ਚੰਡੀਗੜ੍ਹ, 6 ਫਰਵਰੀ, ਦੇਸ਼ ਕਲਿੱਕ ਬਿਓਰੋ :
ਪੰਜਾਬ ਕਲਾ ਪਰਿਸ਼ਦ ਵਲੋਂ ਪੰਜਾਬ ਕਲਾ ਭਵਨ ਵਿਖੇ ਸਮਾਪਤ ਹੋਏ ਹਫਤਾ ਭਰ ਚੱਲੇ ਡਾ ਐਮ ਐਸ ਰੰਧਾਵਾ ਯਾਦਗਾਰੀ ਕਲਾ ਉਤਸਵ ਦੇ ਆਖਰੀ ਦਿਨ ਉਘੀ ਨਾਟਕਕਾਰ ਪਦਮ ਸ਼੍ਰੀ ਡਾ ਨੀਲਮ ਮਾਨ ਸਿੰਘ ਤੇਰੇ ਸਨਮੁਖ ਪ੍ਰੋਗਰਾਮ ਤਹਿਤ ਦਰਸ਼ਕਾਂ ਦੇ ਰੂਬਰੂ ਹੋਏ। ਉਨਾਂ ਆਪਣੇ ਜੀਵਨ ਦੇ ਤਲਖ ਕਲਾਤਮਿਕ ਤਜਰਬੇ, ਐਨ ਐਸ ਡੀ ਦੀਆਂ ਯਾਦਾਂ, ਨਾਟਕ ਕਲਾ ਪ੍ਰਤੀ ਸਮਰਪਿਤ ਭਾਵਨਾ ਦਾ ਬਾਖੂਬੀ ਜਿਕਰ ਕੀਤਾ। ਉਨਾ ਨਾਲ ਗੱਲਬਾਤ ਤੋਰਨ ਦਾ ਸਿਲਸਿਲਾ ਪੰਜਾਬ ਸੰਗੀਤ ਨਾਟਕ ਅਕਾਦਮੀ ਦੇ ਪ੍ਰਧਾਨ ਕੇਵਲ ਧਾਲੀਵਾਲ ਨੇ ਚਲਾਇਆ। ਪਰਿਸ਼ਦ ਦੇ ਚੇਅਰਮੈਨ ਡਾ ਸੁਰਜੀਤ ਪਾਤਰ ਨੇ ਡਾ ਨੀਲਮ ਦੇ ਨਾਟਕ ਦੇ ਖੇਤਰ ਵਿਚ ਪਾਏ ਯੋਗਦਾਨ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਡਾ ਨੀਲਮ ਮਾਨ ਸਿੰਘ ਨੇ ਇਕ ਸੰਸਥਾ ਜਿੰਨਾ ਕਾਰਜ ਕੀਤਾ ਹੈ। ਮੰਚ ਸੰਚਾਲਕ ਡਾ ਪ੍ਰੀਤਮ ਰੁਪਾਲ ਸਨ। ਡਾ ਨਿਰਮਲ ਜੌੜਾ, ਦਵਿੰਦਰ ਦਮਨ, ਸ਼ਬਦੀਸ਼,ਸੁਰਜੀਤ ਸੁਮਨ, ਜਗਦੀਪ ਸਿੱਧੂ,ਹਰਦਿਆਲ ਥੂਹੀ ਤੇ ਪਰਿਸ਼ਦ ਦੇ ਮੀਡੀਆ ਅਧਿਕਾਰੀ ਨਿੰਦਰ ਘੁਗਿਆਣਵੀ ਸਮੇਤ ਕਈ ਲੋਕ ਹਾਜਰ ਰਹੇ। ਆਥਣ ਦੇ ਪ੍ਰੋਗਰਾਮਾਂ ਵਿਚ ਬਾਜੀਗਰ ਕੇਸਰ ਸਿੰਘ ਦੀ ਟੋਲੀ ਨੇ ਕਲਾ ਭਵਨ ਦੇ ਵਿਹੜੇ ਵਿਚ ਬਾਜੀਆਂ ਪਾਈਆਂ। ਉਪ ਚੇਅਰਮੈਨ ਡਾ ਯੋਗਰਾਜ ਨੇ ਬਾਜੀਗਰ ਟੀਮ ਦਾ ਸਨਮਾਣ ਕੀਤਾ।ਕੇਵਲ ਧਾਲੀਵਾਲ ਦੀ ਟੀਮ ਨੇ ਵਰਿਆਮ ਸੰਧੂ ਦੀ ਕਹਾਣੀ "ਮੈਂ ਰੋ ਨਾ ਲਵਾਂ ਇਕ ਵਾਰ" ਨਾਟਕ ਖੇਡਿਆ। ਦਰਸ਼ਕਾਂ ਨੇ ਭਰਵੀਂ ਹਾਜਰੀ ਲੁਵਾਈ। ਮੇਲੇ ਦੀ ਸਫਲਤਾ ਵਾਸਤੇ ਪਰਿਸ਼ਦ ਦੇ ਚੇਅਰਮੈਨ ਡਾ ਸੁਰਜੀਤ ਪਾਤਰ ਨੇ ਸਭਨਾਂ ਸਹਿਯੋਗੀਆਂ ਦਾ ਧੰਨਵਾਦ ਕੀਤਾ।