡੇ ਸੀਰੀਜ਼ 'ਤੇ ਕਬਜ਼ਾ ਕਰਨ ਤੋਂ ਬਾਅਦ ਅੱਜ ਬੁੱਧਵਾਰ ਤੋਂ 3 ਮੈਚਾਂ ਦੀ ਟੀ-20 ਸੀਰੀਜ਼ ਸ਼ੁਰੂ ਹੋਣ ਜਾ ਰਹੀ ਹੈ। ਟੀ-20 ਕ੍ਰਿਕਟ ਦੇ ਤਿੰਨੋਂ ਮੈਚ ਕੋਲਕਾਤਾ ਦੇ ਈਡਨ ਗਾਰਡਨ ਮੈਦਾਨ 'ਤੇ ਖੇਡੇ ਜਾਣਗੇ। ਇਸ ਸੀਰੀਜ਼ ‘ਚ ਵੀ ਟੀਮ ਇੰਡੀਆ ਦੀ ਜਿੱਤ ਨੂੰ ਯਕੀਨੀ ਮੰਨਿਆ ਜਾ ਰਿਹਾ ਹੈ।ਟੀਮ ਦੇ ਉਪ ਕਪਤਾਨ ਕੇਐਲ ਰਾਹੁਲ ਸੱਟ ਕਾਰਨ ਸੀਰੀਜ਼ ਤੋਂ ਬਾਹਰ ਹਨ। ਅਜਿਹੇ 'ਚ ਪਹਿਲੇ ਮੈਚ 'ਚ ਈਸ਼ਾਨ ਕਿਸ਼ਨ ਰੋਹਿਤ ਸ਼ਰਮਾ ਦੇ ਨਾਲ ਸਲਾਮੀ ਬੱਲੇਬਾਜ਼ ਦੇ ਰੂਪ 'ਚ ਉਤਰ ਸਕਦੇ ਹਨ।ਟੀਮ ਇੰਡੀਆ ਦੇ ਸਾਬਕਾ ਕਪਤਾਨ ਵਿਰਾਟ ਕੋਹਲੀ ਵਨਡੇ ਸੀਰੀਜ਼ 'ਚ ਕੁਝ ਖਾਸ ਪ੍ਰਦਰਸ਼ਨ ਨਹੀਂ ਕਰ ਸਕੇ। ਅਜਿਹੇ 'ਚ ਅੱਜ ਦੇ ਮੈਚ 'ਚ ਇਸ ਖਿਡਾਰੀ ਤੋਂ ਵੱਡੀ ਪਾਰੀ ਦੀ ਉਮੀਦ ਕੀਤੀ ਜਾ ਸਕਦੀ ਹੈ। ਕੋਹਲੀ ਨੇ ਆਖਰੀ ਸੈਂਕੜਾ ਨਵੰਬਰ 2019 'ਚ ਇਸੇ ਮੈਦਾਨ 'ਤੇ ਬੰਗਲਾਦੇਸ਼ ਖਿਲਾਫ ਲਗਾਇਆ ਸੀ। ਕੋਹਲੀ ਤੋਂ ਇਲਾਵਾ ਟੀਮ ਨੂੰ ਸ਼੍ਰੇਅਸ ਅਈਅਰ ਅਤੇ ਸੂਰਿਆਕੁਮਾਰ ਯਾਦਵ ਤੋਂ ਵੀ ਵੱਡੀਆਂ ਉਮੀਦਾਂ ਹੋਣਗੀਆਂ। ਇਹ ਦੋਵੇਂ ਖਿਡਾਰੀ ਵਨਡੇ ਸੀਰੀਜ਼ 'ਚ ਚੰਗੀ ਫਾਰਮ 'ਚ ਸਨ।