ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਅਰੁਣ ਡੋਗਰਾ ਦੇ ਹੱਕ ‘ਚ ਤਲਵਾੜਾ ‘ਚ ਚੋਣ ਜਲਸਾ
ਤਲਵਾੜਾ, 10 ਫਰਵਰੀ, ਦੀਪਕ :
ਪੰਜਾਬ ‘ਚ ਕਾਂਗਰਸ ਦੀ ਮੁਡ਼ ਸਰਕਾਰ ਬਣਾ ਦਿਓ, ਦਸੂਹੇ ਨੂੰ ਜ਼ਿਲ੍ਹਾ ਅਤੇ ਤਲਵਾਡ਼ਾ ‘ਚ ਜਿਹੋ ਜਿਹਾ ਮਰਜ਼ੀ ਹਸਪਤਾਲ ਬਣਵਾ ਲਇਓ। ਇਹ ਸ਼ਬਦ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਇੱਥੇ ਖੋਖਾ ਮਾਰਕੀਟ ਵਿਖੇ ਵਿਸ਼ਾਲ ਜਨ ਸਭਾ ਨੂੰ ਸੰਬੋਧਨ ਕਰਦਿਆਂ ਕਹੇ। ਉਹ ਇੱਥੇ ਦਸੂਹਾ ਵਿਧਾਇਕ ਅਰੁਣ ਕੁਮਾਰ ਡੋਗਰਾ ਦੇ ਹੱਕ ‘ਚ ਚੋਣ ਪ੍ਰਚਾਰ ਕਰਨ ਪਹੁੰਚੇ ਸਨ। ਆਪਣੇ ਸੰਖੇਪ ਭਾਸ਼ਣ ‘ਚ ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਮੁਫ਼ਤ ਆਟਾ ਦਾਲ ਸਕੀਮ ਨਾਲ ਗਰੀਬੀ ਨਹੀਂ ਸਗੋਂ ਲੋਕਾਂ ਦੇ ਬੌਧਿਕ ਪੱਧਰ ਨੂੰ ਉਚੱਾ ਚੁਕੱਣ ਨਾਲ ਹਟਣੀ ਹੈ। ਸਿਹਤ ਤੇ ਸਿੱਖਿਆ ਦੇਣਾ ਸਰਕਾਰ ਦੀ ਜਿੰਮੇਵਾਰੀ ਹੈ, ਪੰਜਾਬ ‘ਚ ਕਾਂਗਰਸ ਸਰਕਾਰ ਬਣਨ ’ਤੇ ਸਰਕਾਰੀ ਖ਼ੇਤਰ ਦੇ ਵਿਦਿਅਕ ਅਦਾਰਿਆਂ ਨੂੰ ਮਜ਼ਬੂਤ ਕੀਤਾ ਜਾਵੇਗਾ, ਉਚੇਰੀ ਸਿੱਖਿਆ ਮੁਫ਼ਤ ਦਿੱਤੀ ਜਾਵੇਗੀ। ਐਸਸੀ ਸਕਾਲਰਸ਼ਿਪ ਦੀ ਤਰਜ਼ ’ਤੇ ਬੀਸੀ ਅਤੇ ਜਨਰਲ ਵਰਗ ਲਈ ਵੀ ਸਕਾਲਰਸ਼ਿਪ ਯੋਜਨਾ ਸ਼ੁਰੂ ਕੀਤੀ ਜਾਵੇਗੀ। ਜਨਤਕ ਸਿਹਤ ਸਹੂਲਤਾਂ ਦੇ ਢਾਂਚੇ ਨੂੰ ਸਮੇਂ ਦਾ ਹਾਣੀ ਬਣਾਇਆ ਜਾਵੇਗਾ।(SUBHEAD1)
