ਚੰਡੀਗੜ੍ਹ/3 ਜਨਵਰੀ/ਦੇਸ਼ ਕਲਿਕ ਬਿਊਰੋ:
ਪੰਜਾਬ 'ਚ ਕੋਰੋਨਾ ਮਹਾਮਾਰੀ ਨੇ ਜ਼ੋਰ ਫੜ ਲਿਆ ਹੈ। ਐਤਵਾਰ ਨੂੰ 24 ਘੰਟਿਆਂ ਦੌਰਾਨ 417 ਮਰੀਜ਼ ਮਿਲੇ ਹਨ। ਇਸ ਦੇ ਨਾਲ ਹੀ 3 ਕੋਰੋਨਾ ਮਰੀਜ਼ਾਂ ਦੀ ਮੌਤ ਹੋ ਗਈ। 49 ਮਰੀਜ਼ ਅਜੇ ਵੀ ਲਾਈਫ ਸੇਵਿੰਗ ਸਪੋਰਟ 'ਤੇ ਹਨ। ਹੁਣ 1,349 ਐਕਟਿਵ ਕੇਸ ਹਨ। ਅਜਿਹੇ 'ਚ ਪੰਜਾਬ 'ਚ ਕੋਰੋਨਾ ਦੇ ਵਿਗੜਦੇ ਹਾਲਾਤ ਨੂੰ ਦੇਖਦੇ ਹੋਏ ਕਾਂਗਰਸ ਦੀ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ ਨੇ ਸੀਐੱਮ ਚਰਨਜੀਤ ਚੰਨੀ ਤੋਂ ਇਸ ਦੀ ਰਿਪੋਰਟ ਲਈ ਹੈ।ਇਸ ਦੇ ਨਾਲ ਹੀ ਲਗਾਤਾਰ ਵੱਧ ਰਹੇ ਕੋਰੋਨਾ ਮਰੀਜ਼ਾਂ ਦੇ ਮੱਦੇਨਜ਼ਰ ਪੰਜਾਬ ਵਿੱਚ ਰਾਤ ਦਾ ਕਰਫਿਊ ਲਗਾਇਆ ਜਾ ਸਕਦਾ ਹੈ। ਇਸ ਤੋਂ ਇਲਾਵਾ ਮਾਸਕ ਨੂੰ ਲੈ ਕੇ ਵੀ ਸਖ਼ਤੀ ਕੀਤੀ ਜਾ ਸਕਦੀ ਹੈ। ਮੰਤਰੀ ਕਾਕਾ ਰਣਦੀਪ ਨੇ ਕਿਹਾ ਕਿ ਜੇਕਰ ਮਾਮਲੇ ਇਸੇ ਤਰ੍ਹਾਂ ਵਧਦੇ ਰਹੇ ਤਾਂ ਸਰਕਾਰ ਯਕੀਨੀ ਤੌਰ 'ਤੇ ਰਾਤ ਦਾ ਕਰਫਿਊ ਲਗਾਉਣ ਬਾਰੇ ਵਿਚਾਰ ਕਰੇਗੀ।ਪੰਜਾਬ 'ਚ ਪਟਿਆਲਾ ਕੋਰੋਨਾ ਦਾ ਹੌਟਸਪੌਟ ਬਣ ਗਿਆ ਹੈ। ਐਤਵਾਰ ਨੂੰ ਇੱਥੇ 133 ਨਵੇਂ ਮਾਮਲੇ ਸਾਹਮਣੇ ਆਏ। ਇਸ ਤੋਂ ਪਹਿਲਾਂ ਸ਼ਨੀਵਾਰ ਨੂੰ 98 ਅਤੇ ਸ਼ੁੱਕਰਵਾਰ ਨੂੰ 71 ਮਰੀਜ਼ ਮਿਲੇ ਸਨ। ਇਸ ਤੋਂ ਇਲਾਵਾ ਪਠਾਨਕੋਟ 'ਚ 78, ਮੋਹਾਲੀ 'ਚ 55, ਜਲੰਧਰ 'ਚ 45, ਲੁਧਿਆਣਾ 'ਚ 40 ਮਾਮਲੇ ਸਾਹਮਣੇ ਆਏ ਹਨ। ਬਾਕੀ ਜ਼ਿਲ੍ਹਿਆਂ ਵਿੱਚ 20 ਤੋਂ ਘੱਟ ਮਰੀਜ਼ ਪਾਏ ਗਏ ਹਨ। ਹੁਸ਼ਿਆਰਪੁਰ, ਲੁਧਿਆਣਾ ਅਤੇ ਮੋਹਾਲੀ 'ਚ 3 ਮਰੀਜ਼ਾਂ ਦੀ ਮੌਤ ਹੋ ਗਈ ਹੈ।