ਕਿਹਾ ਕਿ ਕਾਂਗਰਸ ਨੇ ਪੰਜਾਬ ਨੂੰ ਕੈਪਟਨ ਤੇ ਚੰਨੀ ਦੋ ਭ੍ਰਿਸ਼ਟ ਮੁੱਖ ਮੰਤਰੀ ਦਿੱਤੇ
ਚੰਡੀਗੜ੍ਹ/8 ਫ਼ਰਵਰੀ/ਦੇਸ਼ ਕਲਿਕ ਬਿਊਰੋ:
ਪੰਜਾਬ 'ਚ ਆਮ ਆਦਮੀ ਪਾਰਟੀ (ਆਪ) ਦੇ ਮੁੱਖ ਮੰਤਰੀ ਦਾ ਚਿਹਰਾ ਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਰਾਹੁਲ ਗਾਂਧੀ ‘ਤੇ ਨਿਸ਼ਾਨਾ ਸਾਧਿਆ ਹੈ। ਮਾਨ ਨੇ ਕਿਹਾ ਕਿ ਰਾਹੁਲ ਗਾਂਧੀ ਖੁਦ ਅਰਬਪਤੀ ਹਨ। ਇਸੇ ਲਈ 170 ਕਰੋੜ ਦੀ ਜਾਇਦਾਦ ਵਾਲਾ ਚਰਨਜੀਤ ਚੰਨੀ ਉਸ ਨੂੰ ਗਰੀਬ ਲੱਗਦਾ ਹੈ।ਉਨ੍ਹਾਂ ਕਿਹਾ ਕਿ SC ਭਾਈਚਾਰੇ ਵਿੱਚ ਗਰੀਬ ਉਹ ਹੈ ਜਿਸ ਦੇ ਘਰ ਚੁੱਲ੍ਹਾ ਨਹੀਂ ਬਲਦਾ। ਆਟਾ ਤਾਂ ਹੈ ਪਰ ਪਰਾਤ ਨਹੀਂ। ਉਸ ਗਰੀਬ ਨੇ 50 ਹਜ਼ਾਰ ਗਿਣ ਕੇ ਵੀ ਨਹੀਂ ਦੇਖਿਆ। ਬਠਿੰਡਾ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮਾਨ ਨੇ ਦਾਅਵਾ ਕੀਤਾ ਕਿ ਚੋਣਾਂ ਵਿੱਚ ਆਮ ਆਦਮੀ ਪਾਰਟੀ ਬਹੁਮਤ ਹਾਸਲ ਕਰੇਗੀ।
ਭਗਵੰਤ ਮਾਨ ਨੇ ਮੁੱਖ ਮੰਤਰੀ ਚਰਨਜੀਤ ਚੰਨੀ ਦੇ ਬਿਆਨ 'ਤੇ ਵੀ ਚੁਟਕੀ ਲਈ ਹੈ। ਮਾਨ ਨੇ ਕਿਹਾ ਕਿ ਚੰਨੀ ਦੇ ਸਾਢੂ ਦੇ ਪੁੱਤ ਦੇ ਘਰ 10 ਕਰੋੜ ਮਿਲੇ ਹਨ। ਇਸ 'ਤੇ ਚੰਨੀ ਬੋਲੇ ਕਿ ਉਨ੍ਹਾਂ ਤੋਂ ਰਿਸ਼ਤੇਦਾਰਾਂ 'ਤੇ ਨਜ਼ਰ ਨਹੀਂ ਰੱਖੀ ਗਈ, ਗਲਤੀ ਗਈ। ਸਵਾਲ ਇਹ ਹੈ ਕਿ ਜਿਹੜਾ ਆਪਣੇ ਰਿਸ਼ਤੇਦਾਰਾਂ 'ਤੇ ਨਜ਼ਰ ਨਹੀਂ ਰੱਖ ਸਕਦਾ, ਉਹ ਪੰਜਾਬ 'ਤੇ ਕਿਵੇਂ ਨਜ਼ਰ ਰੱਖੇਗਾ।ਮਾਨ ਨੇ ਅੱਗੇ ਕਿਹਾ ਕਿ ਰਾਹੁਲ ਗਾਂਧੀ ਨੇ ਕਿਹਾ ਸੀ ਕਿ ਇਸ ਚੋਣ ਵਿੱਚ ਲੋਕ ਗਰੀਬ ਮੁੱਖ ਮੰਤਰੀ ਚਰਨਜੀਤ ਚੰਨੀ ਦਾ ਚਿਹਰਾ ਦੇਖ ਕੇ ਵੋਟ ਪਾਉਣਗੇ। ਇਸ 'ਤੇ ਭਗਵੰਤ ਮਾਨ ਨੇ ਕਿਹਾ ਕਿ ਇਸ ਵਾਰ ਲੋਕ ਆਪਣੇ ਘਰ ਦੇ ਬੱਚਿਆਂ ਅਤੇ ਬਜ਼ੁਰਗਾਂ ਦਾ ਚਿਹਰਾ ਦੇਖ ਕੇ ਵੋਟ ਪਾਉਣਗੇ। ਉਹ ਦੇਖਣਗੇ ਕਿ ਉਸ ਦੇ ਬੱਚਿਆਂ ਨੂੰ ਚੰਗੀ ਸਿੱਖਿਆ ਕੌਣ ਦੇ ਸਕਦਾ ਹੈ। ਬਜ਼ੁਰਗਾਂ ਦੀ ਚੰਗੀ ਦੇਖਭਾਲ ਕੌਣ ਕਰ ਸਕਦਾ ਹੈ।
ਮਾਨ ਨੇ ਕਿਹਾ ਕਿ ਕਾਂਗਰਸ ਨੇ 5 ਸਾਲਾਂ 'ਚ ਪੰਜਾਬ ਨੂੰ 2 ਭ੍ਰਿਸ਼ਟ ਮੁੱਖ ਮੰਤਰੀ ਦਿੱਤੇ ਹਨ। ਪਹਿਲਾ ਕੈਪਟਨ ਅਮਰਿੰਦਰ ਸਿੰਘ, ਜਿਸ ਦੇ ਮਹਿਲ ਦੇ ਦਰਵਾਜ਼ੇ ਸਾਢੇ ਚਾਰ ਸਾਲਾਂ ਤੋਂ ਜਨਤਾ ਲਈ ਨਹੀਂ ਖੁੱਲ੍ਹੇ। ਦੂਜੇ ਨੰਬਰ 'ਤੇ ਚਰਨਜੀਤ ਚੰਨੀ, ਜਿਸ ਨੇ ਬਦਲੀ- ਪੋਸਟਿੰਗ ਲਈ 111 ਦਿਨਾਂ 'ਚ ਕਰੋੜਾਂ ਰੁਪਏ ਲਏ। ਅਜਿਹੇ ਲੋਕ ਪੰਜਾਬ ਦੇ ਬੱਚਿਆਂ ਦਾ ਭਵਿੱਖ ਕੀ ਦੇਖਣਗੇ।