ਏਸ਼ੀਆਈ ਚੈਂਪੀਅਨਸ ਟਰਾਫੀ ਦੇ ਮੈਚ 'ਚ ਪਾਕਿਸਤਾਨ ਨੂੰ 3-1 ਨਾਲ ਹਰਾਇਆ
ਢਾਕਾ/17 ਦਸੰਬਰ/ਦੇਸ਼ ਕਲਿਕ ਬਿਊਰੋ:
ਭਾਰਤ ਨੇ ਅੱਜ ਸ਼ੁੱਕਰਵਾਰ ਨੂੰ ਏਸ਼ੀਆਈ ਚੈਂਪੀਅਨਸ ਟਰਾਫੀ ਦੇ ਮੈਚ 'ਚ ਪਾਕਿਸਤਾਨ ਨੂੰ 3-1 ਨਾਲ ਹਰਾਇਆ। ਭਾਰਤ ਲਈ ਹਰਮਨਪ੍ਰੀਤ ਸਿੰਘ ਨੇ ਦੋ ਗੋਲ ਕੀਤੇ। ਇੱਕ ਗੋਲ ਅਕਾਸ਼ਦੀਪ ਸਿੰਘ ਨੇ ਕੀਤਾ। ਇਸ ਤੋਂ ਪਹਿਲਾਂ 24 ਅਕਤੂਬਰ ਨੂੰ ਟੀ-20 ਕ੍ਰਿਕਟ ਵਿਸ਼ਵ ਕੱਪ 'ਚ ਪਾਕਿਸਤਾਨ ਦੀ ਟੀਮ ਨੇ ਟੀਮ ਇੰਡੀਆ ਨੂੰ 10 ਵਿਕਟਾਂ ਨਾਲ ਹਰਾਇਆ ਸੀ। ਵਿਸ਼ਵ ਕੱਪ 'ਚ ਪਹਿਲੀ ਵਾਰ ਟੀਮ ਇੰਡੀਆ ਨੂੰ ਪਾਕਿਸਤਾਨ ਹੱਥੋਂ ਹਾਰ ਮਿਲੀ ਹੈ।
ਅੱਜ ਢਾਕਾ ਵਿੱਚ ਖੇਡੇ ਗਏ ਏਸ਼ੀਅਨ ਚੈਂਪੀਅਨਜ਼ ਟਰਾਫੀ ਦੇ ਇਸ ਮੈਚ ਵਿੱਚ ਜਿੱਤ ਨਾਲ ਭਾਰਤ ਦੇ 7 ਅੰਕ ਹੋ ਗਏ ਹਨ। ਭਾਰਤ ਦੀ ਸੈਮੀਫਾਈਨਲ ਤੱਕ ਪਹੁੰਚ ਵੀ ਹੁਣ ਪੱਕੀ ਹੋ ਗਈ ਹੈ। ਇਸ ਦੇ ਨਾਲ ਹੀ ਪਾਕਿਸਤਾਨ ਦੀ ਟੀਮ ਵੀ ਸੈਮੀਫਾਈਨਲ 'ਚ ਪਹੁੰਚ ਸਕਦੀ ਹੈ, ਕਿਉਂਕਿ ਇਸ ਟੂਰਨਾਮੈਂਟ 'ਚ ਸਿਰਫ 5 ਟੀਮਾਂ ਹੀ ਖੇਡ ਰਹੀਆਂ ਹਨ। ਪਾਕਿਸਤਾਨ ਟੀਮ ਦਾ ਹੁਣ 1 ਅੰਕ ਹੈ।
ਹਰਮਨਪ੍ਰੀਤ ਸਿੰਘ ਨੇ ਮੈਚ ਦੇ ਪਹਿਲੇ ਅਤੇ ਚੌਥੇ ਕੁਆਰਟਰ ਵਿੱਚ ਭਾਰਤ ਲਈ ਦੋ ਸ਼ਾਨਦਾਰ ਗੋਲ ਕੀਤੇ। ਇਸ ਖਿਡਾਰੀ ਨੇ ਪੂਰੇ ਮੈਚ ਦੌਰਾਨ ਸ਼ਾਨਦਾਰ ਖੇਡ ਦਿਖਾਈ। ਉਸ ਨੂੰ ਮੈਨ ਆਫ ਦਾ ਮੈਚ ਵੀ ਚੁਣਿਆ ਗਿਆ। ਹਰਮਨਪ੍ਰੀਤ ਤੋਂ ਇਲਾਵਾ ਅਕਾਸ਼ਦੀਪ ਸਿੰਘ ਨੇ ਇੱਕ ਗੋਲ ਕੀਤਾ। ਇਸ ਦੇ ਨਾਲ ਹੀ ਪਾਕਿਸਤਾਨ ਲਈ ਇਕਮਾਤਰ ਗੋਲ ਜੁਨੈਦ ਮਨਜ਼ੂਰ ਨੇ ਕੀਤਾ।