ਬਲਾਚੌਰ/12 ਫ਼ਰਵਰੀ/ ਦੇਸ਼ ਕਲਿਕ ਬਿਊਰੋ:
ਭਾਜਪਾ ਦੇ ਕੌਮੀ ਪ੍ਰਧਾਨ ਜੇਪੀ ਨੱਡਾ ਬਲਾਚੌਰ ਪੁੱਜੇ, ਜਿੱਥੇ ਉਨ੍ਹਾਂ ਨੇ ਚੋਣ ਰੈਲੀ ਨੂੰ ਸੰਬੋਧਨ ਕੀਤਾ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਪੰਜਾਬ ਅਤੇ ਪੰਜਾਬੀਆਂ ਸਬੰਧੀ ਕੀਤੇ ਕੰਮਾਂ ਦਾ ਵੇਰਵਾ ਦਿੱਤਾ। ਜੇਪੀ ਨੱਡਾ ਨੇ ਕਿਹਾ ਕਿ ਪੰਜਾਬ ਸ਼ਹੀਦਾਂ ਦੀ ਧਰਤੀ ਹੈ ਅਤੇ ਪੀਐਮ ਮੋਦੀ ਨੇ ਪੰਜਾਬ ਦੀ ਬਿਹਤਰੀ ਲਈ ਕੰਮ ਕੀਤਾ ਹੈ। ਉਨ੍ਹਾਂ ਦੱਸਿਆ ਕਿ ਪੀਐਮ ਮੋਦੀ ਨੇ ਲੰਗਰ ਨੂੰ ਟੈਕਸ ਮੁਕਤ ਕੀਤਾ ਹੈ।ਇਸ ਦੇ ਨਾਲ ਹੀ ਉਨ੍ਹਾਂ ਦੱਸਿਆ ਕਿ ਪੀਐਮ ਮੋਦੀ ਨੇ ਸ਼ਰਧਾਲੂਆਂ ਲਈ ਕਰਤਾਰਪੁਰ ਲਾਂਘਾ ਖੋਲ੍ਹਿਆ ਹੈ ਤਾਂ ਜੋ ਸ਼ਰਧਾਲੂਆਂ ਨੂੰ ਸਰਹੱਦ ਪਾਰ ਸਥਿਤ ਪਵਿੱਤਰ ਸਥਾਨ ਦੇ ਦਰਸ਼ਨ ਕਰਨ ਦਾ ਮੌਕਾ ਮਿਲ ਸਕੇ।
ਕਾਂਗਰਸ 'ਤੇ ਹਮਲਾ ਕਰਦੇ ਹੋਏ ਨੱਡਾ ਨੇ ਕਿਹਾ ਕਿ 1984 ਦੇ ਦੰਗਿਆਂ ਲਈ ਕਾਂਗਰਸ ਜ਼ਿੰਮੇਵਾਰ ਹੈ। ਕਾਂਗਰਸ ਨੇ ਇਨਸਾਨੀਅਤ ਨੂੰ ਸ਼ਰਮਸਾਰ ਕੀਤਾ ਹੈ। 2014 ਵਿੱਚ ਪ੍ਰਧਾਨ ਮੰਤਰੀ ਮੋਦੀ ਨੇ 1984 ਦੇ ਦੰਗਿਆਂ ਦੇ ਦੋਸ਼ੀਆਂ ਨੂੰ ਸਜ਼ਾਵਾਂ ਦੇ ਕੇ ਪੰਜਾਬ ਦੇ ਲੋਕਾਂ ਨੂੰ ਇਨਸਾਫ਼ ਦਿਵਾਇਆ ਹੈ। ਕਾਂਗਰਸ ਨੇ ਦੋਸ਼ੀਆਂ ਦੀ ਸਜ਼ਾ ਵਿੱਚ 30 ਸਾਲ ਦੀ ਦੇਰੀ ਕੀਤੀ ਹੈ। ਭਾਜਪਾ ਨੇ ਹਮੇਸ਼ਾ ਪੰਜਾਬ ਦੇ ਲੋਕਾਂ ਦੀ ਬਿਹਤਰੀ ਲਈ ਕੰਮ ਕੀਤਾ ਹੈ ਅਤੇ ਹਮੇਸ਼ਾ ਕਰਦੀ ਰਹੇਗੀ।