ਸ਼ਿਵ ਕੁਮਾਰ ਬਟਾਲਵੀ ਦੇ ਕਿਸੇ ਦੋਸਤ ਨੇ ਉਸ ਨੂੰ ਕਿਹਾ ਕਿ ਤੂੰ ਬਹੁਤ ਸੋਹਣਾ ਲਿਖਦਾ ਹੈਂ.. ਕੁੱਝ ਗੁਰੂ ਗੋਬਿੰਦ ਸਿੰਘ ਜੀ ਬਾਰੇ ਲਿੱਖ.... ਸ਼ਿਵ ਕੁਮਾਰ ਬਟਾਲਵੀ ਨੇ ਦੋ-ਤਿੰਨ ਮਹੀਨਿਆਂ ਬਾਅਦ ਆਪਣੇ ਦੋਸਤ ਨੂੰ ਕਿਹਾ ਕਿ ਮੇਰੀ ਕਲਮ ਦੀ ਐਨੀ ਔਕਾਤ ਨਹੀਂ ਕਿ ਕੁੱਝ ਗੁਰੂ ਗੋਬਿੰਦ ਸਿੰਘ ਜੀ ਬਾਰੇ ਕੁੱਝ ਲਿਖ ਸਕੇ... ਪਰ ਮੈਂ ਇੱਕ ਆਰਤੀ ਜ਼ਰੂਰ ਲਿੱਖੀ ਹੈ,.. 👇🏻
ਮੈਂ ਕਿਸ ਹੰਝੂ ਦਾ ਦੀਵਾ ਬਾਲਕੇ ਤੇਰੀ ਆਰਤੀ ਗਾਵਾਂ,
ਮੈਂ ਕਿਹੜੇ ਸ਼ਬਦ ਦੇ ਬੂਹੇ ਤੇ ਮੰਗਣ ਗੀਤ ਅੱਜ ਜਾਵਾਂ,
ਜੋ ਤੈਨੂੰ ਕਰਨ ਭੇਟਾ ਮੈਂ ਤੇਰੇ ਦੁਆਰ ਤੇ ਆਵਾਂ,
ਮੇਰਾ ਕੋਈ ਗੀਤ ਨਹੀਂ ਐਸਾ ਜੋ ਤੇਰੇ ਮੇਚ ਆ ਜਾਵੇ,
ਭਰੇ ਬਜ਼ਾਰ ਵਿੱਚ ਜਾ ਕੇ ਜੋ ਆਪਣਾ ਸਿਰ ਕਟਾ ਆਵੇ,
ਜੋ ਆਪਣੇ ਸੋਹਲ ਛਿੰਦੇ ਬਾਲ ਨੀਂਹਾਂ ਵਿੱਚ ਚਿਣਾ ਆਵੇ,
ਤਿਹਾਏ ਸ਼ਬਦ ਨੂੰ ਤਲਵਾਰ ਦਾ ਪਾਣੀ ਪਿਆ ਆਵੇ,
ਜੋ ਲੁੱਟ ਜਾਵੇ ਤੇ ਫਿਰ ਵੀ ਯਾਰੜੇ ਦੇ ਸੱਥਰੀਂ ਗਾਵੇ,
ਚਿੜੀ ਦੇ ਖੰਭ ਦੀ ਲਲਕਾਰ ਸੌ ਬਾਜਾਂ ਨੂੰ ਖਾ ਜਾਵੇ,
ਮੈਂ ਕਿੰਝ ਤਲਵਾਰ ਦੀ ਗਾਨੀ ਅੱਜ ਆਪਣੇ ਗੀਤ ਗਲ ਪਾਵਾਂ,
ਮੇਰਾ ਹਰ ਗੀਤ ਬੁਜ਼ਦਿਲ ਹੈ ਮੈਂ ਕਿਹੜਾ ਗੀਤ ਅੱਜ ਗਾਵਾਂ,
ਮੈਂ ਕਿਹੜੇ ਬੋਲ ਦੀ ਭੇਟਾ ਲੈ ਤੇਰੇ ਦੁਆਰ ਤੇ ਆਵਾਂ,
ਮੇਰੇ ਗੀਤਾਂ ਦੀ ਮਹਿਫ਼ਲ 'ਚੋਂ ਕੋਈ ਉਹ ਗੀਤ ਨਹੀਂ ਲੱਭਦਾ
ਜੋ ਤੇਰੇ ਸ਼ੀਸ ਮੰਗਣ ਤੇ ਤੇਰੇ ਸਾਹਵੇਂ ਖੜ੍ਹਾ ਹੋਵੇ,
ਜੋ ਮੈਲੇ ਹੋ ਚੁੱਕੇ ਲੋਹੇ ਨੂੰ ਆਪਣੇ ਖ਼ੂਨ ਵਿੱਚ ਧੋਵੇ,
