ਕਾਂਗਰਸ,ਆਮ ਆਦਮੀ ਪਾਰਟੀ ਅਤੇ ਅਕਾਲੀ ਦਲ ਬਾਦਲ ‘ਤੇ ਲਾਏ ਨਿਸ਼ਾਨੇ
ਜਲੰਧਰ/14 ਫ਼ਰਵਰੀ/ਦੇਸ਼ ਕਲਿਕ ਬਿਊਰੋ:
ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਲੰਧਰ ਸ਼ਹਿਰ ਦੇ ਪੀਏਪੀ ਗਰਾਊਂਡ ਵਿੱਚ ਰੈਲੀ ਕੀਤੀ। ਰੈਲੀ ਲਈ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਸਨ।ਇਸ ਦੌਰਾਨ ਉਨ੍ਹਾਂ ਕਾਂਗਰਸ ਅਤੇ ਆਮ ਆਦਮੀ ਪਾਰਟੀ ਤੋਂ ਲੈ ਕੇ ਅਕਾਲੀ ਦਲ ਨੂੰ ਵੀ ਨਹੀਂ ਬਖਸ਼ਿਆ। ਪੀਐਮ ਮੋਦੀ ਨੇ ਕਿਹਾ ਕਿ ਪੰਜਾਬ ਦੀ ਸਰਕਾਰ ਨੂੰ ਦਿੱਲੀ ਵਿੱਚ ਬੈਠਾ ਪਰਿਵਾਰ ਰਿਮੋਟ ਕੰਟਰੋਲ ਨਾਲ ਚਲਾਉਂਦਾ ਹੈ। ਉਨ੍ਹਾਂ ਆਮ ਆਦਮੀ ਪਾਰਟੀ ਨੂੰ ਗਲੀਆਂ ਵਿੱਚ ਸ਼ਰਾਬ ਦੇ ਠੇਕੇ ਖੋਲ੍ਹਣ ਵਿੱਚ ਮਾਹਿਰ ਦੱਸਿਆ। ਅਕਾਲੀ ਦਲ ਬਾਰੇ ਪੀਐਮ ਨੇ ਕਿਹਾ ਕਿ ਉਨ੍ਹਾਂ ਨੇ ਭਾਜਪਾ ਦਾ ਡਿਪਟੀ ਸੀਐਮ ਨਹੀਂ ਬਣਾਇਆ।ਇਸ ਰੈਲੀ ਵਿੱਚ ਪ੍ਰਧਾਨ ਮੰਤਰੀ ਦੇ ਨਾਲ ਕੈਪਟਨ ਅਮਰਿੰਦਰ ਸਿੰਘ ਅਤੇ ਅਕਾਲੀ ਦਲ ਸੰਯੁਕਤ ਦੇ ਪ੍ਰਧਾਨ ਸੁਖਦੇਵ ਢੀਂਡਸਾ ਵੀ ਮੌਜੂਦ ਸਨ।
ਕਾਂਗਰਸ 'ਤੇ ਹਮਲਾ ਕਰਦੇ ਹੋਏ ਪੀਐਮ ਮੋਦੀ ਨੇ ਕਿਹਾ ਕਿ ਕਾਂਗਰਸ ਨੇ ਖੁਦ ਇਕਬਾਲ ਕੀਤਾ ਹੈ ਕਿ ਕੈਪਟਨ ਸਰਕਾਰ ਨੂੰ ਅਸੀਂ ਨਹੀਂ ਬਲਕਿ ਭਾਰਤ ਸਰਕਾਰ ਚਲਾ ਰਹੀ ਸੀ। ਪੰਜਾਬ ਦੀ ਕਾਂਗਰਸ ਸਰਕਾਰ ਦਿੱਲੀ ਤੋਂ ਰਿਮੋਟ ਕੰਟਰੋਲ ਰਾਹੀਂ ਇੱਕ ਪਰਿਵਾਰ ਚਲਾ ਰਹੀ ਹੈ। ਉਸ ਨੂੰ ਸੰਵਿਧਾਨ ਦੀ ਕੋਈ ਪਰਵਾਹ ਨਹੀਂ ਹੈ। ਉਨ੍ਹਾਂ ਕਿਹਾ ਕਿ ਜਦੋਂ ਪਾਪ ਦਾ ਘੜਾ ਭਰ ਜਾਂਦਾ ਹੈ ਤਾਂ ਉਹ ਵੀ ਫੁੱਟ ਜਾਂਦਾ ਹੈ। ਇਸ ਦੀ ਸਜ਼ਾ ਕਾਂਗਰਸ ਨੂੰ ਮਿਲ ਰਹੀ ਹੈ। ਅੱਜ ਉਨ੍ਹਾਂ ਦੀ ਆਪਣੀ ਪਾਰਟੀ ਟੁੱਟ ਰਹੀ ਹੈ। ਕਾਂਗਰਸ ਦੇ ਲੋਕ ਹੀ ਆਪਣੇ ਲੀਡਰਾਂ ਦੀ ਪੋਲ ਖੋਲ੍ਹ ਰਹੇ ਹਨ। ਆਪਸ ਵਿੱਚ ਲੜ ਰਹੇ ਲੋਕ ਪੰਜਾਬ ਨੂੰ ਸਥਿਰ ਸਰਕਾਰ ਕਿਵੇਂ ਦੇ ਸਕਣਗੇ।
ਪੀਐਮ ਨੇ ਕਿਹਾ ਕਿ ਮੇਰਾ ਪੰਜਾਬ ਨਾਲ ਭਾਵਨਾਤਮਕ ਸਬੰਧ ਹੈ। ਪੰਜਾਬ ਨੇ ਮੈਨੂੰ ਰੋਟੀਆਂ ਖੁਆਈਆਂ ਜਦੋਂ ਮੈਂ ਇੱਕ ਸਧਾਰਨ ਵਰਕਰ ਵਜੋਂ ਪਿੰਡ-ਪਿੰਡ ਘੁੰਮਦਾ ਸੀ। ਪੰਜਾਬ ਨੇ ਮੈਨੂੰ ਇੰਨਾ ਕੁਝ ਦਿੱਤਾ ਹੈ ਕਿ ਮੈਂ ਇਸ ਦਾ ਕਰਜ਼ਾ ਚੁਕਾਉਣ ਲਈ ਵੱਧ ਤੋਂ ਵੱਧ ਮਿਹਨਤ ਕਰਨਾ ਚਾਹੁੰਦਾ ਹਾਂ। ਮੇਰੀ ਇਹ ਸੇਵਾ ਨਵਾਂ ਪੰਜਾਬ ਸਿਰਜਣ ਦੀ ਮੁਹਿੰਮ ਨਾਲ ਜੁੜ ਗਈ ਹੈ।