ਮੁੰਬਈ/4 ਦਸੰਬਰ/ਦੇਸ਼ ਕਲਿਕ ਬਿਊਰੋ:
ਭਾਰਤ ਵਿੱਚ ਓਮੀਕਰੋਨ ਦਾ ਚੌਥਾ ਕੇਸ ਮਹਾਰਾਸ਼ਟਰ ਵਿੱਚ ਪਾਇਆ ਗਿਆ ਹੈ। ਰਾਜ ਦੇ ਸਿਹਤ ਵਿਭਾਗ ਮੁਤਾਬਕ ਮੁੰਬਈ ਨੇੜੇ ਕਲਿਆਣ ਡੋਂਬੀਵਲੀ ਦਾ ਰਹਿਣ ਵਾਲਾ ਇਹ ਵਿਅਕਤੀ ਦੱਖਣੀ ਅਫਰੀਕਾ ਤੋਂ ਵਾਪਸ ਆਇਆ ਸੀ। ਉਸ ਦੀ ਉਮਰ 33 ਸਾਲ ਹੈ। ਇਹ ਵਿਅਕਤੀ ਦੱਖਣੀ ਅਫਰੀਕਾ ਤੋਂ ਦੁਬਈ, ਫਿਰ ਦਿੱਲੀ ਅਤੇ ਉਥੋਂ ਮੁੰਬਈ ਆਇਆ। ਇਸ ਤੋਂ ਪਹਿਲਾਂ ਦੋ ਕੇਸ ਕਰਨਾਟਕ ਅਤੇ ਇਕ ਗੁਜਰਾਤ ਵਿੱਚ ਸਾਹਮਣੇ ਆ ਚੁੱਕੇ ਹਨ।
ਛੇ ਰਾਜਾਂ ਵਿੱਚ ਕਰੋਨਾ ਨਾਲ ਸੰਕਰਮਣ ਅਤੇ ਮੌਤ ਦੀ ਹਫਤਾਵਾਰੀ ਦਰ ਵਿੱਚ ਵਾਧੇ ਨੇ ਕੇਂਦਰ ਨੂੰ ਚਿੰਤਤ ਕਰ ਦਿੱਤਾ ਹੈ। ਸਰਕਾਰ ਨੇ ਕੇਰਲ, ਕਰਨਾਟਕ, ਤਾਮਿਲਨਾਡੂ, ਉੜੀਸਾ, ਮਿਜ਼ੋਰਮ ਅਤੇ ਜੰਮੂ-ਕਸ਼ਮੀਰ ਨੂੰ ਪੱਤਰ ਲਿਖ ਕੇ ਚੌਕਸੀ ਵਧਾਉਣ ਦੇ ਨਿਰਦੇਸ਼ ਦਿੱਤੇ ਹਨ।ਕੇਂਦਰੀ ਸਿਹਤ ਸਕੱਤਰ ਰਾਜੇਸ਼ ਭੂਸ਼ਣ ਨੇ ਅੱਜ ਸ਼ਨੀਵਾਰ ਨੂੰ ਕਿਹਾ ਕਿ ਸਾਰੇ ਰਾਜਾਂ ਨੂੰ ਚੌਕਸ ਰਹਿਣ ਲਈ ਕਿਹਾ ਗਿਆ ਹੈ। ਅੰਤਰਰਾਸ਼ਟਰੀ ਯਾਤਰੀਆਂ ਨੂੰ ਨਵੇਂ ਓਮੀਕਰੋਨ ਵੇਰੀਐਂਟ ਦੇ ਖਤਰੇ 'ਤੇ ਵਿਸ਼ੇਸ਼ ਧਿਆਨ ਦੇਣ ਲਈ ਕਿਹਾ ਗਿਆ ਹੈ।