ਚੰਡੀਗੜ੍ਹ, 8 ਫਰਵਰੀ, ਦੇਸ਼ ਕਲਿੱਕ ਬਿਓਰੋ :
ਸ਼ਰੀਰਕ ਸ਼ੋਸਣ ਦੇ ਦੋਸ਼ਾਂ ਵਿੱਚ ਅਗਸਤ 2017 ਤੋਂ ਜੇਲ੍ਹ ਵਿੱਚ ਬੰਦ ਡੇਰਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਕੱਲ੍ਹ ਫਰਲੋ ਉਤੇ ਪਹਿਲੀ ਵਾਰ ਬਾਹਰ ਆ ਗਏ ਹਨ। ਉਹ ਉਸ ਸਮੇਂ ਬਾਹਰ ਆਏ ਹਨ ਜਦੋਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਕੁਝ ਦਿਨ ਹੀ ਬਾਕੀ ਰਹਿੰਦੇ ਹਨ। ਡੇਰਾ ਸੱਚਾ ਸੌਦਾ ਸਿਰਸਾ ਨੇ 2017 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਖੁੱਲ੍ਹ ਕੇ ਭਾਜਪਾ-ਅਕਾਲੀ ਗਠਜੋੜ ਦੀ ਮਦਦ ਕੀਤੀ ਸੀ। ਅਜਿਹੇ ਮੌਕੇ ਡੇਰਾ ਮੁੱਖੀ ਦੇ ਬਾਹਰ ਆਉਣ ਉਤੇ ਰਾਜਨੀਤਿਕ ਚਰਚਾਵਾਂ ਵੀ ਤੇਜ਼ ਹੋ ਗਈਆਂ ਹਨ। ਉਨ੍ਹਾਂ ਦੇ ਬਾਹਰ ਆਉਣ ਨੂੰ ਰਾਜਨੀਤੀ ਨਾਲ ਜੋੜ ਕੇ ਵੇਖਿਆ ਜਾ ਰਿਹਾ ਹੈ। ਕਿਹਾ ਜਾ ਰਿਹਾ ਹੈ ਕਿ ਹਰਿਆਣਾ ਦੀ ਸਰਕਾਰ ਨੇ ਪੰਜਾਬ ਵਿੱਚ ਭਾਜਪਾ ਨੂੰ ਲਾਭ ਪਹੁੰਚਾਉਣ ਦੇ ਇਰਾਦੇ ਨਾਲ ਉਨ੍ਹਾਂ ਨੂੰ ਜੇਲ੍ਹ ਤੋਂ ਬਾਹਰ ਫਰਲੋ ਉਤੇ ਲਿਆਂਦਾ ਹੈ। ਪੰਜਾਬ ਦੇ ਮਾਲਵਾ ਖੇਤਰ ਵਿੱਚ ਡੇਰੇ ਦਾ ਸਭ ਤੋਂ ਜ਼ਿਆਦਾ ਪ੍ਰਭਾਵ ਹੈ ਜਿੱਥੇ ਉਹ ਬਹੁਤ ਸਾਰੀਆਂ ਵਿਧਾਨ ਸਭਾ ਸੀਟਾਂ ਨੂੰ ਪ੍ਰਭਾਵਿਤ ਕਰ ਸਕਦਾ ਹੈ। ਜੇਕਰ ਡੇਰਾ ਪਿਛਲੀਆਂ ਵਿਧਾਨ ਸਭਾ ਚੋਣਾਂ ਦੇ ਵਾਂਗ ਇਸ ਵਾਰ ਵੀ ਖੁੱਲ੍ਹ ਕੇ ਮਦਦ ਕਰਨ ਲਈ ਅੱਗੇ ਆਉਂਦਾ ਹੈ ਤਾਂ ਇਸ ਨਾਲ ਕਈ ਪਾਰਟੀਆਂ ਦੇ ਵੋਟ ਬੈਂਕ ਨੂੰ ਖੋਰਾ ਲੱਗੇਗਾ। ਡੇਰੇ ਸੱਚਾ ਸੌਦਾ ਵੱਲੋਂ ਭਾਵੇਂ ਅਜੇ ਤੱਕ ਇਹ ਕੋਈ ਫੈਸਲਾ ਨਹੀਂ ਕੀਤਾ ਗਿਆ, ਪ੍ਰੰਤੂ ਚਰਚਾ ਮੁਤਾਬਕ ਡੇਰਾ ਸਮਰਥਕ ਭਾਜਪਾ ਦੇ ਗਠਜੋੜ ਵੱਲ ਭੁਗਤ ਸਕਦੇ ਹਨ। ਜੇਕਰ ਇਹ ਹੁੰਦਾ ਹੈ ਤਾਂ ਜ਼ਿਆਦਾਤਰ ਜੋ ਗਰੀਬ ਤਬਕਾ ਕਾਂਗਰਸ ਪਾਰਟੀ ਦੇ ਨਾਲ ਜੁੜਿਆ ਹੋਇਆ ਹੈ ਅਤੇ ਨਾਲ ਹੀ ਅਕਾਲੀ ਦਲ ਦੀ ਵੋਟ ਨੂੰ ਵੀ ਨੁਕਸਾਨ ਹੋਵੇਗਾ। ਦੂਜੇ ਪਾਸੇ ਆਮ ਆਦਮੀ ਪਾਰਟੀ ਨੂੰ ਇਸ ਦਾ ਨੁਕਸਾਨ ਘੱਟ ਪਰ ਫ਼ਾਇਦਾ ਜ਼ਿਆਦਾ ਹੋ ਸਕਦਾ ਹੈ। ਸਾਲ 2017 ਵਿੱਚ ਜਦੋਂ ਡੇਰਾ ਮੁੱਖੀ ਬਾਹਰ ਸਨ ਅਤੇ ਉਨ੍ਹਾਂ ਨੂੰ ਅਜੇ ਸਜ਼ਾ ਵੀ ਨਹੀਂ ਸੁਣਾਈ ਗਈ ਸੀ, ਉਸ ਸਮੇਂ ਡੇਰੇ ਵੱਲੋਂ ਅਕਾਲੀ-ਭਾਜਪਾ ਗਠਜੋੜ ਨੂੰ ਮਦਦ ਕੀਤੀ ਗਈ ਸੀ ਤਾਂ ਉਸ ਸਮੇਂ ਵੀ ਅਕਾਲੀ ਦਲ ਆਪਣੀਆਂ ਬਹੁਤੀਆਂ ਸੀਟਾਂ ਬਚਾਅ ਨਹੀਂ ਸਕਿਆ ਸੀ। ਡੇਰੇ ਦਾ ਜਿੰਨ੍ਹਾਂ ਸੀਟਾਂ ਉਤੇ ਪ੍ਰਭਾਵ ਜ਼ਿਆਦਾ ਹੈ ਉਨ੍ਹਾਂ ਉਤੇ ਵੀ ਆਮ ਆਦਮੀ ਪਾਰਟੀ ਨੇ ਵੱਡੀ ਜਿੱਤ ਹਾਸਿਲ ਕੀਤੀ ਸੀ। ਹੁਣ ਸਵਾਲ ਇਹ ਹੈ ਕਿ ਡੇਰਾ ਸੱਚਾ ਸੌਦਾ ਦਾ ਵੋਟ ਬੈਂਕ ਹੁਣ ਕਿਸ ਪਾਰਟੀ ਨੂੰ ਫ਼ਾਇਦਾ ਪਹੁੰਚਾ ਸਕਦਾ ਹੈ ਇਹ ਗੱਲ ਅਜੇ ਬੁਝਾਰਤ ਬਣੀ ਹੋਈ ਹੈ।