ਚੰਡੀਗੜ੍ਹ/30 ਦਸੰਬਰ/ਦੇਸ਼ ਕਲਿਕ ਬਿਊਰੋ:
ਕੋਰੋਨਾ ਦਾ ਓਮੀਕਰੋਨ ਵੈਰੀਐਂਟ ਵੀ ਪੰਜਾਬ ਵਿੱਚ ਦਾਖਲ ਹੋ ਗਿਆ ਹੈ। ਨਵਾਂਸ਼ਹਿਰ 'ਚ ਓਮੀਕਰੋਨ ਦਾ ਪਹਿਲਾ ਮਰੀਜ਼ ਮਿਲਿਆ ਹੈ। ਇਹ 36 ਸਾਲਾ ਮਰੀਜ਼ ਸਪੇਨ ਤੋਂ ਵਾਪਸ ਆਇਆ ਸੀ। ਇਸ ਦੇ ਨਾਲ ਹੀ ਬੁੱਧਵਾਰ ਨੂੰ ਇਕ ਦਿਨ 'ਚ ਕੋਰੋਨਾ ਦੇ 100 ਪਾਜ਼ੇਟਿਵ ਮਾਮਲੇ ਸਾਹਮਣੇ ਆਉਣ ਨਾਲ ਸੂਬੇ 'ਚ ਮੁੜ ਤੋਂ ਕੋਰੋਨਾ ਫੈਲਣ ਦਾ ਖਤਰਾ ਵਧਦਾ ਜਾ ਰਿਹਾ ਹੈ। ਪੰਜਾਬ 'ਚ ਜਲਦੀ ਹੀ ਵਿਧਾਨ ਸਭਾ ਚੋਣਾਂ ਹੋਣ ਜਾ ਰਹੀਆਂ ਹਨ, ਜਿਸ ਲਈ ਕਾਂਗਰਸ ਸਮੇਤ ਸਾਰੀਆਂ ਸਿਆਸੀ ਪਾਰਟੀਆਂ ਜ਼ੋਰਦਾਰ ਰੈਲੀਆਂ ਕਰ ਰਹੀਆਂ ਹਨ। ਇਨ੍ਹਾਂ ਵਿੱਚ ਕਾਫੀ ਭੀੜ ਇਕੱਠੀ ਹੁੰਦੀ ਹੈ। ਜਿੱਥੇ ਕੋਰੋਨਾ ਨਾਲ ਸਬੰਧਤ ਮਾਸਕ ਪਹਿਨਣ, ਸਮਾਜਿਕ ਦੂਰੀ ਰੱਖਣ ਵਰਗੀਆਂ ਸਾਵਧਾਨੀਆਂ ਵੀ ਗਾਇਬ ਹਨ।ਪੰਜਾਬ ਸਿਹਤ ਵਿਭਾਗ ਅਨੁਸਾਰ ਨਵਾਂਸ਼ਹਿਰ ਦੇ ਮੁਕੰਦਪੁਰ ਇਲਾਕੇ ਦਾ ਰਹਿਣ ਵਾਲਾ ਵਿਅਕਤੀ 4 ਦਸੰਬਰ ਨੂੰ ਸਪੇਨ ਤੋਂ ਵਾਪਸ ਆਇਆ ਸੀ। ਨਿਰਧਾਰਤ ਪ੍ਰੋਟੋਕੋਲ ਦੇ ਅਨੁਸਾਰ, ਉਸਨੂੰ ਘਰ ਵਿੱਚ ਕੁਆਰੰਟੀਨ ਕੀਤਾ ਗਿਆ ਸੀ। 12 ਦਸੰਬਰ ਨੂੰ ਉਸ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਈ ਸੀ। ਇਸ ਤੋਂ ਬਾਅਦ ਸੰਸਥਾਗਤ ਕੁਆਰੰਟੀਨ ਕਰਦੇ ਹੋਏ ਉਸ ਨੂੰ ਤੁਰੰਤ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ। ਉਸਦੀ ਜੀਨੋਮ ਰਿਪੋਰਟ 28 ਦਸੰਬਰ ਨੂੰ ਆਈ ਸੀ, ਜਿਸ ਨੇ ਓਮੀਕਰੋਨ ਵੈਰੀਐਂਟ ਦੀ ਪੁਸ਼ਟੀ ਕੀਤੀ ਸੀ। ਹਾਲਾਂਕਿ ਇਸ ਤੋਂ ਪਹਿਲਾਂ ਕੋਰੋਨਾ ਜਾਂਚ ਦੀ ਰਿਪੋਰਟ ਨੈਗੇਟਿਵ ਆਈ ਸੀ, ਫਿਰ ਉਸ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ।ਉਸ ਦੇ ਸੰਪਰਕ 'ਚ ਆਏ 13 ਲੋਕਾਂ ਦੀ ਜਾਂਚ 'ਚ 2 ਪਾਜ਼ੇਟਿਵ ਵੀ ਆਏ ਪਰ ਉਹ ਵੀ ਠੀਕ ਹੋ ਕੇ ਘਰ ਚਲੇ ਗਏ ਹਨ।