ਸ੍ਰ ਚੰਨੀ ਨੇ ਆਪਣੇ 111 ਦਿਨ ਦੇ ਕਾਰਜ਼ਕਾਲ ਦਾ ਰਿਪੋਰਟ ਕਾਰਡ ਪੇਸ਼ ਕਰਦਿਆਂ ਕਿਹਾ ਕਿ ਉਨਾਂ ਬਿਜਲੀ ਅਤੇ ਪਾਣੀ ਦੇ ਬਿੱਲਾਂ ‘ਚ ਕਟੌਤੀ ਅਤੇ ਬਕਾਏ ਮੁਆਫ਼ ਕਰਕੇ ਪੰਜਾਬੀਆਂ ਨੂੰ 15 ਸੌ ਕਰੋਡ਼ ਰੁਪਏ ਦੀ ਰਾਹਤ ਦਿੱਤੀ ਹੈ। ਲੋਕਾਂ ਦੇ ਪੈਸੇ ਨੂੰ ਲੋਕਾਂ ’ਤੇ ਖਰਚ ਕਰਕੇ ਉਨ੍ਹਾਂ ਕਰੀਬ 33 ਹਜ਼ਾਰ ਕਰੋਡ਼ ਰੁਪਏ ਦਾ ਲਾਭ ਆਮ ਲੋਕਾਂ ਨੂੰ ਦਿੱਤਾ। ਰੇਤ, ਟਰਾਂਸਪੋਰਟ ਤੇ ਨਸ਼ਾ ਮਾਫੀਆ ਨੂੰ ਨੱਥ ਪਾਈ ਹੈ। ਮਾਵਾਂ ਦੀਆਂ ਕੁੱਖਾਂ ਨੂੰ ਉਜਾੜਨ ਅਤੇ ਪੰਜਾਬ ਦੀ ਜਵਾਨੀ ਦਾ ਘਾਣ ਕਰਨ ਵਾਲੇ ਅੱਜ ਆਪਣੇ ਕੀਤੇ ਦਾ ਫ਼ਲ ਭੁਗਤ ਰਹੇ ਹਨ।
ਚੰਨੀ ਨੇ ਕਿਹਾ ਕਿ ਉਹਨਾਂ ਦਾ ਜਨਮ ਕੱਚੇ ਕੋਠੇ ‘ਚ ਹੋਇਆ ਸੀ, ਅੱਜ ਵੀ ਬਹੁਤ ਸਾਰੇ ਪਰਿਵਾਰ ਕੱਚੇ ਕੋਠਿਆਂ ‘ਚ ਰਹਿੰਦੇ ਹਨ, ਪੰਜਾਬ ‘ਚ ਮੁੜ ਕਾਂਗਰਸ ਦੀ ਸਰਕਾਰ ਬਣਨ ’ਤੇ ਪਹਿਲੇ ਛੇ ਮਹੀਨਿਆਂ ਵਿੱਚ ਹੀ ਕੱਚੇ ਕੋਠਿਆਂ ਨੂੰ ਪੱਕਾ ਕਰਨ ਦੀ ਯੋਜਨਾ ਤਿਆਰ ਕੀਤੀ ਜਾਵੇਗੀ। ਉਨ੍ਹਾਂ ਆਪਣੇ ਸੰਖੇਪ ਸੰਬੋਧਨ ‘ਚ ਹਰ ਵਰਗ ਨੂੰ ਕਾਂਗਰਸ ਪਾਰਟੀ ਦਾ ਸਾਥ ਦੇਣ ਦੀ ਅਪੀਲ ਕੀਤੀ।
ਮੁੱਖ ਮੰਤਰੀ ਚੰਨੀ ਨੇ ਆਮ ਆਦਮੀ ਪਾਰਟੀ ’ਤੇ ਤਨਜ਼ ਕੱਸਦਿਆ ਕਿਹਾ ਕਿ ਟਿਕਟ ਨਾ ਮਿਲਣ ’ਤੇ ਕਾਂਗਰਸ, ਭਾਜਪਾ ਤੇ ਅਕਾਲੀ ਦਲ ‘ਚੋਂ ਗਏ 50 ਦੇ ਕਰੀਬ ਉਮੀਦਵਾਰਾਂ ਦੇ ਸਿਰ ’ਤੇ ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਪੰਜਾਬ ਬਦਲਣ ਦੀ ਗੱਲ ਕਰ ਰਿਹਾ ਹੈ। ਪੰਜਾਬ ਦੇ ਪੇਂਡੂ ਵਿਰਸੇ ਤੋਂ ਅਣਜਾਣ ਕੇਜਰੀਵਾਲ ਚੰਨ੍ਹੀ ਨੂੰ ਨਕਲੀ ਬੰਦ ਦੱਸ ਰਿਹਾ ਹੈੇ।