ਤੁੰ ਪੁੱਛਿਆ ਹੈ ਤਾਂ ਸੁਣ
ਗੁਰਭਜਨ ਗਿੱਲ
ਦੂਰ ਵੱਸਦਿਆ ਮਹਿੰਗਿਆ ਯਾਰਾ!
ਤੂੰ ਪੁੱਛਿਆ ਹੈ
ਤੈਨੂੰ ਚੋਣਾਂ ਨੇੜੇ ਧਿਰਾਂ ਬਦਲਦੇ
ਸਿਆਸਤਦਾਨ ਕਿਹੋ ਜਹੇ ਲੱਗਦੇ?
ਤੂੰ ਪੁੱਛਿਆ ਹੈ ਤਾਂ ਸੁਣ
ਬਿਲਕੁਲ ਉਹੋ ਜਹੇ
ਜਿਵੇਂ ਪਿੰਡ ਰਹਿੰਦਿਆਂ ਕੱਚੇ ਘਰੀਂ
ਰਾਤ ਪੈਂਦਿਆਂ ਮੰਜਿਆਂ ਥੱਲੇ
ਚੂਹੇ ਭੱਜੇ ਫਿਰਦੇ ਸਨ ਵਾਹੋਦਾਹੀ
ਇੱਕ ਦੂਸਰੇ ਤੋਂ ਕਾਹਲੇ ਅੱਗੇ ਪਿੱਛੇ
ਰੋਟੀਆਂ ਦਾ ਭੋਰ ਚੋਰ
ਭੜੋਲੀਉਂ ਕਿਰਿਆ ਦਾਣਾ
ਜਾਂ ਖਾਣ ਪੀਣ ਲਈ ਕੁਝ ਲੱਭਦੇ
ਵਿੱਚੇ ਚਕੂੰਦਰਾਂ ਤੁਰੀਆਂ ਫਿਰਦੀਆਂ
ਜਿਥੋਂ ਲੰਘਦੀਆਂ
ਬਦਬੂ ਦੀ ਲਕੀਰ ਛੱਡ ਜਾਂਦੀਆਂ।
ਕਦੇ ਕੁੜਿੱਕੀ ‘ਚ ਨਾ ਆਉਂਦੀਆਂ।
ਚਕੂੰਦਰਾਂ ਚੂਹੇ
ਬਾਹਰ ਨਿਕਲਦੇ ਤਾਂ
ਇਨ੍ਹਾਂ ਨੂੰ ਬਿੱਲੀਆਂ ਮੁਕਾਉਂਦੀਆਂ
ਪਰ ਹੁਣ ਤਾਂ ਬਿੱਲੀਆਂ ਵੀ
ਕੁਰਸੀਆਂ ਦੇ ਲੋਭ ਵਿੱਚ
ਵੇਖ ਕੇ ਅਣਡਿੱਠ ਕਰਦੀਆਂ।
ਕੁੜਿੱਕੀਆਂ ਵੀ
ਰੰਗ ਨਸਲ ਜ਼ਾਤ ਮੁਤਾਬਕ
ਸ਼ਿਕਾਰ ਕਰਦੀਆਂ ਨੇ ਬੇਸ਼ਰਮ!
ਸਕੱਤਰੇਤ ਦੀਆਂ ਘੁੰਮਣਹਾਰ ਕੁਰਸੀਆਂ
ਯੂਨੀਵਰਸਿਟੀਆਂ ਕਾਲਜਾਂ ਦੇ
ਪੁਰਾਣੇ ਬੂਟ ਤੇ ਨੈਕਟਾਈਆਂ
ਮੰਡੀ ਚ ਵਿਕਾਊ
ਚੌਂਕ ਵਿੱਚ ਆ ਬੈਠੀਆਂ।
ਤੈਨੂੰ ਯਾਦ ਹੈ ਨਾ!
ਜਦ ਆਪਾਂ ਪੜ੍ਹਦੇ ਹੁੰਦੇ ਸੀ
ਮਜ਼ਦੂਰ ਆਉਂਦੇ ਸਨ ਸਵੇਰ ਸਾਰ
ਦਿਹਾੜੀ ਲੱਭਣ ਲੁਧਿਆਣੇ।
ਉਹ ਤਾਂ ਮਜਬੂਰ ਸਨ ਟੱਬਰ ਪਾਲਦੇ
ਪਰ ਇਹ ਤਾਂ ਭੁੱਖੜ
ਆਫਰੀਆਂ ਉਹ ਬੋਰੀਆਂ
ਜਿੰਨ੍ਹਾਂ ਦਾ ਥੱਲਾ ਵੱਢਿਆ ਹੋਇਆ
ਕਦੇ ਨਾ ਭਰਦੀਆਂ।
ਕਾਹਲੀਆਂ ਹਨ
ਪਿਛਲੀ ਉਮਰੇ
ਲੋਕ ਸੇਵਾ ਦੇ ਬੁਖ਼ਾਰ ਨਾਲ।
ਕੋਈ ਨਾ ਪੁੱਛਦਾ
ਹੁਣ ਤੀਕ ਕਿੱਥੇ ਸੀ ਜਨਾਬ!
