ਚੰਡੀਗੜ੍ਹ/ 15 ਫ਼ਰਵਰੀ/ ਦੇਸ਼ ਕਲਿਕ ਬਿਊਰੋ :
ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਹੱਕ ‘ਚ ਚੋਣ ਪ੍ਰਚਾਰ ਕਰਨ ਲਈ ਪ੍ਰਿਅੰਕਾ ਗਾਂਧੀ ਖੁਦ ਚੋਣ ਮੈਦਾਨ ਵਿੱਚ ਉਤਰਨ ਜਾ ਰਹੀ ਹੈ। ਪ੍ਰਿਅੰਕਾ ਗਾਂਧੀ ਅੱਜ ਮੰਗਲਵਾਰ ਨੂੰ ਅੰਮ੍ਰਿਤਸਰ ਪੂਰਬੀ ਵਿਧਾਨ ਸਭਾ ਹਲਕੇ ਵਿੱਚ ਲੋਕਾਂ ਤੋਂ ਵੋਟਾਂ ਮੰਗੇਗੀ। ਉਹ ਸਿੱਧੂ ਦੇ ਹਲਕਾ ਬਟਾਲਾ ਰੋਡ ਇਲਾਕੇ ਵਿੱਚ ਰੋਡ ਸ਼ੋਅ ਕਰਕੇ ਵੋਟਾਂ ਪਾਉਣ ਦੀ ਅਪੀਲ ਕਰਨਗੇ। ਦੱਸ ਦੇਈਏ ਕਿ ਸਿੱਧੂ ਨੇ ਦੋ ਦਿਨ ਪਹਿਲਾਂ ਪ੍ਰਿਅੰਕਾ ਦੀ ਪਬਲਿਕ ਮੀਟਿੰਗ ਵਿੱਚ ਬੋਲਣ ਤੋਂ ਇਨਕਾਰ ਕਰ ਦਿੱਤਾ ਸੀ। ਹੁਣ ਉਨ੍ਹਾਂ ਦੀ ਨਰਾਜ਼ਗੀ ਨੂੰ ਦੂਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।ਅੰਮ੍ਰਿਤਸਰ ਪੂਰਬੀ ਵਿਧਾਨ ਸਭਾ ਸੀਟ 'ਤੇ ਇਸ ਵਾਰ ਨਵਜੋਤ ਸਿੰਘ ਸਿੱਧੂ ਆਪਣੇ 18 ਸਾਲਾਂ ਦੇ ਲੰਬੇ ਸਿਆਸੀ ਕਰੀਅਰ 'ਚ ਪਹਿਲੀ ਵਾਰ ਮੁਸ਼ਕਲ 'ਚ ਨਜ਼ਰ ਆ ਰਹੇ ਹਨ। ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਤੋਂ ਇਲਾਵਾ ਉਨ੍ਹਾਂ ਦਾ ਮੁਕਾਬਲਾ ਆਮ ਆਦਮੀ ਪਾਰਟੀ ਦੀ ਉਮੀਦਵਾਰ ਜੀਵਨਜੋਤ ਕੌਰ ਨਾਲ ਹੈ। ਸਿੱਧੂ ਖੁਦ ਪਿਛਲੇ ਕਈ ਦਿਨਾਂ ਤੋਂ ਆਪਣੇ ਇਲਾਕੇ ਵਿੱਚ ਘਰ-ਘਰ ਜਾ ਕੇ ਚੋਣ ਪ੍ਰਚਾਰ ਵਿੱਚ ਲੱਗੇ ਹੋਏ ਹਨ।