31 ਮਾਰਚ ਨੂੰ ਕਰੇਗੀ ਗਵਰਨਰ ਹਾਊਸ ਦਾ ਘਿਰਾਓ
ਚੰਡੀਗੜ੍ਹ (12 ਜਨਵਰੀ, ਦੇਸ਼ ਕਲਿੱਕ ਬਿਓਰੋ
ਚੰਡੀਗਡ਼੍ਹ ਪੰਜਾਬੀ ਮੰਚ ਦੀ ਬੈਠਕ ਗੁਰਦੁਆਰਾ ਸੈਕਟਰ 38-ਬੀ ਚੰਡੀਗੜ੍ਹ ਵਿਖੇ ਸ੍ਰੀ ਸੁਖਜੀਤ ਸਿੰਘ ਸੁੱਖਾ, ਬਾਬਾ ਸਾਧੂ ਸਿੰਘ ਅਤੇ ਗੁਰਨਾਮ ਸਿੰਘ ਸਿੱਧੂ ਦੀ ਸਾਂਝੀ ਪ੍ਰਧਾਨਗੀ ਵਿਚ ਹੋਈ। ਬੈਠਕ ਵਿੱਚ ਸ਼ਹਿਰ ਦੀਆਂ ਵੱਖ ਵੱਖ ਅਵਾਮੀ ਜਥੇਬੰਦੀਆਂ ਅਤੇ ਸਾਹਿਤ ਸਭਾਵਾਂ ਦੇ ਨੁਮਾਇੰਦਿਆਂ ਨੇ ਹਿੱਸਾ ਲਿਆ।
ਬੈਠਕ ਦੇ ਆਰੰਭ ਵਿੱਚ ਹਾਜ਼ਰ ਸਾਥੀਆਂ ਦਾ ਸਵਾਗਤ ਕਰਨ ਦੇ ਨਾਲ ਨਾਲ ਮੰਚ ਦੇ ਜਨਰਲ ਸਕੱਤਰ ਕਾ. ਦੇਵੀ ਦਿਆਲ ਸ਼ਰਮਾ ਨੇ ਪਿਛਲੇ ਸਮੇਂ ਵਿੱਚ ਕੀਤੇ ਕੰਮਾਂ ਦਾ ਜ਼ਿਕਰ ਕੀਤਾ। ਵਿਚਾਰ ਪੇਸ਼ ਕਰਦੇ ਉਨ੍ਹਾਂ ਨੇ ਕਿਹਾ ਕਿ ਨਵੰਬਰ 1966 ਸਮੇਂ ਪੁਆਧ ਖੇਤਰ ਦੇ ਪਿੰਡਾਂ ਨੂੰ ਉਜਾੜ ਕੇ ਚੰਡੀਗੜ੍ਹ ਵਸਾਇਆ ਗਿਆ ਸੀ। ਉਸ ਸਮੇਂ ਇਸ ਇਲਾਕੇ ਦੀ ਆਮ ਜਨ-ਸੰਖਿਆ ਪੰਜਾਬੀ ਬੋਲਦੀ ਸੀ ਪਰ ਸਰਕਾਰੀ ਤੰਤਰ ਨੇ ਆਪ-ਹੁਦਰੀ ਕਰਕੇ ਕੁਝ ਸਮੇਂ ਵਿੱਚ ਹੀ ਚੰਡੀਗਡ਼੍ਹ ਦੀ ਦਫ਼ਤਰੀ ਭਾਸ਼ਾ ਅੰਗਰੇਜ਼ੀ ਕਰ ਦਿੱਤੀ। ਅਫ਼ਸੋਸ ਕਿ ਚੰਡੀਗੜ੍ਹ ਵਾਸੀਆਂ ਨਾਲ ਇਹ ਧੱਕਾ ਅੱਜ ਵੀ ਜਾਰੀ ਹੈ ਜਦਕਿ ਸਾਰੇ ਭਾਰਤ ਵਿਚ 22 ਭਾਸ਼ਾਵਾਂ ਸਰਕਾਰੀ ਮਾਨਤਾ ਪ੍ਰਾਪਤ ਹਨ, ਜਿਨ੍ਹਾਂ ਵਿੱਚ ਪੰਜਾਬੀ ਤਾਂ ਇੱਕ ਭਾਸ਼ਾ ਹੈ ਪਰ ਅੰਗਰੇਜ਼ੀ ਉਨ੍ਹਾਂ ਭਾਸ਼ਾਵਾਂ ਵਿਚੋਂ ਇਕ ਨਹੀਂ ਹੈl ਅੰਗਰੇਜ਼ੀ ਕਿਸੇ ਵੀ ਭਾਰਤੀ ਸੂਬੇ ਜਾਂ ਕੇਂਦਰੀ ਸਾਸ਼ਤ ਪ੍ਰਦੇਸ਼ ਦੀ ਦਫ਼ਤਰੀ ਭਾਸ਼ਾ ਨਹੀਂ ਤਾਂ ਫੇਰ ਇਹ ਧੱਕਾ ਚੰਡੀਗੜ੍ਹ ਵਾਸੀਆਂ ਨਾਲ ਕਿਉਂ? ਚੰਡੀਗੜ੍ਹ ਦੇ ਕਿਸੇ ਵੀ ਵਾਸੀ ਦੀ ਮਾਤ ਭਾਸ਼ਾ ਅੰਗਰੇਜ਼ੀ ਨਹੀਂ ਹੈl ਇਸ ਧੱਕੇ ਖ਼ਿਲਾਫ਼ ਚੰਡੀਗਡ਼੍ਹ ਪੰਜਾਬੀ ਮੰਚ ਲਗਾਤਾਰ ਲੜ ਰਿਹਾ ਹੈl ਉਨ੍ਹਾਂ ਨੇ ਭਵਿੱਖ ਦੇ ਕੰਮ ਉਲੀਕਣ ਲਈ ਸਾਥੀਆਂ ਅੱਗੇ ਆਪਣਾ ਨੁਕਤਾ-ਨਿਗਾਹ ਰੱਖ ਕੇ ਸੁਝਾਅ ਮੰਗੇ।
ਬੈਠਕ ਵਿਚ ਸਰਵਸ੍ਰੀ ਗੁਰਪ੍ਰੀਤ ਸਿੰਘ ਸੋਮਲ, ਗੁਰਨਾਮ ਸਿੰਘ ਸਿੱਧੂ, ਸਾਧੂ ਸਿੰਘ ਸਰਪੰਚ, ਬਾਬਾ ਗੁਰਦਿਆਲ ਸਿੰਘ, ਸ਼ਰਨਜੀਤ ਸਿੰਘ, ਦਲਜੀਤ ਸਿੰਘ ਪਲਸੌਰਾ, ਕਰਮ ਸਿੰਘ ਵਕੀਲ, ਬਲਕਾਰ ਸਿੱਧੂ, ਜੋਗਿੰਦਰ ਸਿੰਘ, ਜੋਗਾ ਸਿੰਘ, ਭੁਪਿੰਦਰ ਸਿੰਘ, ਪ੍ਰੀਤਮ ਸਿੰਘ ਹੁੰਦਲ, ਮਾਨਵ ਜੋਤ, ਅਮਨਦੀਪ ਸਿੰਘ, ਦੀਪਕ ਸ਼ਰਮਾ ਚਨਾਰਥਲ, ਸੁਖਵਿੰਦਰ ਸਿੰਘ ਅਤੇ ਸੁਭਾਸ਼ ਸਿੰਘ ਨੇ ਵਿਚਾਰ ਪੇਸ਼ ਕੀਤੇl
