ਕਪੂਰਥਲਾ / 8 ਫ਼ਰਵਰੀ/ਦੇਸ਼ ਕਲਿਕ ਬਿਊਰੋ:
ਪੰਜਾਬ ਦੇ ਕਪੂਰਥਲਾ ਵਿਧਾਨ ਸਭਾ ਹਲਕੇ 'ਚ ਆਮ ਆਦਮੀ ਪਾਰਟੀ (ਆਪ) ਦੀ ਉਮੀਦਵਾਰ ਮੰਜੂ ਰਾਣਾ ਨੇ ਅੱਜ ਮੰਗਲਵਾਰ ਸਵੇਰੇ ਸੁਲਤਾਨਪੁਰ ਰੋਡ 'ਤੇ ਡੀਐੱਸਪੀ ਦਫ਼ਤਰ ਦੇ ਬਾਹਰ ਸੜਕ 'ਤੇ ਲੇਟ ਕੇ ਪੁਲਿਸ ਪ੍ਰਸ਼ਾਸਨ 'ਤੇ ਧੱਕੇਸ਼ਾਹੀ ਦਾ ਦੋਸ਼ ਲਗਾਇਆ। ਇਸ ਤੋਂ ਬਾਅਦ ਉਨ੍ਹਾਂ ਦੇ ਸਮਰਥਕਾਂ ਨੇ ਵੀ ਰੋਡ ਜਾਮ ਕਰ ਦਿੱਤਾ। ਉਨ੍ਹਾਂ ਦੋਸ਼ ਲਾਇਆ ਕਿ ਸਾਰਾ ਪ੍ਰਸ਼ਾਸਨ ਮੌਜੂਦਾ ਵਿਧਾਇਕ ਦੇ ਹੱਕ ਵਿੱਚ ਕੰਮ ਕਰ ਰਿਹਾ ਹੈ। ਵਿਰੋਧੀ ਪਾਰਟੀਆਂ ਦੇ ਉਮੀਦਵਾਰਾਂ ਦੀਆਂ ਗਤੀਵਿਧੀਆਂ 'ਤੇ ਪਾਬੰਦੀ ਲਗਾਈ ਜਾ ਰਹੀ ਹੈ।
ਆਮ ਆਦਮੀ ਪਾਰਟੀ ਦੇ ਵਰਕਰਾਂ ਨੇ ਸੁਲਤਾਨਪੁਰ ਲੋਧੀ ਮਾਰਗ ਜਾਮ ਕੀਤਾ। ਐਸਪੀ ਜਸਬੀਰ ਸਿੰਘ, ਡੀਐਸਪੀ ਸਬ ਡਵੀਜ਼ਨ ਅਤੇ ਸਿਟੀ ਥਾਣਾ ਇੰਚਾਰਜ ਮੌਕੇ ’ਤੇ ਪਹੁੰਚ ਗਏ ਹਨ। ਉਹ ਮੰਜੂ ਅਤੇ ਉਸ ਦੇ ਸਮਰਥਕਾਂ ਨੂੰ ਮਨਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਸੁਲਤਾਨਪੁਰ ਲੋਧੀ ਰੋਡ 'ਤੇ ਡੀਐਸਪੀ ਸਬ-ਡਵੀਜ਼ਨ ਦਫ਼ਤਰ ਨੇੜੇ ਧਰਨਾ ਦੇ ਰਹੀ ਮੰਜੂ ਰਾਣਾ ਨੇ ਕਿਹਾ ਕਿ ਉਨ੍ਹਾਂ ਦੇ ਵਰਕਰਾਂ ਨੂੰ ਪੋਸਟਰ ਲਗਾਉਣ ਤੋਂ ਰੋਕਿਆ ਗਿਆ ਹੈ। ਉਨ੍ਹਾਂ ਨੂੰ ਪੁਲਿਸ ਨੇ ਜ਼ਬਰਦਸਤੀ ਫੜ ਲਿਆ ਸੀ। ਵਰਕਰਾਂ ਨੇ ਇੱਥੇ ਨਾਅਰੇਬਾਜ਼ੀ ਕੀਤੀ।
‘ਆਪ’ ਉਮੀਦਵਾਰ ਨੇ ਦੋਸ਼ ਲਾਇਆ ਕਿ ਉਨ੍ਹਾਂ ਵੱਲੋਂ ਵਿਧਾਇਕ ਖ਼ਿਲਾਫ਼ ਕੀਤੀ ਸ਼ਿਕਾਇਤ ’ਤੇ ਵੀ ਪੁਲੀਸ ਪ੍ਰਸ਼ਾਸਨ ਨੇ ਕੋਈ ਕਾਰਵਾਈ ਨਹੀਂ ਕੀਤੀ। ਕਪੂਰਥਲਾ ਦਾ ਪੁਲੀਸ ਪ੍ਰਸ਼ਾਸਨ ਪੂਰੀ ਤਰ੍ਹਾਂ ਵਿਧਾਇਕ ਦੇ ਹੱਕ ਵਿੱਚ ਕੰਮ ਕਰ ਰਿਹਾ ਹੈ। ਉਨ੍ਹਾਂ ਦੀ ਮੰਗ ਹੈ ਕਿ ਚੋਣ ਕਮਿਸ਼ਨ ਕਪੂਰਥਲਾ ਵਿੱਚ ਤਾਇਨਾਤ ਅਧਿਕਾਰੀਆਂ ਦੇ ਤਬਾਦਲੇ ਤੁਰੰਤ ਪ੍ਰਭਾਵ ਨਾਲ ਕਰੇ। ਤਾਂ ਜੋ ਕਪੂਰਥਲਾ ਵਿਧਾਨ ਸਭਾ ਹਲਕੇ ਵਿੱਚ ਨਿਰਪੱਖ ਢੰਗ ਨਾਲ ਚੋਣਾਂ ਕਰਵਾਈਆਂ ਜਾ ਸਕਣ।