ਚੰਡੀਗੜ੍ਹ/ 15 ਫ਼ਰਵਰੀ/ ਦੇਸ਼ ਕਲਿਕ ਬਿਊਰੋ :
ਸ਼੍ਰੋਮਣੀ ਅਕਾਲੀ ਦਲ (ਬਾਦਲ) ਅਤੇ ਬਸਪਾ ਗਠਜੋੜ ਅੱਜ ਚੋਣ ਮੈਨੀਫੈਸਟੋ ਜਾਰੀ ਕਰੇਗਾ। ਪਾਰਟੀ ਪ੍ਰਧਾਨ ਸੁਖਬੀਰ ਬਾਦਲ ਚੰਡੀਗੜ੍ਹ ਵਿੱਚ ਇਸ ਨੂੰ ਜਾਰੀ ਕਰਨਗੇ। ਇਸ ਮੌਕੇ ਬਸਪਾ ਆਗੂ ਵੀ ਉਨ੍ਹਾਂ ਦੇ ਨਾਲ ਹੋਣਗੇ। ਅਕਾਲੀ ਦਲ ਗਰੀਬ ਅਤੇ ਪਛੜੇ ਵਰਗ ਦੇ ਵੋਟਰਾਂ ਨੂੰ ਪ੍ਰਭਾਵਿਤ ਕਰਨ ਲਈ ਕਈ ਐਲਾਨ ਕਰਨ ਦੀ ਤਿਆਰੀ ਕਰ ਰਿਹਾ ਹੈ। ਇਸ ਦਾ ਕਾਰਨ ਕਾਂਗਰਸ ਦੇ ਅਨੁਸੂਚਿਤ ਜਾਤੀ ਭਾਈਚਾਰੇ ਨੂੰ ਪ੍ਰਭਾਵਿਤ ਕਰਨ ਲਈ ਚਰਨਜੀਤ ਚੰਨੀ ਨੂੰ ਮੁੱਖ ਮੰਤਰੀ ਬਣਾਉਣ ਦੇ ਦਾਅ ਨੂੰ ਨਾਕਾਮ ਕਰਨਾ ਹੈ।ਪੰਜਾਬ ਵਿੱਚ ਅਕਾਲੀ ਦਲ ਇਸ ਵਾਰ ਭਾਜਪਾ ਤੋਂ ਬਿਨਾਂ ਚੋਣ ਲੜ ਰਿਹਾ ਹੈ। ਅਜਿਹੇ 'ਚ ਅਕਾਲੀ ਦਲ ਨੂੰ ਸ਼ਹਿਰੀ ਖੇਤਰ 'ਚ ਮੁਸ਼ਕਿਲ ਪੇਸ਼ ਆ ਰਹੀ ਹੈ। ਇਸ ਦੇ ਨਾਲ ਹੀ ਸੁਖਬੀਰ ਬਾਦਲ ਸਮੇਤ ਸਾਰੇ ਅਕਾਲੀ ਆਗੂ ਅਕਾਲੀ ਦਲ ਨੂੰ ਪੰਥਕ ਪਾਰਟੀ ਦੱਸ ਰਹੇ ਹਨ ਤਾਂ ਜੋ ਪਿੰਡਾਂ ਵਿੱਚ ਸਿੱਖ ਵੋਟ ਬੈਂਕ ਉਨ੍ਹਾਂ ਦੇ ਹੱਕ ‘ਚ ਭੁਗਤ ਸਕੇ। ਅਜਿਹੇ ਵਿੱਚ ਸ਼ਹਿਰ ਵਾਸੀਆਂ ਵਿੱਚ ਅਕਾਲੀ ਦਲ ਨੂੰ ਲੈ ਕੇ ਭੰਬਲਭੂਸਾ ਬਣਿਆ ਹੋਇਆ ਹੈ। ਮੰਨਿਆ ਜਾ ਰਿਹਾ ਹੈ ਕਿ ਸ਼ਹਿਰੀ ਲੋਕਾਂ ਨੂੰ ਪ੍ਰਭਾਵਿਤ ਕਰਨ ਲਈ ਵੱਡੇ ਚੋਣ ਐਲਾਨ ਵੀ ਕੀਤੇ ਜਾ ਸਕਦੇ ਹਨ।