ਵੱਧ ਤੋਂ ਵੱਧ ਕੋਵਿਡ ਟੀਕਾਕਰਨ ਤੇ ਸੈਂਪਲਿੰਗ ਪਹਿਲੀ ਤਰਜੀਹ : ਐਸ.ਐਮ.ਓ.
ਬੂਥਗੜ੍ਹ, 3 ਜਨਵਰੀ :ਦੇਸ਼ ਕਲਿੱਕ ਬਿਓਰੋ
ਡਾ. ਅਲਕਜੋਤ ਕੌਰ ਨੇ ਪ੍ਰਾਇਮਰੀ ਹੈਲਥ ਸੈਂਟਰ, ਬੂਥਗੜ੍ਹ ਦੇ ਨਵੇਂ ਸੀਨੀਅਰ ਮੈਡੀਕਲ ਅਫ਼ਸਰ ਵਜੋਂ ਅੱਜ ਅਹੁਦਾ ਸੰਭਾਲ ਲਿਆ। ਇਸ ਤੋਂ ਪਹਿਲਾਂ ਉਹ ਪਟਿਆਲਾ ਦੇ ਤਿ੍ਰਪੜੀ ਵਿਖੇ ਸੀਨੀਅਰ ਮੈਡੀਕਲ ਅਫ਼ਸਰ ਵਜੋਂ ਸੇਵਾਵਾਂ ਨਿਭਾ ਰਹੇ ਸਨ। ਬੂਥਗੜ੍ਹ ਹਸਪਤਾਲ ਦੇ ਪਹਿਲੇ ਇੰਚਾਰਜ ਸੀਨੀਅਰ ਮੈਡੀਕਲ ਅਫ਼ਸਰ ਡਾ. ਜਸਕਿਰਨਦੀਪ ਕੌਰ ਦੀ ਬਦਲੀ ਚੰਡੀਗੜ੍ਹ ਵਿਖੇ ਸਿਹਤ ਵਿਭਾਗ ਦੇ ਮੁੱਖ ਦਫ਼ਤਰ ’ਚ ਬਤੌਰ ਸਹਾਇਕ ਡਾਇਰੈਕਟਰ ਵਜੋਂ ਹੋ ਗਈ ਹੈ। ਅਹੁਦਾ ਸੰਭਾਲਣ ਤੋਂ ਪਹਿਲਾਂ ਡਾ. ਅਲਕਜੋਤ ਕੌਰ ਨੇ ਸਿਵਲ ਸਰਜਨ ਡਾ. ਆਦਰਸ਼ਪਾਲ ਕੌਰ ਨੂੰ ਮਿਲ ਕੇ ਗੁਲਦਸਤਾ ਭੇਂਟ ਕੀਤਾ।
ਇਸ ਮੌਕੇ ਗੱਲਬਾਤ ਕਰਦਿਆਂ ਡਾ. ਅਲਕਜੋਤ ਕੌਰ ਨੇ ਕਿਹਾ ਕਿ ਉਨ੍ਹਾਂ ਦੀ ਪਹਿਲੀ ਤਰਜੀਹ ਕੇਂਦਰ ਅਤੇ ਸੂਬਾ ਸਰਕਾਰ ਵਲੋਂ ਚਲਾਈਆਂ ਜਾ ਰਹੀਆਂ ਸਿਹਤ ਸੰਭਾਲ ਯੋਜਨਾਵਾਂ ਅਤੇ ਪ੍ਰੋਗਰਾਮਾਂ ਨੂੰ ਬਿਹਤਰ ਅਤੇ ਹੋਰ ਪ੍ਰਭਾਵਸ਼ਾਲੀ ਤਰੀਕੇ ਨਾਲ ਲਾਗੂ ਕਰਨਾ ਹੈ। ਉਨ੍ਹਾਂ ਕਿਹਾ ਕਿ ਇਸ ਵੇਲੇ ਕੋਰੋਨਾ ਵਾਇਰਸ ਮਹਾਂਮਾਰੀ ਦੀ ਤੀਜੀ ਲਹਿਰ ਦਾ ਖ਼ਦਸ਼ਾ ਬਣਿਆ ਹੋਇਆ ਹੈ ਜਿਸ ਕਾਰਨ ਸਾਰਿਆਂ ਨੂੰ ਸਾਵਧਾਨ ਰਹਿਣ ਦੀ ਬੇਹੱਦ ਲੋੜ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਪੁਰਜ਼ੋਰ ਕੋਸ਼ਿਸ਼ ਹੋਵੇਗੀ ਕਿ ਸਿਹਤ ਬਲਾਕ ਬੂਥਗੜ੍ਹ ਵਿਚ ਵੱਧ ਤੋਂ ਵੱਧ ਕੋਵਿਡ ਟੀਕਾਕਰਨ ਅਤੇ ਸੈਂਪਲਿੰਗ ਹੋਵੇ ਤਾਕਿ ਲੋਕਾਂ ਨੂੰ ਇਸ ਮਹਾਂਮਾਰੀ ਤੋਂ ਬਚਾਇਆ ਜਾ ਸਕੇ। ਇਸ ਤੋਂ ਇਲਾਵਾ 15 ਤੋਂ 18 ਸਾਲ ਤਕ ਦੇ ਕਿਸ਼ੋਰਾਂ ਦੇ ਕੋਵਿਡ ਟੀਕਾਕਰਨ ’ਤੇ ਵਿਸ਼ੇਸ਼ ਜ਼ੋਰ ਦਿਤਾ ਜਾਵੇਗਾ।
ਉਨ੍ਹਾਂ ਕਿਹਾ ਕਿ ‘ਕੋਰੋਨਾ ਵਾਇਰਸ’ ਮਹਾਂਮਾਰੀ ਤੋਂ ਬਚਾਅ ਲਈ ਟੀਕਾਕਰਨ ਬਹੁਤ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਅਫ਼ਵਾਹਾਂ ਵਲ ਧਿਆਨ ਨਾ ਦੇ ਕੇ ਹਰ ਕਿਸੇ ਨੂੰ ਇਹ ਟੀਕਾ ਲਗਵਾਉਣਾ ਚਾਹੀਦਾ ਹੈ ਕਿਉਂਕਿ ਇਹ ਵੈਕਸੀਨ ਪੂਰੀ ਤਰ੍ਹਾਂ ਸੁਰੱਖਿਅਤ ਹੈ। ਜਿਹੜੇ ਲੋਕਾਂ ਨੇ ਦੂਜਾ ਟੀਕਾ ਨਹੀਂ ਲਗਵਾਇਆ, ਉਹ ਤੁਰੰਤ ਦੂਜਾ ਟੀਕਾ ਲਗਵਾਉਣ। ਉਨ੍ਹਾਂ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਜ਼ਰੂਰੀ ਕੰਮ ਪੈਣ ’ਤੇ ਹੀ ਘਰੋਂ ਬਾਹਰ ਨਿਕਲਿਆ ਜਾਵੇ ਅਤੇ ਬਾਹਰ ਨਿਕਲਣ ਸਮੇਂ ਮਾਸਕ ਪਾਇਆ ਜਾਵੇ ਅਤੇ ਇਕ ਦੂਜੇ ਤੋਂ ਜ਼ਰੂਰੀ ਫ਼ਾਸਲਾ ਰਖਿਆ ਜਾਵੇ। ਸਾਬਣ ਆਦਿ ਨਾਲ ਵਾਰ-ਵਾਰ ਹੱਥ ਧੋਣੇ ਵੀ ਬਹੁਤ ਜ਼ਰੂਰੀ ਹਨ। ਕਿਸੇ ਵੀ ਜਾਣਕਾਰੀ ਲਈ ਸਿਹਤ ਵਿਭਾਗ ਦੇ ਹੈਲਪਲਾਈਨ ਨੰਬਰ 104 ’ਤੇ ਸੰਪਰਕ ਕੀਤਾ ਜਾ ਸਕਦਾ ਹੈ।