ਕੋਵਿਡ-ਰੋਕੂ ਟੀਕਾਕਰਨ ਲਈ ਦਿਤਾ ਜਾਗਰੂਕਤਾ ਦਾ ਹੋਕਾ
ਮੋਹਾਲੀ/ਮਾਜਰੀ, 12 ਦਸੰਬਰ (ਦੇਸ਼ ਕਲਿੱਕ ਬਿਓਰੋ ) : ‘ਕੋਰੋਨਾ’ ਵਾਇਰਸ ਮਹਾਂਮਾਰੀ ਦੀ ਸੰਭਾਵੀ ਤੀਜੀ ਲਹਿਰ ਤੋਂ ਬਚਾਅ ਵਾਸਤੇ 100 ਫ਼ੀਸਦੀ ਟੀਕਾਕਰਨ ਲਈ ਜਾਗਰੂਕ ਕਰ ਰਹੀ ਵੈਨ ਸਿਹਤ ਬਲਾਕ ਬੂਥਗੜ੍ਹ ਦੇ ਪਿੰਡਾਂ ਖਿਜ਼ਰਾਬਾਦ ਅਤੇ ਚਾਹੜਮਾਜਰਾ ਵਿਚ ਪੁੱਜੀ । ਐਸ. ਐਮ. ਓ ਡਾ. ਜਸਕਿਰਨਦੀਪ ਕੌਰ ਨੇ ਦੱਸਿਆ ਕਿ ਇਸ ਵੈਨ ਰਾਹੀਂ ਜਿਥੇ ਪਿੰਡਾਂ ਦੇ ਲੋਕਾਂ ਨੂੰ ਕੋਰੋਨਾ ਵਾਇਰਸ ਮਹਾਂਮਾਰੀ ਦੇ ਲੱਛਣਾਂ, ਸਾਵਧਾਨੀਆਂ ਅਤੇ ਬਚਾਅ ਬਾਰੇ ਜਾਗਰੂਕ ਕੀਤਾ ਗਿਆ, ਉਥੇ ਟੀਕਾਕਰਨ ਲਈ ਵੀ ਪ੍ਰੇਰਿਤ ਕੀਤਾ ਗਿਆ।
ਉਨ੍ਹਾਂ ਕਿਹਾ ਕਿ ਜਾਗਰੂਕਤਾ ਵੈਨ ਦਾ ਮਕਸਦ ਇਹੋ ਹੈ ਕਿ ਜਿਹੜੇ ਲੋਕਾਂ ਨੇ ਹਾਲੇ ਤਕ ਕੋਵਿਡ-ਰੋਕੂ ਟੀਕਾ ਨਹੀਂ ਲਗਵਾਇਆ, ਉਹ ਛੇਤੀ ਟੀਕਾ ਲਗਵਾਉਣ ਅਤੇ ਜਿਨ੍ਹਾਂ ਨੇ ਦੂਜਾ ਟੀਕਾ ਨਹੀਂ ਲਗਵਾਇਆ, ਉਹ ਵੀ ਬਿਨਾਂ ਦੇਰ ਕੀਤਿਆਂ ਦੂਜਾ ਟੀਕਾ ਲਗਵਾਉਣ। ਉਨ੍ਹਾਂ ਕਿਹਾ ਕਿ ਜੇ ਦੂਜਾ ਟੀਕਾ ਤੈਅ ਸਮੇਂ ’ਤੇ ਨਹੀਂ ਲਗਵਾਇਆ ਜਾਂਦਾ ਤਾਂ ਪਹਿਲਾ ਟੀਕਾ ਲਗਵਾਉਣ ਦਾ ਕੋਈ ਫ਼ਾਇਦਾ ਨਹੀਂ। ਜਦ ਦੋਵੇਂ ਟੀਕੇ ਲੱਗ ਜਾਂਦੇ ਹਨ, ਤਦ ਹੀ ਸਰੀਰ ਅੰਦਰ ਕੋਰੋਨਾ ਮਹਾਂਮਾਰੀ ਨਾਲ ਲੜਨ ਦੀ ਤਾਕਤ ਪੂਰੀ ਤਰ੍ਹਾਂ ਪੈਦਾ ਹੁੰਦੀ ਹੈ। ਉਨ੍ਹਾਂ ਦਸਿਆ ਕਿ ਬਲਾਕ ਦੀਆਂ ਵੱਖ-ਵੱਖ ਸਰਕਾਰੀ ਸਿਹਤ ਸੰਸਥਾਵਾਂ ਵਿਚ ਕੋਵਿਡ ਟੀਕਾਕਰਨ ਬਿਲਕੁਲ ਮੁਫ਼ਤ ਹੋ ਰਿਹਾ ਹੈ। ਲੋਕ ਬਿਨਾਂ ਕਿਸੇ ਅੜਚਨ ਟੀਕਾਕਰਨ ਕਰਵਾ ਸਕਦੇ ਹਨ।
ਉਨ੍ਹਾਂ ਦਸਿਆ ਕਿ ਵੈਨ ਵਿਚ ਸਮੁੱਚੀ ਸੂਚਨਾ, ਸਿਖਿਆ ਅਤੇ ਸੰਚਾਰ (ਆਈ.ਈ.ਸੀ) ਸਮੱਗਰੀ ਮੁਹਈਆ ਕਰਵਾਈ ਗਈ ਹੈ ਅਤੇੇ ਐਲ.ਈ.ਡੀ. ਵੀ ਲਗਾਈ ਗਈ ਹੈ ਜਿਸ ਵਿਚ ਚੱਲਣ ਵਾਲੀ ਫ਼ਿਲਮ ਰਾਹੀਂ ਲੋਕਾਂ ਨੂੰ ਟੀਕਾਕਰਨ ਲਈ ਉਤਸ਼ਾਹਤ ਕੀਤਾ ਗਿਆ ।ਸਿਹਤ ਸਬੰਧੀ ਜਾਣਕਾਰੀ ਲਈ ਸਿਹਤ ਵਿਭਾਗ ਦੀ ਹੈਲਪਲਾਈਨ 104 ’ਤੇ ਸੰਪਰਕ ਕੀਤਾ ਜਾ ਸਕਦਾ ਹੈ। ਇਸ ਮੌਕੇ ਡਾ. ਵਿਕਾਸ ਰਣਦੇਵ, ਹੈਲਥ ਇੰਸਪੈਕਟਰ ਗੁਰਤੇਜ ਸਿੰਘ, ਸੀ. ਐਚ. ਓ ਰਵਿੰਦਰ ਕੌਰ, ਸੁਨੈਨਾ ਸ਼ਰਮਾ ਤੇ ਆਸ਼ਾ ਵਰਕਰ ਮੌਜੂਦ ਸਨl