ਲੁਧਿਆਣਾ: 11 ਦਸੰਬਰ, ਦੇਸ਼ ਕਲਿੱਕ ਬਿਓਰੋ
ਪੰਜਾਬ ਖੇਤੀ ਯੂਨੀਵਰਸਿਟੀ ਚ ਸਾਰੀ ਉਮਰ ਪੰਜਾਬੀ ਭਾਸ਼ਾ ਸਾਹਿੱਤ ਤੇ ਸਭਿਆਚਾਰ ਦੇ ਉਸਰੱਈਏ, ਸਫ਼ਲ ਸੰਪਾਦਕ ਚੰਗੀ ਖੇਤੀ, ਪੱਤਰਕਾਰੀ ਦੇ ਮੌਲਿਕ ਸੋਚ ਉਗਾਉਣ ਵਾਲੇ ਅਧਿਆਪਕ, ਅਧਿਆਪਕ ਜਥੇਬੰਦੀ ਪਾਉਟਾ ਦੇ ਸਾਬਕਾ ਪ੍ਰਧਾਨ,ਮੌਲਿਕ ਸਾਹਿੱਤ ਦੇ ਨਿਵੇਕਲੇ ਆਲੋਚਕ, ਪੰਜਾਬੀ ਸਾਹਿੱਤ ਅਕਾਡਮੀ ਦੇ ਡਾ. ਐਮ ਐਸ ਰੰਧਾਵਾ ਵੇਲੇ ਸਕੱਤਰ ਸਰਗਰਮੀਆਂ, ਲੋਕ ਲਹਿਰਾਂ ਦੇ ਉਸਰੱਈਏ, ਮੂਲਵਾਦ ਦੇ ਮੁੱਢੋਂ ਵਿਰੋਧੀ, ਸਿਆਸੀ ਲੋਕਾਂ ਦੇ ਸਦੀਵ ਸਲਾਹਕਾਰ, ਮੁਹੱਬਤ ਦੇ ਭਰਪੂਰ ਕਟੋਰੇ,ਹਰ ਮਸਲੇ ਤੇ ਨਿਰੰਤਰ ਅਖ਼ਬਾਰਾਂ ਚ ਆਪਣੇ ਵਿਸ਼ੇਸ਼ ਲੇਖ ਲਿਖਣ ਵਾਲੇ,ਪੰਜਾਬੀ ਇਤਿਹਾਸਕ ਨਾਵਲ , ਗੁਰੂ ਨਾਨਕ ਬਾਰੇ ਸੱਚ ਦੀ ਖੋਜ, ਗੁਰੂ ਤੇਗ ਬਹਾਦਰ ਬਾਰੇ ਸੱਚ ਦੀ ਖੋਜ, ਮਾਸਿਕ ਪੱਤਰ ਲੋਕ ਹੱਕ ਦੇ ਸੰਪਾਦਕ, ਹੇਮ ਜਯੋਤੀ ਮੈਗਜ਼ੀਨ ਦੀ ਸੋਚ ਧਾਰਾ ਤਬਦੀਲ ਕਰਨ ਵਾਲੇ, ਮੇਰੇ ਵਰਗਿਆਂ ਨੂੰ ਪੂਰੇ ਪੰਜਾਹ ਸਾਲ ਸਨੇਹ ਪਿਆਰ ਦੇਣ ਵਾਲੇ, ਜੀਵਨ ਸਾਥਣ ਅੰਮ੍ਰਿਤ ਦੁਸਾਂਝ ਦੇ ਨਾਲ ਸ਼ਰਤ ਚੰਦਰ ਦੇ ਨਾਵਲ ਪਾਥੇਰ ਦਾਬੀ ਦਾ ਪੰਜਾਬੀ ਅਨੁਵਾਦ ਪਥ ਦੇ ਦਾਵੇਦਾਰ ਨਾਮ ਹੇਠ ਪ੍ਰਕਾਸ਼ਿਤ ਕਰਨ ਵਾਲੇ, ਪੰਜਾਬ ਖੇਤੀ ਯੂਨੀਵਰਸਿਟੀ ਕਿਸਾਨ ਮੇਲਿਆਂ ਤੇ ਸਾਹਿੱਤ ਲੰਗਰ ਲਾਉਣ ਵਾਲੇ, ਸੰਤ ਰਾਮ ਉਦਾਸੀ ਦੀ ਪ੍ਰਥਮ ਪੁਸਤਕ ਲਹੂ ਭਿੱਜੇ ਬੋਲ ਦੇ ਮੁੱਖਬੰਦ ਲੇਖਕ ਡਾ. ਸੁਰਿੰਦਰ ਸਿੰਘ ਦੁਸਾਂਝ ਅੱਜ ਰਾਤ ਦਿਲ ਦੇ ਦੌਰੇ ਕਾਰਨ ਸਦੀਵੀ ਵਿਛੋੜਾ ਦੇ ਗਏ ਨੇ।
ਡਾ. ਦੁਸਾਂਝ ਦੇ ਸਭ ਤੋਂ ਨਜ਼ਦੀਕੀ ਮਿੱਤਰ ਜਗਜੀਤ ਸਿੰਘ ਘੁੰਗਰਾਣਾ ਨੇ ਚੰਡੀਗੜ੍ਹੋਂ ਫ਼ੋਨ ਤੇ ਦੱਸਿਐ ਕਿ ਅੰਤਿਮ ਸੰਸਕਾਰ ਅੱਜ ਹੀ ਲੁਧਿਆਣਾ ਚ ਹੋਵੇਗਾ।