ਰਾਘਵ ਚੱਢਾ ਅਤੇ ਜਗਮੋਹਨ ਸਿੰਘ ਕੰਗ ਨੇ ਲਾਏ ਮੁੱਖ ਮੰਤਰੀ ਨੂੰ ਰਗੜੇ-
ਮੋਰਿੰਡਾ, 15 ਫਰਵਰੀ
ਅੱਜ ਸ਼ਾਮੀ ਸਥਾਨਿਕ ਕ੍ਰਿਸ਼ਨਾ ਮੰਡੀ ਮੋਰਿੰਡਾ ਵਿੱਚ ਮੁੱਖ ਮੰਤਰੀ ਪੰਜਾਬ ਦੇ ਵਿਰੁੱਧ ਚੋਣ ਲੜ ਰਹੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਡਾ. ਚਰਨਜੀਤ ਸਿੰਘ ਦੇ ਹੱਕ ਵਿੱਚ ਸੀਨੀਅਰ ‘ਆਪ’ ਆਗੂ ਰਾਘਵ ਚੱਢਾ ਅਤੇ ਜਗਮੋਹਨ ਸਿੰਘ ਕੰਗ ਵਲੋਂ ਮੋਰਿੰਡਾ ਵਾਸੀਆਂ ਤੋਂ ਵੋਟਾਂ ਮੰਗੀਆਂ ਅਤੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ’ਤੇ ਰੇਤਾ-ਬਜਰੀ ਦੀ ਚੋਰੀ ਅਤੇ ਭ੍ਰਿਸ਼ਟਾਚਾਰ ਦੇ ਦੋਸ਼ ਲਾਏ। ਇਸ ਮੌਕੇ ਬੋਲਦਿਆਂ ਸੀਨੀਅਰ ਆਪ ਆਗੂ ਰਾਘਵ ਚੱਢਾ ਨੇ ਕਿਹਾ ਕਿ ਮੁੱਖ ਮੰਤਰੀ ਚੰਨੀ ਵਲੋਂ 111 ਦਿਨਾਂ ਵਿੱਚ ਰਿਸ਼ਵਤਖੋਰੀ ਅਤੇ ਰੇਤ ਚੋਰੀ ਦਾ ਬੋਲਬਾਲਾ ਵਧਾ ਕੇ ਬਾਦਲ ਸਰਕਾਰ ਦੇ ਵੀ ਸਾਰੇ ਰਿਕਾਰਡ ਤੋੜ ਦਿੱਤੇ ਹਨ। ਜਿਸਦਾ ਸਬੂਤ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਭਾਣਜੇ ਹਨੀ ਤੋਂ ਫੜਿਆ ਕਰੋੜਾਂ ਰੁਪਿਆ ਅਤੇ ਕਰੋੜਾਂ ਰੁਪਏ ਦੀ ਜਾਇਦਾਦ ਦੇ ਕਾਗਜ, ਸੋਨਾ ਤੇ ਮਹਿੰਗੀ ਘੜੀ ਤੋਂ ਹੀ ਮਿਲ ਗਿਆ ਹੈ। ਉਹਨਾਂ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਮਗਰਲੇ 70 ਸਾਲਾਂ ਤੋਂ ਅਕਾਲੀ, ਭਾਜਪਾ ਅਤੇ ਕਾਂਗਰਸ ਪਾਰਟੀਆਂ ਨੂੰ ਮੌਕਾ ਦਿੱਤਾ ਹੈ ਪਰ ਇਸ ਵਾਰ ਆਮ ਆਦਮੀ ਪਾਰਟੀ ਦੀ ਸਰਕਾਰ ਲਿਆ ਕੇ ਭਗਵੰਤ ਮਾਨ ਨੂੰ ਮੁੱਖ ਮੰਤਰੀ ਬਣਾਓ। ਕਿਉਂਕਿ ਉਹ ਪੰਜਾਬ ਦੀਆਂ ਸਮੱਸਿਆਵਾਂ ਤੋਂ ਪੂਰੀ ਤਰਾਂ ਜਾਣੂੰ ਹਨ। ਉਹਨਾਂ ਕੇਜਰੀਵਾਲ ਸਰਕਾਰ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਰਵਿੰਦ ਕੇਜਰੀਵਾਲ ਵਲੋਂ ਦਿੱਲੀ ਵਿੱਚ ਕੀਤੇ ਕੰਮਾਂ ਤੋਂ ਲੋਕ ਖੁਸ਼ ਹਨ। ਇੱਥੇ ਵੀ ਭਗਵੰਤ ਮਾਨ ਅਤੇ ਕੇਜਰੀਵਾਲ ਮਿਲ ਕੇ ਵਧੀਆ ਸਰਕਾਰ ਚਲਾਉਣਗੇ। ਇਸੇ ਮੌਕੇ ਤੇ ਹਾਜਰ ਸਾਬਕਾ ਕੈਬਨਿਟ ਮੰਤਰੀ ਜਗਮੋਹਨ ਸਿੰਘ ਕੰਗ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਰਗੜੇ ਲਾਉਂਦਿਆਂ ਕਿਹਾ ਕਿ ਇਹ ਵਿਅਕਤੀ ਅਹਿਸਾਨ ਫਰਾਮੋਸ਼ ਵਿਅਕਤੀ ਹੈ। ਇਸਨੇ ਪੰਜਾਬ ਦਾ ਭਲਾ ਨਹੀਂ ਕਰਨਾ ਉਲਟਾ ਰੇਤ ਮਾਫੀਆ, ਸ਼ਰਾਬ ਮਾਫੀਆ, ਨਸ਼ੇ ਦੇ ਤਸਕਰਾਂ ਨੂੰ ਹੀ ਅੱਗੇ ਲੈ ਕੇ ਆਉਣਾ ਹੈ। ਉਹਨਾਂ ਕਿਹਾ ਕਿ ਮੋਰਿੰਡਾ ਵਾਸੀਆਂ ਨੇ ਉਹਨਾਂ ਨੂੰ 1992 ਵਿੱਚ ਮੋਰਿੰਡਾ ਸੀਟ ਤੋਂ ਜਿਤਾਇਆ ਸੀ। ਉਹ ਮੋਰਿੰਡਾ ਅਤੇ ਸ੍ਰੀ ਚਮਕੌਰ ਸਾਹਿਬ ਹਲਕੇ ਵਿੱਚ ਕਈ ਸਾਲਾਂ ਤੋਂ ਵਿਚਰ ਰਹੇ ਹਨ । ਹੁਣ ਉਹ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਭ੍ਰਿਸ਼ਟਾਚਾਰਾਂ ਨੂੰ ਨੰਗਾ ਕਰਨ ਲਈ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਏ ਹਨ। ਉਹਨਾਂ ਮੋਰਿੰਡਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਮੁੱਖ ਮੰਤਰੀ ਚੰਨੀ ਨੂੰ ਬਿਲਕੁਲ ਵੀ ਮੂੰਹ ਨਾ ਲਾਉਣ ਅਤੇ ਵੱਧ ਤੋਂ ਵੱਧ ਵੋਟਾਂ ਡਾ. ਚਰਨਜੀਤ ਸਿੰਘ ਨੂੰ ਪਾ ਕੇ ਜਿਤਾਉਣ। ਇਸੇ ਮੌਕੇ ਆਪ ਦੇ ਸ੍ਰੀ ਚਮਕੌਰ ਸਾਹਿਬ ਤੋਂ ਉਮੀਦਵਾਰ ਡਾ. ਚਰਨਜੀਤ ਸਿੰਘ ਵਲੋਂ ਹਲਕਾ ਸ੍ਰੀ ਚਮਕੌਰ ਸਾਹਿਬ ਦੇ ਵੋਟਰਾਂ ਤੋਂ ਵੋਟਾਂ ਮੰਗੀਆਂ। ਚੋਣ ਰੈਲੀ ਤੋਂ ਬਾਅਦ ਰਾਘਵ ਚੱਢਾ, ਜਗਮੋਹਨ ਸਿੰਘ ਕੰਗ ਅਤੇ ਡਾ. ਚਰਨਜੀਤ ਸਿੰਘ ਨੇ ਆਪਣੇ ਸਮਰਥਕਾਂ ਨਾਲ ਸਨਾਤਨ ਧਰਮ ਮੰਦਿਰ ਵਿੱਚ ਮੱਥਾ ਟੇਕਿਆ ਅਤੇ ਉਸ ਤੋਂ ਬਾਅਦ ਗੁਰਦੁਆਰਾ ਕੋਤਵਾਲੀ ਸਾਹਿਬ ਵਿੱਚ ਵੀ ਨਤਮਸਤਕ ਹੋਏ। ਜਿੱਥੇ ਉਹਨਾਂ ਨੂੰ ਪ੍ਰਬੰਧਕਾਂ ਵਲੋਂ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸਕਿੰਦਰ ਸਿੰਘ ਸਹੇੜੀ, ਮਨਜੀਤ ਸਿੰਘ ਬਹਿਰਾਮਪੁਰ, ਐੱਨ.ਪੀ. ਰਾਣਾ, ਬਲਵਿੰਦਰ ਸਿੰਘ ਚੈੜੀਆਂ, ਕਰਮਜੀਤ ਸਿੰਘ ਸਮਾਣਾ ਖੁਰਦ, ਦਰਸ਼ਨਪਾਲ ਸ਼ਰਮਾ, ਕੇਵਲ ਜੋਸ਼ੀ, ਸੁਖਮਿੰਦਰ ਸਿੰਘ, ਕ੍ਰਿਸ਼ਨ ਕੁਮਾਰ, ਕੁਲਵੰਤ ਸਿੰਘ ਸੁਰਤਾਪੁਰ, ਕਮਲ ਸਿੰਘ, ਲਖਵਿੰਦਰ ਸਿੰਘ ਕਾਕਾ, ਇਕਬਾਲ ਸਿੰਘ ਜਗਤਪੁਰਾ, ਰਵਿੰਦਰ ਸਿੰਘ ਗੰਧੋਂ, ਜਗਮੋਹਣ ਸਿੰਘ ਰੰਗੀਆਂ, ਪਾਲ ਸਿੰਘ ਗੋਸਲਾਂ, ਪਰਗਟ ਸਿੰਘ, ਗੁਰਪ੍ਰੀਤ ਸਿੰਘ, ਨਿਰਮਲ ਸਿੰਘ, ਜਸਵੀਰ ਸਿੰਘ ਰਤਨਗੜ੍ਹ, ਕੁਲਦੀਪ ਸਿੰਘ ਖੇੜੀ, ਰਜਿੰਦਰ ਸਿੰਘ ਰਾਜਾ ਆਦਿ ਹਾਜ਼ਰ ਸਨ।