ਗਹਿਰ ਗੰਭੀਰ ਵਿਚਾਰ ਚਰਚਾ ਉਪਰੰਤ ਸਰਬਸੰਮਤੀ ਨਾਲ ਇਹ ਫ਼ੈਸਲਾ ਕੀਤਾ ਗਿਆ ਕਿ ਚੰਡੀਗਡ਼੍ਹ ਪੰਜਾਬੀ ਮੰਚ ਸ਼ਹਿਰ ਦੇ ਵੱਖ ਵੱਖ ਪਿੰਡਾਂ ਵਿੱਚ ਅਤੇ ਸ਼ਹਿਰ ਦੇ ਸੈਕਟਰਾਂ ਵਿਚ ਆਪਣੀਆਂ ਕਮੇਟੀਆਂ ਦੀ ਵਿਸ਼ੇਸ਼ ਮਦਦ ਨਾਲ 21 ਫਰਵਰੀ ਨੂੰ ਕੌਮਾਂਤਰੀ ਮਾਤ ਭਾਸ਼ਾ ਦਿਵਸ ਮੌਕੇ ਆਮ ਲੋਕਾਂ ਨੂੰ ਮਾਤ ਭਾਸ਼ਾ ਬਾਰੇ ਜਾਗਰੂਕ ਕਰਨ ਲਈ ਸਮਾਗਮ ਕਰੇਗੀl ਇਹ ਵੀ ਫੈਸਲਾ ਕੀਤਾ ਗਿਆ ਕਿ ਚੰਡੀਗੜ੍ਹ ਵਿੱਚ ਪੰਜਾਬੀ ਨੂੰ ਦਫ਼ਤਰੀ ਭਾਸ਼ਾ ਬਣਾਉਣ ਅਤੇ ਮੰਚ ਦੇ ਹੋਰ ਉਦੇਸ਼ਾਂ ਦੀ ਪੂਰਤੀ ਲਈ 31 ਮਾਰਚ 2022 ਨੂੰ ਮਸਜਿਦ ਗਰਾਊਂਡ ਸੈਕਟਰ-20 ਚੰਡੀਗੜ੍ਹ ਤੋਂ ਗਵਰਨਰ ਪੰਜਾਬ ਨੂੰ ਯਾਦ ਪੱਤਰ ਦੇਣ ਲਈ ਰਾਜ ਭਵਨ, ਪੰਜਾਬ ਵੱਲ ਪੁਰ-ਅਮਨ ਰੋਸ ਮਾਰਚ ਕੀਤਾ ਜਾਵੇਗਾl ਉਨ੍ਹਾਂ ਨੇ ਇਹ ਵੀ ਸਾਫ ਕੀਤਾ ਕਿ ਜੇ ਚੰਡੀਗਡ਼੍ਹ ਪ੍ਰਸ਼ਾਸਨ ਪੁਰ-ਅਮਨ ਮਾਰਚ ਵਿਚ ਵਿਘਨ ਪਾ ਕੇ ਸਾਥੀਆਂ ਨੂੰ ਗ੍ਰਿਫ਼ਤਾਰ ਕਰਦੀ ਹੈ ਤਾਂ ਗਵਰਨਰ ਪੰਜਾਬ ਨੂੰ ਯਾਦ ਪੱਤਰ ਦੇਣ ਲਈ ਗ੍ਰਿਫਤਾਰੀਆਂ ਵੀ ਦਿੱਤੀਆਂ ਜਾਣਗੀਆਂl
ਅੰਤ ਵਿੱਚ ਸਾਥੀਆਂ ਦਾ ਧੰਨਵਾਦ ਚੰਡੀਗੜ੍ਹ ਪੰਜਾਬੀ ਮੰਚ ਦੇ ਪ੍ਰਧਾਨ ਸੁਖਜੀਤ ਸਿੰਘ ਸੁੱਖਾ ਨੇ ਕੀਤਾ।
ਮਾਂ ਬੋਲੀ ਪੰਜਾਬੀ ਜ਼ਿੰਦਾਬਾਦ!
ਪੰਜਾਬੀ ਪਿਆਰੇ ਜ਼ਿੰਦਾਬਾਦ! ਆਕਾਸ਼ ਗੁੰਜਾਊ ਨਾਅਰਿਆਂ ਨਾਲ ਬੈਠਕ ਦੀ ਸਮਾਪਤੀ ਹੋਈ।