ਚੰਡੀਗੜ੍ਹ/4 ਜਨਵਰੀ/ਦੇਸ਼ ਕਲਿਕ ਬਿਊਰੋ:
ਪੰਜਾਬ ਵਿੱਚ ਕਰੋਨਾ ਕਾਰਨ ਹਾਲਾਤ ਵਿਗੜ ਗਏ ਹਨ। ਲਗਾਤਾਰ ਦੂਜੇ ਦਿਨ 400 ਤੋਂ ਵੱਧ ਕੋਰੋਨਾ ਮਰੀਜ਼ ਮਿਲੇ ਹਨ। ਪਟਿਆਲਾ ਵਿੱਚ ਹਾਲਾਤ ਇੰਨੇ ਵਿਗੜ ਗਏ ਕਿ ਮੈਡੀਕਲ ਕਾਲਜ ਵਿੱਚ ਇੱਕ ਦਿਨ ਵਿੱਚ 100 ਤੋਂ ਵੱਧ ਡਾਕਟਰ ਅਤੇ ਵਿਦਿਆਰਥੀ ਕੋਰੋਨਾ ਪਾਜ਼ੀਟਿਵ ਪਾਏ ਗਏ, ਜਿਸ ਤੋਂ ਬਾਅਦ ਹੋਸਟਲ ਨੂੰ ਖਾਲੀ ਕਰਵਾ ਲਿਆ ਗਿਆ। ਕਰੀਬ 1 ਹਜ਼ਾਰ ਵਿਦਿਆਰਥੀਆਂ ਦੇ ਕੋਰੋਨਾ ਟੈਸਟ ਕੀਤੇ ਗਏ ਹਨ।ਇਸ ਦੇ ਨਾਲ ਹੀ ਸਥਿਤੀ ਵਿਗੜਦੀ ਦੇਖ ਪੰਜਾਬ ਹਰਿਆਣਾ ਹਾਈਕੋਰਟ ਨੇ ਸਰੀਰਕ ਸੁਣਵਾਈ ਰੋਕ ਦਿੱਤੀ ਹੈ। ਹੁਣ ਸਿਰਫ ਵਰਚੁਅਲ ਸੁਣਵਾਈ ਹੋਵੇਗੀ। ਫਿਲਹਾਲ ਇਹ ਹੁਕਮ 5 ਤੋਂ 14 ਜਨਵਰੀ ਤੱਕ ਲਾਗੂ ਰਹੇਗਾ। ਰਾਤ ਦੇ ਕਰਫਿਊ ਨਾਲ ਪੰਜਾਬ ਵਿੱਚ ਸਕੂਲ, ਕਾਲਜ ਅਤੇ ਯੂਨੀਵਰਸਿਟੀਆਂ ਬੰਦ ਹੋ ਸਕਦੀਆਂ ਹਨ। ਸਥਿਤੀ ਨੂੰ ਸੰਭਾਲਣ ਲਈ ਮੁੱਖ ਮੰਤਰੀ ਚਰਨਜੀਤ ਚੰਨੀ ਨੇ ਅੱਜ ਕੋਵਿਡ ਸਮੀਖਿਆ ਦੀ ਹੰਗਾਮੀ ਮੀਟਿੰਗ ਬੁਲਾਈ ਹੈ, ਜਿਸ ਵਿੱਚ ਵੱਡੇ ਫੈਸਲੇ ਲਏ ਜਾ ਸਕਦੇ ਹਨ।