ਕਿ ਜਿਸ ਦੀ ਮੌਤ ਪਿੱਛੋਂ ਉਸ ਨੂੰ ਕੋਈ ਸ਼ਬਦ ਨਾ ਰੋਵੇ,
ਕਿ ਜਿਸ ਨੂੰ ਪੀੜ ਤਾਂ ਕੀਹ ਪੀੜ ਦਾ ਅਹਿਸਾਸ ਨਾ ਛੋਹਵੇ,
ਜੋ ਲੋਹਾ ਪੀ ਸਕੇ ਉਹ ਗੀਤ ਕਿੱਥੋਂ ਲੈ ਕੇ ਮੈਂ ਆਵਾਂ,
ਮੈਂ ਆਪਣੀ ਪੀੜ ਦੇ ਅਹਿਸਾਨ ਕੋਲੋਂ ਦੂਰ ਕਿੰਝ ਜਾਵਾਂ,
ਮੈਂ ਤੇਰੀ ਉਸਤਤੀ ਦਾ ਗੀਤ ਚਾਹੁੰਦਾਂ ਹਾਂ ਕਿ ਉਹ ਹੋਵੇ,
ਜਿਹਦੇ ਹੱਥ ਸੱਚ ਦੀ ਤਲਵਾਰ ਨੈਣਾਂ 'ਚ ਰੋਹ ਹੋਵੇ,
ਜਿਹਦੇ ਵਿੱਚ ਵਤਨ ਦੀ ਮਿੱਟੀ ਲਈ ਅੰਤਾਂ ਦਾ ਮੋਹ ਹੋਵੇ,
ਜਿਹਦੇ ਵਿੱਚ ਲਹੂ ਤੇਰੇ ਦੀ ਰਲੀ ਲਾਲੀ ਤੇ ਲੋਅ ਹੋਵੇ,
ਮੈਂ ਆਪਣੇ ਲਹੂ ਦਾ ਕਿਸੇ ਗੀਤ ਨੂੰ ਟਿੱਕਾ ਕਿਵੇਂ ਲਾਵਾਂ,
ਮੈਂ ਬੁਜ਼ਦਿਲ ਗੀਤ ਲੈ ਕੇ ਕਿਸ ਤਰਾਂ ਤੇਰੇ ਦੁਆਰ ਤੇ ਆਵਾਂ,
ਮੈਂ ਚਾਹੁੰਦਾ ਏਸ ਤੋਂ ਪਹਿਲਾਂ ਕਿ ਤੇਰੀ ਆਰਤੀ ਗਾਵਾਂ,
ਮੈਂ ਮੈਲੇ ਸ਼ਬਦ ਧੋ ਕੇ ਜੀਭ ਦੀ ਕਿੱਲੀ ਤੇ ਪਾ ਆਵਾਂ,
ਤੇ ਮੈਲੇ ਸ਼ਬਦ ਸੁੱਕਣ ਤੀਕ ਤੇਰੀ ਹਰ ਪੈੜ ਚੁੰਮ ਆਵਾਂ,
ਤੇਰੀ ਹਰ ਪੈੜ ਤੇ ਹੰਝੂ ਦਾ ਇੱਕ ਸੂਰਜ ਜਗਾ ਆਵਾਂ,
ਮੈਂ ਲੋਹਾ ਪੀਣ ਦੀ ਆਦਤ ਜ਼ਰਾ ਗੀਤਾਂ ਨੂੰ ਪਾ ਆਵਾਂ,
ਮੈਂ ਸ਼ਾਇਦ ਫੇਰ ਕੁੱਝ ਭੇਟਾ ਕਰਨ ਯੋਗ ਹੋ ਜਾਵਾਂ,
ਮੈਂ ਬੁਜ਼ਦਿਲ ਗੀਤ ਲੈ ਕੇ ਕਿਸ ਤਰ੍ਹਾਂ ਤੇਰੇ ਦੁਆਰ ਆਵਾਂ ,
ਮੈਂ ਕਿਹੜੇ ਸ਼ਬਦ ਦੇ ਬੂਹੇ ਤੇ ਮੰਗਣ ਗੀਤ ਅੱਜ ਜਾਵਾਂ,
ਮੇਰਾ ਹਰ ਗੀਤ ਬੁਜ਼ਦਿਲ ਹੈ ਮੈਂ ਕਿਹੜਾ ਗੀਤ ਅੱਜ ਗਾਵਾਂ।
-ਸ਼ਿਵ ਕੁਮਾਰ ਬਟਾਲਵੀ
* ਪੇਸ਼ਕਸ਼:ਯਸ਼ ਪਾਲ*
(ਸੰਪਾਦਕ’ਵਰਗ ਚੇਤਨਾ’)