ਮੋਰਿੰਡਾ, 11 ਜਨਵਰੀ ( ਭਟੋਆ)
ਮੋਰਿੰਡਾ ਵਿੱਚ ਕੋਰੋਨਾ ਦੇ ਨਵੇਂ ਵੈਰੀਐਂਟ ਓਮੀਕਰੋਨ ਨੇ ਪੈਰ ਪਸਾਰ ਲਏ ਹਨ ਅਤੇ ਕੋਰੋਨਾ ਦੇ ਲਗਭਗ 25 ਕੇਸ ਤਿੰਨ ਦਿਨਾਂ ਵਿੱਚ ਪਾਜ਼ੇਟਿਵ ਆਏ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐੱਸ.ਐੱਮ.ਓ. ਮੋਰਿੰਡਾ ਮਨਜੀਤ ਸਿੰਘ ਨੇ ਦੱਸਿਆ ਕਿ ਮਗਰਲੇ ਤਿੰਨ ਦਿਨਾਂ ਚ ਕੋਰੋਨਾ ਦੇ ਲਗਭਗ 25 ਕੇਸ ਪਾਜੇਟਿਵ ਆਏ ਹਨ। ਉਹਨਾਂ ਕਿਹਾ ਕਿ ਭਾਵੇਂ ਇਹ ਕੇਸ ਜਿਆਦਾ ਗੰਭੀਰ ਨਹੀਂ ਹਨ ਪ੍ਰੰਤੂ ਇਹਨਾਂ ਵਿੱਚ ਮਰੀਜ ਨੂੰ ਕਮਜੋਰੀ, ਬੁਖਾਰ, ਗਲੇ ਦਾ ਦਰਦ, ਸਾਹ ਲੈਣ ਵਿੱਚ ਤਕਲੀਫ, ਖਾਂਸੀ ਆਦਿ ਦੇ ਲੱਛਣ ਪਾਏ ਜਾ ਰਹੇ ਹਨ। ਉਹਨਾਂ ਦੱਸਿਆ ਕਿ ਜਿਹੜੇ ਕੇਸ ਕੋਰੋਨਾ ਪਾਜੇਟਿਵ ਆ ਰਹੇ ਹਨ, ਉਹਨਾਂ ਨੂੰ ਘਰ ਵਿੱਚ ਹੀ ਰਹਿਣ ਦੀ ਸਲਾਹ ਦਿੱਤੀ ਜਾ ਰਹੀ ਹੈ। ਹਸਪਤਾਲ ਵਿੱਚ ਜਾਣ ਦੀ ਅਜੇ ਬਹੁਤੇ ਮਰੀਜਾਂ ਨੂੰ ਜਰੂਰਤ ਨਹੀਂ ਪੈ ਰਹੀ। ਵੈਕਸੀਨੇਸ਼ਨ ਕਰਵਾਉਣ ਵਿੱਚ ਵੀ ਲੋਕ ਕਾਫੀ ਜਾਗਰੂਕ ਹੋ ਗਏ ਹਨ ਅਤੇ ਤੇਜੀ ਨਾਲ ਲੋਕਾਂ ਨੂੰ ਕੋਰੋਨਾ ਦੀ ਵੈਕਸੀਨ ਲਗਾਈ ਜਾ ਰਹੀ ਹੈ। ਡਾ. ਮਨਜੀਤ ਸਿੰਘ ਦਾ ਕਹਿਣਾ ਹੈ ਕਿ ਸਾਨੂੰ ਕੋਰੋਨਾ ਸਬੰਧੀ ਸਰਕਾਰੀ ਹਦਾਇਤਾਂ ਜਿਵੇਂ ਕਿ ਮਾਸਕ ਪਹਿਨਣਾ, ਸਮਾਜਿਕ ਦੂਰੀ ਅਤੇ ਹੱਥ ਧੋ ਕੇ ਰੱਖਣੇ ਆਦਿ ਦੀ ਪਾਲਣਾ ਕਰਦੇ ਰਹਿਣਾ ਚਾਹੀਦਾ ਹੈ ਅਤੇ ਇਸ ਬਿਮਾਰੀ ਨੂੰ ਹਲਕੇ ਵਿੱਚ ਨਹੀਂ ਲੈਣਾ ਚਾਹੀਦਾ।