ਕੀ ਦੱਸਾਂ ਭਰਾਵਾ!
ਹੁਣ ਤਾਂ ਕੋਈ ਸ਼ਨਾਸ ਹੀ ਨਹੀਂ ਰਹੀ
ਕਦੇ ਲਵੇਰਾ ਖ਼ਰੀਦਣ ਲੱਗਿਆਂ ਵੀ
ਮੇਰੇ ਅਨਪੜ੍ਹ ਬਾਪੂ ਜੀ ਵੀ
ਪੁੱਛ ਲੈਂਦੇ ਸਨ
ਇਸ ਥੱਲੇ ਪਿਛਲੇ ਸੂਏ
ਕਿੰਨੀਆਂ ਗੜਵੀਆਂ ਦੁੱਧ ਸੀ।
ਹੁਣ ਤਾਂ ਚੋਪੜੇ ਸਿੰਗਾਂ,
ਗਲ਼ ਪਏ ਮਣਕਿਆਂ
ਤੇ ਤੇਲ ਨਾਲ ਲਿਸ਼ਕੰਦੜੇ ਚੰਮ ਸਣੇ
ਧਲਿਆਰਿਆਂ ਦਾ ਮੁੱਲ ਪੈਂਦਾ ਹੈ।
ਕੰਮ ਨੂੰ ਕੌਣ ਪੁੱਛਦਾ ਹੈ।
ਇਹ ਲੋਕ ਸਮਝ ਗਏ ਨੇ
ਕਿ ਕੁਰਸੀ ਕਿਵੇਂ ਕੀਲਣੀ ਹੈ।
ਕਿਸ ਵਕਤ ਕਿਹੜੀ ਝਾਂਜਰ
ਕਿੱਥੇ ਛਣਕਾਉਣੀ ਹੈ।
ਭੋਲ਼ੀ ਜਨਤਾ ਕਿਵੇਂ ਭਰਮਾਉਣੀ ਹੈ।
ਸਕੱਤਰੇਤ ਨੂੰ ਪੌੜੀ ਕਿਵੇਂ
ਕਦੋਂ ਕਿੱਥੇ ਲਾਉਣੀ ਹੈ?
ਦਸਤਾਰ ਇਨ੍ਹਾਂ ਲਈ
ਨਾਟਕੀ ਕਿਰਦਾਰ ਨਿਭਾਉਣ ਲਈ
ਵੇਸ ਭੂਸ਼ਾ ਜਿਹਾ ਸਮਾਨ ਹੈ।
ਅਜਬ ਮੌਸਮ ਹੈ
ਪਤਾ ਹੀ ਨਹੀਂ ਲੱਗਦਾ
ਬਈ ਅਸੀਂ ਹੀ ਬਹੁਤੇ ਕਮਲ਼ੇ ਹਾਂ
ਜਾਂ ਇਹੀ ਬਹੁਤ ਸਿਆਣੇ ਨੇ
ਜੋ ਚੋਣਾਂ ਵਾਲੇ ਸਾਲ ਚ
ਕਦੇ ਅਯੁੱਧਿਆ ਮੰਦਰ,
ਕਦੇ ਦਿੱਲੀ ਦੰਗੇ,
ਹਰਿਮੰਦਰ ਸਾਹਿਬ ਹਮਲਾ
ਇਸ਼ਟ ਦੇ ਖਿੱਲਰੇ
ਪਵਿੱਤਰ ਅੰਗਾਂ ਦਾ ਦਰਦ
ਪਿੰਡੋ ਪਿੰਡ ਲਈ ਫਿਰਦੇ ਨੇ।
ਵੇਚ ਵੱਟ ਕੇ ਫਿਰ ਸੌਂ ਜਾਂਦੇ ਨੇ।
ਤੂੰ ਪੁੱਛਿਆ ਹੈ ਤਾਂ ਸੁਣ
ਹੁਣ ਤੂੰ ਤਾਂ ਸੌਂ ਜਾਵੇਂਗਾ
ਖ਼ੁਮਾਰ ਪਿਆਲਾ ਪੀਣ ਸਾਰ।
ਤੇਰੇ ਵਤਨ ਤਾਂ ਰਾਤ ਹੈ,
ਪਰ ਸਾਡੇ ਪਿੰਡ
ਦਿਨ ਰਾਤ ਇੱਕੋ ਜਿਹਾ ਘਸਮੈਲਾ।