ਬੂਥਗੜ੍ਹ, 7 ਫ਼ਰਵਰੀ :ਦੇਸ਼ ਕਲਿੱਕ ਬਿਓਰੋ
ਪ੍ਰਾਇਮਰੀ ਹੈਲਥ ਸੈਂਟਰ ਬੂਥਗੜ੍ਹ ਦੇ ਸੀਨੀਅਰ ਮੈਡੀਕਲ ਅਫ਼ਸਰ ਡਾ. ਅਲਕਜੋਤ ਕੌਰ ਦੀ ਅਗਵਾਈ ਹੇਠ ਸਿਹਤ ਬਲਾਕ ਬੂਥਗੜ੍ਹ ਦੀਆਂ ਆਸ਼ਾ ਵਰਕਰਾਂ ਨੂੰ ਬਾਇਉਮੈਡੀਕਲ ਕੂੜੇ ਦੀ ਸੰਭਾਲ ਸਬੰਧੀ ਟ੍ਰੇਨਿੰਗ ਦਿੱਤੀ ਗਈ। ਆਸ਼ਾ ਵਰਕਰਾਂ ਨੂੰ ਸੰਬੋਧਨ ਕਰਦਿਆਂ ਡਾ. ਅਲਕਜੋਤ ਕੌਰ ਨੇ ਕਿਹਾ ਕਿ ਮਿਤੀ 20 ਫਰਵਰੀ 2022 ਨੂੰ ਹੋਣ ਵਾਲੀਆਂ ਵਿਧਾਨ ਸਭਾ ਚੋਣਾ ਵਿੱਚ ਆਸ਼ਾ ਵਰਕਰਜ਼ ਦੀ ਡਿਊਟੀ ਪੋਲਿੰਗ ਬੂਥਾਂ ਤੇ ਬਾਇਓਮੈਡੀਕਲ ਵੇਸਟ ਦੀ ਸੰਭਾਲ ਸਬੰਧੀ ਲਗਾਈ ਗਈ ਹੈ।
ਉਨ੍ਹਾਂ ਕਿਹਾ ਕਿ ਪੋਲਿੰਗ ਬੂਥਾਂ ਤੇ ਲਾਲ ਰੰਗ ਤੇ ਪੀਲੇ ਰੰਗ ਦੀਆਂ ਬਾਲਟੀਆਂ ਉਪਲਭਧ ਹੋਣਗੀਆਂ ਜਿਨ੍ਹਾਂ ਵਿਚ ਲਾਲ ਰੰਗ ਦੀ ਬਾਲਟੀ ਵਿੱਚ ਪਲਾਸਟਿਕ ਕੂੜਾ, ਦਸਤਾਨੇ, ਫ਼ੇਸ ਸ਼ੀਲਡ ਅਤੇ ਪੀਲੇ ਰੰਗ ਦੀ ਬਾਲਟੀ ਵਿੱਚ ਮਾਸਕ ਅਤੇ ਪੀ.ਪੀ ਗਾਊਨ ਪਾਏ ਜਾਣਗੇ। ਉਨ੍ਹਾਂ ਕਿਹਾ ਕਿ ਵਿਧਾਨ ਸਭਾ ਚੋਣਾਂ ਖਤਮ ਹੋਣ ਉਪਰੰਤ ਰੂਟ ਪਲਾਨ ਅਨੁਸਾਰ ਇਹ ਸਾਰਾ ਕੂੜਾ ਗੱਡੀਆਂ ਵਿੱਚ ਬਾਇਉਮੈਡੀਕਲ ਵੇਸਟ ਕੁਲੈਕਸ਼ਨ ਸੈਂਟਰ ਤੇ ਪਹੁੰਚਾਇਆ ਜਾਵੇਗਾ। ਇਸ ਕੰਮ ਲਈ ਕੁਲੈਸ਼ਨ ਪੁਆਇੰਟ ਤੇ ਮਲਟੀਪਰਪਜ਼ ਹੈਲਥ ਸੁਪਰਵਾਈਜਰਾਂ ਨੂੰ ਨੋਡਲ ਅਫਸਰ ਲਗਾਇਆ ਗਿਆ ਹੈ। ਇਸ ਮੌਕੇ ਮੈਡੀਕਲ ਅਫ਼ਸਰ ਡਾ. ਹਰਮਨ ਮਾਹਲ ਨੇ ਵੀ ਆਸ਼ਾ ਵਰਕਰਜ਼ ਨੂੰ ਬਾਇਉਮੈਡੀਕਲ ਵੇਸਟ ਦੀ ਸੰਭਾਲ ਤੇ ਉਸ ਦੀ ਪਹੁੰਚ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਕੋਵਿਡ 19 ਪੋ੍ਟੋਕੋਲ ਤਹਿਤ ਮਾਸਕ ਲਾ ਕੇ ਰੱਖਣਾ, ਸਮਾਜਿਕ ਦੂਰੀ ਬਣਾ ਕੇ ਰੱਖਣਾ ਤੇ ਹੱਥ ਸੇਨੇਟਾਈਜ਼ ਕਰਨਾ ਜ਼ਰੂਰੀ ਹੈ ਤਾਂ ਜੋ ਕੋਵਿਡ ਦੀ ਇਨਫੈਕਸ਼ਨ ਤੋਂ ਬਚਿਆ ਜਾ ਸਕੇ।ਇਸ ਤੋਂ ਇਲਾਵਾ ਪੋਲਿੰਗ ਬੂਥਾਂ ਤੇ ਮਾਸਕ ,ਗਲੱਵਜ਼ ਆਦਿ ਦੀ ਵਰਤੋਂ ਵੋਟਿੰਗ ਸਮੇਂ ਕੀਤੀ ਜਾਵੇ। ਕੋਈ ਵੀ ਵਿਅਕਤੀ ਮਾਸਕ, ਦਸਤਾਨੇ ਆਦਿ ਖੁੱਲ੍ਹੇ 'ਚ ਨਾ ਸੁੱਟੇ ਅਤੇ ਉਸਨੂੰ ਇੱਕ ਡਸਟਬਿਨ ਵਿਚ ਹੀ ਪਾਇਆ ਜਾਵੇ। ਇਸ ਮੌਕੇ ਹੈਲਥ ਇੰਸਪੈਕਟਰ ਗੁਰਤੇਜ ਸਿੰਘ ਵੀ ਮੌਜੂਦ ਸਨ।