ਚੰਡੀਗੜ੍ਹ, 15 ਫਰਵਰੀ, ਦੇਸ਼ ਕਲਿੱਕ ਬਿਓਰੋ :
ਪੰਜਾਬੀ ਦੇ ਪ੍ਰਤੀਬੱਧ ਸਿੱਖਿਆ ਸ਼ਾਸਤਰੀ, ਡੀ.ਏ.ਵੀ. ਕਾਲਜ ਜਲੰਧਰ ਦੇ ਸਾਬਕਾ ਪ੍ਰੋਫੈਸਰ ਅਤੇ ਪ੍ਰਵਚਨ ਰਸਾਲੇ ਦੇ ਸੰਪਾਦਕ ਡਾ. ਰਜਨੀਸ਼ ਬਹਾਦਰ ਸਿੰਘ ਸਦੀਵੀ ਵਿਛੋੜਾ ਦੇ ਗਏ ਹਨ। ਉਨ੍ਹਾਂ ਨੇ ਲੇਖਣ ਦੇ ਨਾਲ ਨਾਲ ਅਧਿਆਪਕ ਜਥੇਬੰਦੀ ਤੇ ਹੋਰ ਸੰਗਠਨਾਂ 'ਚ ਗੌਲਣਯੋਗ ਕੰਮ ਕੀਤਾ। ਉਹ ਪੰਜਾਬ ਦੇ ਪ੍ਰਾਈਵੇਟ ਕਾਲਜ ਅਧਿਆਪਕਾਂ ਦੀ ਜਥੇਬੰਦੀ (ਪੀ.ਸੀ.ਟੀ.ਯੂ.) ਵਿੱਚ ਲਗਾਤਾਰ ਸਰਗਰਮ ਰਹੇ। ਉਹ ਪੰਜਾਬੀ ਭਾਸ਼ਾ, ਸਾਹਿਤ ਤੇ ਸੱਭਿਆਚਾਰ ਦੇ ਪ੍ਰਚਾਰ, ਪ੍ਰਸਾਰ ਲਈ ਯਤਨਸ਼ੀਲ ਕਈ ਸੰਸਥਾਵਾਂ ਵਿੱਚ ਆਗੂਆਂ ਵਾਲੀ ਭੂਮਿਕਾ ਨਿਭਾਉਂਦੇ ਰਹੇ। ਉਹ ਕੇਂਦਰੀ ਪੰਜਾਬੀ ਲੇਖਕ ਸਭਾ, ਰੋਜ਼ਾਨਾ ਨਵਾਂ ਜ਼ਮਾਨਾ ਅਖ਼ਬਾਰ ਤੇ ਪ੍ਰਗਤੀਸ਼ੀਲ ਲੇਖਕ ਸੰਘ ਪੰਜਾਬ ਵਿੱਚ ਵੀ ਸਰਗਰਮ ਰਹੇ।
1158 ਸਹਾਇਕ ਪ੍ਰੋਫੈਸਰ ਫਰੰਟ ਪੰਜਾਬ ਦੇ ਕੋਆਰਡੀਨੇਟਰਾਂ ਪ੍ਰੋ. ਬਲਵਿੰਦਰ ਚਹਿਲ, ਪਰਮਜੀਤ ਸਿੰਘ, ਜਸਪ੍ਰੀਤ ਸਿਵੀਆ, ਪ੍ਰੋ. ਕੰਵਲਜੀਤ ਕੌਰ ਤੇ ਪ੍ਰੋ.ਕਰਮਜੀਤ ਸਿੰਘ ਤੇ ਸਰਕਾਰੀ ਕਾਲਜ ਬਚਾਓ ਮੰਚ ਦੇ ਆਗੂ ਪ੍ਰੋ. ਮਨਪ੍ਰੀਤ ਜਸ ਨੇ ਅਜਿਹੇ ਸਿੱਖਿਆ ਸ਼ਾਸਤਰੀ, ਲੇਖਕ ਤੇ ਪੰਜਾਬੀ ਭਾਸ਼ਾ ਦੇ ਮੁਦੱਈ ਦੇ ਤੁਰ ਜਾਣ ਨੂੰ ਨਾ ਪੂਰਿਆ ਜਾਣ ਵਾਲਾ ਘਾਟਾ ਦੱਸਿਆ।