ਅੰਮ੍ਰਿਤਸਰ/ 15 ਫ਼ਰਵਰੀ/ ਦੇਸ਼ ਕਲਿਕ ਬਿਊਰੋ :
ਨਵਜੋਤ ਸਿੰਘ ਸਿੱਧੂ ਨੇ ਸੋਮਵਾਰ ਰਾਤ ਅੰਮ੍ਰਿਤਸਰ ਪੂਰਬੀ ਵਿਖੇ ਵੱਖ-ਵੱਖ ਰੈਲੀਆਂ ਨੂੰ ਸੰਬੋਧਨ ਕਰਦਿਆਂ ਮੁਆਫ਼ੀ ਮੰਗੀ ਹੈ। ਸਿੱਧੂ ਨੇ ਕਿਹਾ ਕਿ ਉਨ੍ਹਾਂ ਵਿੱਚ ਵੀ ਕਮੀਆਂ ਹਨ। ਉਹ ਉਸ ਦੇ ਲਈ ਮਾਫ਼ੀ ਮੰਗਦੇ ਹਨ। ਪਰ ਉਹ ਇਸ ਨੂੰ ਸੁਧਾਰ ਰਿਹਾ ਹੈ। ਇਸ ਦੇ ਨਾਲ ਹੀ ਉਨ੍ਹਾਂ ਵੋਟਰਾਂ ਨੂੰ ਇਮਾਨਦਾਰੀ ਨਾਲ ਕੰਮ ਕਰਨ ਵਾਲੇ ਨੂੰ ਵੋਟ ਪਾਉਣ ਦੀ ਅਪੀਲ ਕੀਤੀ। ਰਾਹੁਲ ਗਾਂਧੀ ਦੀ ਰੈਲੀ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਅੰਮ੍ਰਿਤਸਰ ਈਸਟ ਹਲਕੇ ਪਹੁੰਚੇ। ਜਿੱਥੇ ਉਨ੍ਹਾਂ ਸ਼ਹਿਰ ਦੇ ਵੱਖ-ਵੱਖ ਹਿੱਸਿਆਂ 'ਚ ਰੈਲੀਆਂ ਨੂੰ ਸੰਬੋਧਨ ਕੀਤਾ। ਇਸ ਦੌਰਾਨ ਉਨ੍ਹਾਂ ਨੇ ਅਕਾਲੀ ਦਲ ਅਤੇ ਬਿਕਰਮ ਮਜੀਠੀਆ 'ਤੇ ਨਿਸ਼ਾਨਾ ਸਾਧਿਆ। ਉਨ੍ਹਾਂ ਵੋਟਰਾਂ ਸਾਹਮਣੇ ਆਪਣੀਆਂ ਗਲਤੀਆਂ ਵੀ ਮੰਨੀਆਂ ਅਤੇ ਜਲਦ ਹੀ ਉਨ੍ਹਾਂ ਨੂੰ ਸੁਧਾਰਨ ਦੀ ਗੱਲ ਵੀ ਕਹੀ। ਉਨ੍ਹਾਂ ਆਪਣੀ ਗਲਤੀ ਮੰਨਦਿਆਂ ਕਿਹਾ ਕਿ ਉਹ 5 ਸਾਲ ਆਪਣੇ ਵੋਟਰਾਂ ਤੋਂ ਦੂਰ ਰਹੇ। ਪਰ ਉਹ ਇਸ ਗਲਤੀ ਨੂੰ ਸੁਧਾਰ ਰਿਹਾ ਹੈ। ਹੁਣ ਜੇਕਰ ਰਾਤ ਦੇ 2 ਵਜੇ ਵੀ ਉਸ ਨੂੰ ਲੋਕ ਫੋਨ ਕਰਨਗੇ ਤਾਂ ਉਹ ਚੁੱਕ ਲੈਣਗੇ।ਉਸਦੀ ਪਤਨੀ ਲੋਕਾਂ ਵਿਚ ਆਉਂਦੀ ਰਹਿੰਦੀ ਹੈ ਅਤੇ ਹਰ ਕਿਸੇ ਦੇ ਸੰਪਰਕ ਵਿੱਚ ਰਹਿੰਦੀ ਹੈ। ਇਸ ਲਈ ਉਨ੍ਹਾਂ ਨੂੰ ਮਾਫ਼ ਕਰਨਾ ਬਣਦਾ ਹੈ।
ਇਸ ਦੇ ਨਾਲ ਹੀ ਉਨ੍ਹਾਂ ਨੇ ਅਨਿਲ ਜੋਸ਼ੀ ਨੂੰ ਕਾਲਾ ਬ੍ਰਾਹਮਣ ਕਹਿਣ ਲਈ ਬ੍ਰਾਹਮਣ ਸਮਾਜ ਤੋਂ ਮੁਆਫੀ ਵੀ ਮੰਗੀ ਹੈ। ਸਿੱਧੂ ਦਾ ਕਹਿਣਾ ਹੈ ਕਿ ਅਨਿਲ ਜੋਸ਼ੀ ਅਹਿਸਾਨ ਫਰਾਮੋਸ਼ ਹੈ। ਕਾਲਾ ਸ਼ਬਦ ਕੇਵਲ ਅਨਿਲ ਜੋਸ਼ੀ ਲਈ ਸੀ। ਬ੍ਰਾਹਮਣ ਸਮਾਜ ਲਈ ਉਸ ਦੇ ਦਿਲ ਵਿਚ ਸਤਿਕਾਰ ਹੈ। ਜੇ ਉਸ ਤੋਂ ਕੋਈ ਗਲਤੀ ਹੋ ਗਈ ਹੈ, ਤਾਂ ਉਹ ਆਪਣੀ ਪੱਗ ਜ਼ਮੀਨ 'ਤੇ ਰੱਖ ਕੇ ਮੁਆਫੀ ਮੰਗਦਾ ਹੈ।