ਉਪ ਕਪਤਾਨ ਕੇਐੱਲ ਰਾਹੁਲ ਬਣੇ 'ਮੈਨ ਆਫ ਦਾ ਮੈਚ'
ਸੈਂਚੂਰੀਅਨ(ਦੱਖਣੀ ਅਫ਼ਰੀਕਾ)/30 ਦਸੰਬਰ/ਦੇਸ਼ ਕਲਿਕ ਬਿਊਰੋ:
ਭਾਰਤ ਅਤੇ ਦੱਖਣੀ ਅਫਰੀਕਾ ਵਿਚਾਲੇ ਸੈਂਚੁਰੀਅਨ 'ਚ ਖੇਡਿਆ ਗਿਆ ਪਹਿਲਾ ਟੈਸਟ ਮੈਚ ਟੀਮ ਇੰਡੀਆ ਨੇ 113 ਦੌੜਾਂ ਨਾਲ ਜਿੱਤ ਲਿਆ ਹੈ। ਅਫਰੀਕਾ ਨੂੰ 305 ਦੌੜਾਂ ਦਾ ਟੀਚਾ ਮਿਲਿਆ ਸੀ। ਜਵਾਬ 'ਚ ਟੀਮ 191 ਦੌੜਾਂ ਹੀ ਬਣਾ ਸਕੀ ਅਤੇ ਮੈਚ ਹਾਰ ਗਈ। ਸੈਂਚੁਰੀਅਨ ਦੇ ਮੈਦਾਨ ‘ਤੇ ਭਾਰਤ ਦੀ ਇਹ ਪਹਿਲੀ ਟੈਸਟ ਜਿੱਤ ਹੈ। ਇਸ ਜਿੱਤ ਦੇ ਨਾਲ ਹੀ ਵਿਰਾਟ ਐਂਡ ਕੰਪਨੀ ਨੇ 3 ਮੈਚਾਂ ਦੀ ਟੈਸਟ ਸੀਰੀਜ਼ 'ਚ 1-0 ਦੀ ਬੜ੍ਹਤ ਬਣਾ ਲਈ ਹੈ। ਸੈਂਚੁਰੀਅਨ 56ਵਾਂ ਮੈਦਾਨ ਬਣ ਗਿਆ ਜਿੱਥੇ ਟੀਮ ਇੰਡੀਆ ਨੇ ਟੈਸਟ ਮੈਚ ਜਿੱਤਿਆ ਹੈ।ਇਸ ਨਾਲ ਭਾਰਤ ਨੇ ਸਭ ਤੋਂ ਵੱਧ ਟੈਸਟ ਜਿੱਤਣ ਦੇ ਆਸਟ੍ਰੇਲੀਆ ਦੇ ਵਿਸ਼ਵ ਰਿਕਾਰਡ ਦੀ ਬਰਾਬਰੀ ਕਰ ਲਈ ਹੈ।
ਕਪਤਾਨ ਡੀਨ ਐਲਗਰ (77 ਦੌੜਾਂ) ਚੌਥੀ ਪਾਰੀ ਵਿੱਚ ਸਾਉਥ ਅਫ਼ਰੀਕਾ ਲਈ ਸਭ ਤੋਂ ਵੱਧ ਸਕੋਰਰ ਰਹੇ। ਇਸ ਦੇ ਨਾਲ ਹੀ ਭਾਰਤ ਲਈ ਮੁਹੰਮਦ ਸ਼ਮੀ ਅਤੇ ਜਸਪ੍ਰੀਤ ਬੁਮਰਾਹ ਨੇ 3-3 ਵਿਕਟਾਂ ਲਈਆਂ। ਮੁਹੰਮਦ ਸਿਰਾਜ ਅਤੇ ਰਵੀਚੰਦਰਨ ਅਸ਼ਵਿਨ ਨੇ ਵੀ ਦੋ-ਦੋ ਵਿਕਟਾਂ ਹਾਸਲ ਕੀਤੀਆਂ। ਟੈਸਟ ਮੈਚ ਦੀਆਂ ਦੋਵੇਂ ਪਾਰੀਆਂ ਵਿੱਚ ਸ਼ਮੀ ਨੇ ਕੁੱਲ 8 ਵਿਕਟਾਂ ਲਈਆਂ।
ਪਹਿਲੀ ਪਾਰੀ 'ਚ ਸ਼ਾਨਦਾਰ ਸੈਂਕੜਾ ਲਗਾਉਣ ਵਾਲੇ ਉਪ ਕਪਤਾਨ ਕੇਐੱਲ ਰਾਹੁਲ ਨੂੰ 'ਮੈਨ ਆਫ ਦਾ ਮੈਚ' ਦਾ ਪੁਰਸਕਾਰ ਮਿਲਿਆ। ਰਾਹੁਲ ਨੇ ਪਹਿਲੀ ਪਾਰੀ ਵਿੱਚ 123 ਅਤੇ ਦੂਜੀ ਪਾਰੀ ਵਿੱਚ 23 ਦੌੜਾਂ ਬਣਾਈਆਂ। ਟੈਸਟ ਕ੍ਰਿਕਟ 'ਚ ਇਹ ਉਸਦਾ 7ਵਾਂ ਅਤੇ ਅਫਰੀਕਾ ਖਿਲਾਫ ਪਹਿਲਾ ਸੈਂਕੜਾ ਸੀ। ਕੇਐੱਲ ਰਾਹੁਲ ਨੂੰ ਚੌਥੀ ਵਾਰ ਟੈਸਟ 'ਚ 'ਮੈਨ ਆਫ ਦਾ ਮੈਚ' ਦਾ ਐਵਾਰਡ ਮਿਲਿਆ।